ਮਿੱਡ-ਡੇਅ ਮੀਲ ਵਰਕਰਜ਼ ਯੂਨੀਅਨ ਨੇ ਸੰਘਰਸ਼ ਨੂੰ ਤੇਜ਼ ਕਰਦਿਆਂ 20 ਅਕਤੂਬਰ ਤੋਂ 10 ਨਵੰਬਰ ਤੱਕ ਜ਼ਿਲ੍ਹਾ ਪੱਧਰੀ ਰੋਸ ਰੈਲੀਆਂ ਦਾ ਪ੍ਰੋਗਰਾਮ ਉਲੀਕਿਆ ਹੈ। ਇਸ ਤਹਿਤ ਮਿੱਡ-ਡੇਅ ਮੀਲ ਵਰਕਰਜ਼ ਯੂਨੀਅਨ ਵਲੋਂ ਜ਼ਿਲ੍ਹਾ ਪ੍ਰਧਾਨ ਆਸ਼ਾ ਰਾਣੀ ਦੀ ਅਗਵਾਈ ਹੇਠ ਸ਼ਹੀਦ ਊਧਮ ਸਿੰਘ ਪਾਰਕ ਵਿਚ ਰੋਸ ਰੈਲੀ ਕੀਤੀ ਗਈ। ਇਸ ਮੌਕੇ ਬੋਲਦਿਆਂ ਜਥੇਬੰਦੀ ਦੀ ਸੂਬਾ ਜਨਰਲ ਸਕੱਤਰ ਕਮਲਜੀਤ ਕੌਰ ਨੇ ਕਿਹਾ ਕਿ ਮੌਜੂਦਾ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗ ਮੁਲਾਜ਼ਮ ਵਿਰੋਧੀ ਨੀਤੀਆਂ ਨੂੰ ਲਾਗੂ ਕਰਨ ਤੋਂ ਪਿੱਛੇ ਨਹੀਂ ਹੱਟ ਰਹੀ।
ਪ ਸ ਸ ਫ ਆਗੂ ਇੰਦਰਜੀਤ ਵਿਰਦੀ, ਪੈਨਸ਼ਨਰ ਆਗੂ ਮਨਜੀਤ ਸੈਣੀ, ਸੁਨੀਲ ਸ਼ਰਮਾ ਅਤੇ ਜੀ ਟੀ ਯੂ ਆਗੂ ਵਿਕਾਸ ਅਰੋੜਾ ਨੇ ਕਿਹਾ ਕਿ ਮੌਜੂਦਾ ਸਰਕਾਰ ਵਲੋਂ ਪਿਛਲੇ ਚਾਰ ਸਾਲਾਂ ਦੌਰਾਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਕਿਸੇ ਵੀ ਮੰਗ ਨੂੰ ਹੱਲ ਨਹੀਂ ਕੀਤਾ ਗਿਆ ਅਤੇ ਮੁੱਖ ਮੰਤਰੀ ਵਲੋਂ ਤਾਂ ਜਥੇਬੰਦੀਆਂ ਨਾਲ ਮੀਟਿੰਗ ਵੀ ਨਹੀਂ ਕੀਤੀ ਜਾ ਰਹੀ। ਜੱਥੇਬੰਦੀ ਦੀਆਂ ਆਗੂਆਂ ਇੰਦਰਜੀਤ ਕੌਰ, ਸੀਮਾ ਰਾਣੀ, ਅਮਰਵੀਰ ਕੌਰ ਤੇ ਕੁਲਵੀਰ ਕੌਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਮਿੱਡ-ਡੇਅ ਮੀਲ ਵਰਕਰਾਂ ਨੂੰ ਪੂਰੇ ਸਕੇਲਾਂ ਵਿੱਚ ਰੈਗੂਲਰ ਕੀਤਾ ਜਾਵੇ, ਮਿੱਡ-ਡੇਅ ਮੀਲ ਵਰਕਰਾਂ ਨੂੰ ਪਛਾਣ ਪੱਤਰ ਅਤੇ ਵਰਦੀਆਂ ਦਿੱਤੀਆਂ ਜਾਣ, ਅਚਨਚੇਤ, ਮੈਡੀਕਲ, ਪ੍ਰਸੂਤਾ ਅਤੇ ਕਮਾਈ ਛੁੱਟੀ ਤਨਖਾਹ ਸਮੇਤ ਦਿੱਤੀ ਜਾਵੇ, ਹਰੇਕ ਸਕੂਲ ਵਿੱਚ ਘੱਟੋ-ਘੱਟ ਦੋ ਵਰਕਰਾਂ ਰੱਖੀਆਂ ਜਾਣ, ਮੁਫ਼ਤ ਬੀਮਾ ਕੀਤਾ ਜਾਵੇ, ਮਿੱਡ-ਡੇਅ ਮੀਲ ਦੇ ਕੰਮ ਤੋਂ ਇਲਾਵਾ ਜ਼ਬਰਦਸਤੀ ਹੋਰ ਕੋਈ ਕੰਮ ਨਾ ਲਿਆ ਜਾਵੇ, ਸੇਵਾ ਮੁਕਤੀ ਦੀ ਉਮਰ 65 ਸਾਲ ਰੱਖੀ ਜਾਵੇ। ਇਸ ਮੌਕੇ ਮਾਰਚ ਕਰਕੇ ਬੱਸ ਸਟੈਂਡ ਚੌਕ ਵਿੱਚ ਪੰਜਾਬ ਸਰਕਾਰ ਦੀ ਅਰਥੀ ਫੂਕੀ ਅਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਅਮਰੀਕ ਸਿੰਘ, ਪਵਨ ਕੁਮਾਰ, ਰਾਜਦੀਪ ਸਿੰਘ, ਕੇਵਲ ਤੱਖੀ, ਪ੍ਰਭਜੋਤ ਸਿੰਘ, ਕੁਲਜੀਤ ਬੰਗੜ ਆਦਿ ਹਾਜ਼ਰ ਸਨ।

