DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ਹੀਦੀ ਪੁਰਬ: ਨਗਰ ਕੀਰਤਨਾਂ ਦਾ ਨਿੱਘਾ ਸਵਾਗਤ

ਜਲੰਧਰ ’ਚ ਪੁਲੀਸ ਵੱਲੋਂ ‘ਗਾਰਡ ਆਫ ਆਨਰ’ ਨਾਲ ਸਨਮਾਨ

  • fb
  • twitter
  • whatsapp
  • whatsapp
featured-img featured-img
ਸ੍ਰੀ ਦਰਬਾਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਸਮਰਪਿਤ ਸਜਾਇਆ ਨਗਰ ਕੀਰਤਨ। ਫੋਟੋ: ਏ ਐੱਨ ਆਈ
Advertisement

ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਤਿਹਾੜੇ ਨੂੰ ਸਮਰਪਿਤ ਗੁਰਦਾਸਪੁਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਆਰੰਭ ਹੋਇਆ ਨਗਰ ਕੀਰਤਨ ਬੀਤੀ ਦੇਰ ਰਾਤ ਜਲੰਧਰ ‘ਚ ਪੁੱਜਿਆ। ਅੱਜ ਸਵੇਰੇ 8 ਵਜੇ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਪੁੱਜਿਆ ਜਿਥੇ ਸੰਗਤ ਵੱਲੋਂ ਸਵਾਗਤ ਕੀਤਾ ਗਿਆ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤੇਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਸਤਪਾਲ ਸਿੰਘ ਸਿੱਦੀਕੀ, ਹਰਜੋਤ ਸਿੰਘ ਲੱਕੀ ਆਦਿ ਵਲੋਂ ਪੁਲੀਸ ਅਲੀ ਮੁਹੱਲਾ ਵਿੱਚ ਸਵਾਗਤ ਕੀਤਾ ਗਿਆ। ਉਪਰੰਤ ਗੁਰੂ ਨਾਨਕ ਮਿਸ਼ਨ ਚੌਕ ਵਿਖੇ ਪ੍ਰਧਾਨ ਗੁਰਬਖਸ਼ ਸਿੰਘ ਜੁਨੇਜਾ ਦੀ ਅਗਵਾਈ ਵਿਚ ਸਵਾਗਤ ਕੀਤਾ ਗਿਆ। ਗੁਰੂ ਨਾਨਕ ਮਿਸ਼ਨ ਚੌਕ ਵਿੱਚ ਪੁਲੀਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗਾਰਡ ਆਫ ਆਨਰ ਦਿੱਤਾ।

ਫਗਵਾੜਾ (ਪੱਤਰ ਪ੍ਰੇਰਕ): ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਗੁਰਦਾਸਪੁਰ ਤੋਂ ਸਜਾਇਆ ਗਿਆ ਨਗਰ ਕੀਰਤਨ ਅੱਜ ਜਲੰਧਰ ਤੋਂ ਫਗਵਾੜਾ ਪੁੱਜਾ ਜਿੱਥੇ ਹਜ਼ਾਰਾਂ ਦੀ ਗਿਣਤੀ ’ਚ ਸੰਗਤ ਨੇ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ। ਜਲੰਧਰ-ਕਪੂਰਥਲਾ ਜ਼ਿਲ੍ਹੇ ਦੀ ਹੱਦ ਵਿੱਚ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਹਲਕਾ ਇੰਚਾਰਜ ਹਰਨੂਰ ਸਿੰਘ ਹਰਜੀ ਮਾਨ, ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ, ਐੱਸ ਐੱਸ ਪੀ ਗੌਰਵ ਤੂਰਾ ਤੇ ਵੱਡੀ ਗਿਣਤੀ ’ਚ ਨੇੜਲੇ ਪਿੰਡਾਂ ਦੀ ਸੰਗਤ ਨੇ ਨਗਰ ਕੀਰਤਨ ਦਾ ਸੁਆਗਤ ਕੀਤਾ।

Advertisement

ਕਾਦੀਆਂ (ਨਿੱਜੀ ਪੱਤਰ ਪ੍ਰੇਰਕ): ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਰੇਲਵੇ ਰੋਡ ਕਾਦੀਆਂ ਤੋਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਸਤਾਬਦੀ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ। ਨਗਰ ਕੀਰਤਨ ਗੁਰਦੁਆਰਾ ਤੋਂ ਆਰੰਭ ਹੋ ਕੇ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਅਤੇ ਧਾਰਮਿਕ ਅਸਥਾਨਾਂ ਤੋਂ ਹੁੰਦਾ ਹੋਇਆ ਵਾਪਸ ਆਰੰਭਿਕ ਸਥਾਨ ’ਤੇ ਸਮਾਪਤ ਹੋਇਆ।

Advertisement

ਦਸੂਹਾ (ਪੱਤਰ ਪ੍ਰੇਰਕ): ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਚਾਰ ਵਿਸ਼ਾਲ ਨਗਰ ਕੀਰਤਨਾਂ ਵਿੱਚੋਂ ਸ੍ਰੀਨਗਰ ਤੋਂ ਆਰੰਭ ਹੋਇਆ ਨਗਰ ਕੀਰਤਨ ਪਠਾਨਕੋਟ, ਮੁਕੇਰੀਆਂ ਤੋਂ ਹੁੰਦਾ ਹੋਇਆ ਦਸੂਹਾ ਪਹੁੰਚਿਆ ਜਿਥੇ ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਦੀ ਅਗਵਾਈ ਹੇਠ ਸੰਗਤ ਵੱਲੋਂ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਕਰਕੇ ਨਾਲ ਕੀਤਾ ਗਿਆ। ਨਗਰ ਕੀਰਤਨ ਦੇ ਸਵਾਗਤ ਲਈ ਜਿਥੇ ਸਵਾਗਤੀ ਗੇਟ ਬਣਾਏ ਗਏ ਸਨ ਉਥੇ ਹੀ ਸੜਕਾਂ ਨੂੰ ਫੁੱਲਾਂ ਨਾਲ ਸ਼ਿੰਗਾਰਿਆ ਗਿਆ। ਵਿਧਾਇਕ ਘੁੰਮਣ ਤੇ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਸ਼ਰਧਾ ਨਾਲ ਸਵਾਗਤ ਕੀਤਾ ਅਤੇ ਗੁਰੂ ਚਰਨਾਂ ਵਿਚ ਮੱਥਾ ਟੇਕਿਆ। ਇਸ ਦੌਰਾਨ ਪੰਜ ਪਿਆਰਿਆਂ ਅਤੇ ਪ੍ਰਮੁੱਖ ਸ਼ਖਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ।

ਤਰਨ ਤਾਰਨ (ਪੱਤਰ ਪ੍ਰੇਰਕ): ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅੱਜ ਜਿਲ੍ਹੇ ਅੰਦਰ ਤਿੰਨ ਸਥਾਨਾਂ ਤੇ ਵਿਸ਼ੇਸ਼ ਕੀਰਤਨ ਸਮਾਗਮ ਕਰਵਾਏ ਗਏ। ਡਿਪਟੀ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂਸਰ ਸਾਹਿਬ, ਖੇਮਕਰਨ, ਗੁਰਦੁਆਰਾ ਸ੍ਰੀ ਤਪਿਆਣਾ ਸਾਹਿਬ, ਖਡੂਰ ਸਾਹਿਬ ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਤਰਨ ਤਾਰਨ ਵਿਖੇ ਕੀਰਤਨ ਕੀਤੇ ਗਏ| ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਭਲਕੇ ਐਤਵਾਰ ਨੂੰ ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ, ਚੋਹਲਾ ਸਾਹਿਬ ਵਿਖੇ ਵੀ ਇਕ ਵਿਸ਼ਾਲ ਕੀਰਤਨ ਸਮਾਗਮ ਹੋਵੇਗਾ। ਖੇਮਕਰਨ ਦੇ ਗੁਰਦੁਆਰਾ ਵਿਖੇ ਕੀਤੇ ਸਮਾਗਮ ਵਿੱਚ ਹਲਕਾ ਵਿਧਾਇਕ ਸਰਵਣ ਸਿੰਘ ਧੁੰਨ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਵੀ ਹਾਜ਼ਰੀਆਂ ਭਰੀਆਂ|

ਅੰਮ੍ਰਿਤਸਰ ਤੋਂ ਦਿੱਲੀ ਲਈ ਨਗਰ ਕੀਰਤਨ ਰਵਾਨਾ

ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਸੰਤ ਖਾਲਸਾ ਇੰਟਰਨੈਸ਼ਨਲ ਫਾਊਂਡੇਸ਼ਨ ਗੁਰਦੁਆਰਾ ਗੁਰਸਾਗਰ ਸਾਹਿਬ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਆਰੰਭ ਕੀਤਾ ਗਿਆ। ਇਹ ਸਮਾਗਮ ਫਾਊਂਡੇਸ਼ਨ ਦੇ ਚੇਅਰਮੈਨ ਬਾਬਾ ਪ੍ਰਿਤਪਾਲ ਸਿੰਘ ਸੁਖਨਾ ਝੀਲ ਚੰਡੀਗੜ੍ਹ ਵਾਲਿਆਂ ਦੀ ਪ੍ਰੇਰਨਾ ਨਾਲ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਕਰਤਾਰ ਆਸਰਾ ਟਰਸਟ ਦੀ ਚੇਅਰਮੈਨ ਮਾਤਾ ਚਰਨ ਕਮਲ ਕੌਰ, ਭਾਈ ਤੇਜੇਸ਼ਵਰ ਪ੍ਰਤਾਪ ਸਿੰਘ ਦੇ ਸਹਿਯੋਗ ਨਾਲ ਕਰਵਾਇਆ ਗਿਆ ਹੈ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸ਼ਹੀਦੀ ਸਮਾਗਮਾਂ ਨੂੰ ਸਮਰਪਿਤ ਇਹ ਨਗਰ ਕੀਰਤਨ ਅੱਜ ਅੰਮ੍ਰਿਤਸਰ ਤੋਂ ਆਰੰਭ ਹੋਇਆ ਹੈ, ਜੋ ਹੁਣ ਆਨੰਦਪੁਰ ਸਾਹਿਬ, ਚੰਡੀਗੜ੍ਹ ਅਤੇ ਹੋਰਨਾਂ ਇਤਿਹਾਸਕ ਸਥਾਨਾਂ ਤੋਂ ਹੁੰਦਾ ਹੋਇਆ ਦਿੱਲੀ ਵਿੱਚ ਗੁਰਦੁਆਰਾ ਸ੍ਰੀ ਰਕਾਬ ਗੰਜ ਵਿਖੇ ਸਮਾਪਤ ਹੋਵੇਗਾ। ਸਮਾਪਤੀ ਵੇਲੇ 27 ਨਵੰਬਰ ਨੂੰ ਗੁਰਦੁਆਰਾ ਸਾਹਿਬ ਦੇ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਰਾਤ ਦੇ ਦੀਵਾਨ ਸਜਾਏ ਜਾਣਗੇ। ਭਾਈ ਮਨਜੀਤ ਸਿੰਘ ਮੈਂਬਰ ਐੱਸ ਜੀ ਪੀ ਸੀ ਅਤੇ ਫੈਡਰੇਸ਼ਨ ਸਰਪ੍ਰਸਤ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਦਾ ਇਨਕਲਾਬ ਦਸਦਿਆਂ ਗੁਰ ਇਤਿਹਾਸ ਅਤੇ ਸ਼ਹਾਦਤਾਂ ’ਤੇ ਚਾਨਣ ਪਾਇਆ| ਭਾਈ ਕੰਵਰ ਚੜ੍ਹਤ ਸਿੰਘ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਸ਼ਹੀਦ ਹੋਏ ਸਿੱਖਾਂ ਦੀ ਕੁਰਬਾਨੀ ਨੂੰ ਸਿਜਦਾ ਕਰਦਿਆਂ ਨੌਜਵਾਨਾਂ ਨੂੰ ਗੁਰਬਾਣੀ ਅਤੇ ਆਪਣੇ ਵਿਲੱਖਣ ਇਤਿਹਾਸ ਦੇ ਨਾਲ ਜੁੜਨ ਦੇ ਲਈ ਪ੍ਰੇਰਿਆ| ਰਾਜਾ ਸਿੰਘ ਤੇ ਜਗਜੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਸਮਾਗਮਾਂ ਵਿਚ ਦੇਸ਼ ਭਰ ਦੀਆਂ ਸੰਗਤਾ ਹਿੱਸਾ ਲੈਣਗੀਆਂ। 7 ਦਿਨਾਂ ਦੇ ਇਸ ਵਿਸ਼ਾਲ ਸਮਾਗਮ ਦੌਰਾਨ ਰਾਗੀਆਂ, ਢਾਡੀਆਂ ਅਤੇ ਕਥਾ ਵਾਚਕਾਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਅਤੇ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਇਤਿਹਾਸ ਅਤੇ ਗੁਰਬਾਣੀ ਉਪਦੇਸ਼ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ।

Advertisement
×