ਭੋਆ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ’ਚ ਮੈਡੀਕਲ ਕੈਂਪ
ਲੋਕਾਂ ਨੇ ਪ੍ਰਾਪਤ ਕੀਤੀਆਂ ਸਿਹਤ ਸੇਵਾਵਾਂ; ਕੈਬਨਿਟ ਮੰਤਰੀ ਕਟਾਰੂਚੱਕ ਵੱਲੋਂ ਜਾਇਜ਼ਾ
ਵਿਧਾਨ ਸਭਾ ਹਲਕਾ ਭੋਆ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਮੰਝੀਰੀ ਜੱਟਾਂ, ਫਰਵਾਲ, ਬਸਾਊ ਬਾੜਵਾਂ ਅਤੇ ਰਮਕਾਲਮਾਂ ਵਿੱਚ ਲਗਾਏ ਮੈਗਾ ਮੈਡੀਕਲ ਕੈਂਪਾਂ ਵਿੱਚ ਵੱਡੀ ਗਿਣਤੀ ਲੋਕਾਂ ਨੇ ਸਿਹਤ ਸੇਵਾਵਾਂ ਪ੍ਰਾਪਤ ਕੀਤੀਆਂ। ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕੈਂਪਾਂ ਦਾ ਜਾਇਜ਼ਾ ਲਿਆ ਅਤੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਣ ਲਈ ਜਾਗਰੂਕ ਕੀਤਾ। ਇਸ ਮੌਕੇ ਬਲਾਕ ਪ੍ਰਧਾਨ ਸੂਬੇਦਾਰ ਕੁਲਵੰਤ ਸਿੰਘ, ਸੁਰਜੀਤ ਸਿੰਘ ਲਵਲੀ ਤੇ ਸੰਦੀਪ ਕੁਮਾਰ, ਯੂਥ ਪ੍ਰਧਾਨ ਭੋਆ ਤਰਸੇਮ, ਹੈਰੀ, ਸਾਹਿਲ ਰਮਕਾਲਮਾਂ, ਮੁਨੀਸ਼ ਗੁਪਤਾ ਸਰਪੰਚ (ਬਮਿਆਲ), ਦਲਬੀਰ ਸਿੰਘ ਫਰਵਾਲ, ਰੋਸ਼ਨ ਲਾਲ ਭਗਤ ਜ਼ਿਲ੍ਹਾ ਪ੍ਰਧਾਨ ਐੱਸ ਸੀ ਵਿੰਗ, ਮੁਕੇਸ਼ ਸ਼ਰਮਾ, ਸਰੋਜ ਬਾਲਾ ਸਰਪੰਚ (ਰਮਕਾਲਮਾਂ), ਸੋਹਣ ਲਾਲ ਸ਼ਾਹਪੁਰਕੰਡੀ ਆਦਿ ਵੀ ਹਾਜ਼ਰ ਸਨ। ਇਸ ਮੌਕੇ ਕੈਬਨਿਟ ਮੰਤਰੀ ਕਟਾਰੂਚੱਕ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਭੋਆ ਦੇ ਬਹੁਤ ਸਾਰੇ ਖੇਤਰ ਅੰਦਰ ਹੜ੍ਹਾਂ ਦੀ ਕੁਦਰਤੀ ਮਾਰ ਹੇਠ ਵੱਡਾ ਖੇਤਰ ਪ੍ਰਭਾਵਿਤ ਹੋਇਆ ਅਤੇ ਲੋਕ ਹੁਣ ਹੌਲੀ-ਹੌਲੀ ਇੰਨ੍ਹਾਂ ਹੜ੍ਹਾਂ ਦੀ ਮਾਰ ਤੋਂ ਬਾਹਰ ਆ ਰਹੇ ਹਨ। ਹੜ੍ਹਾਂ ਤੋਂ ਬਾਅਦ ਅਕਸਰ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਇਸ ਲਈ ਪਿੰਡਾਂ ਅੰਦਰ ਲਗਾਤਾਰ ਮੈਡੀਕਲ ਕੈਂਪ ਲਗਾ ਕੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਮੁਫਤ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੜ੍ਹਾਂ ਤੋਂ ਬਾਅਦ ਡੇਂਗੂ, ਡਾਇਰੀਆ ਆਦਿ ਬਿਮਾਰੀਆਂ ਨਾ ਫੈਲਣ ਸਪਰੇਅ ਅਤੇ ਫੌਗਿੰਗ ਕਰਵਾਈ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੈਰਾ ਮੈਡੀਕਲ ਟੀਮਾਂ ਘਰ-ਘਰ ਪਹੁੰਚ ਕੇ ਲੋਕਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਸਾਫ਼-ਸਫ਼ਾਈ ਬਣਾਈ ਰੱਖਣ ਲਈ ਜਾਗਰੂਕ ਵੀ ਕਰ ਰਹੀਆਂ ਹਨ।