ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਸਾਈਕਲ ਯਾਤਰਾ 15 ਨਵੰਬਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਤੋਂ ਆਰੰਭ ਹੋ ਕੇ ਉਨ੍ਹਾਂ ਦੇ ਜਨਮ ਅਸਥਾਨ ਗੁਰਦੁਆਰਾ ਗੁਰੂ ਕਾ ਮਹਿਲ, ਅੰਮ੍ਰਿਤਸਰ ਤੱਕ ਪੁੱਜੇਗੀ। ਇਨ੍ਹਾਂ ਪੰਜ ਦਿਨਾਂ ਦੌਰਾਨ ਸਾਈਕਲ ਸਵਾਰ ਦਿੱਲੀ, ਹਰਿਆਣਾ ਤੇ ਪੰਜਾਬ ਸੂਬੇ ‘ਚ ਕ੍ਰਮਵਾਰ ਰੋਜ਼ਾਨਾ ਲਗਭਗ 100 ਕਿਲੋਮੀਟਰ ਦਾ ਸਫ਼ਰ ਤੈਅ ਕਰਨਗੇ ।
ਇਹ ਯਾਤਰਾ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਅਤੇ ਸਾਥੀਆਂ ਵੱਲੋਂ ਕੀਤਾ ਜਾ ਰਿਹਾ ਹੈ। ਜੀ ਕੇ ਨੇ ਦੱਸਿਆ ਕਿ 15 ਨਵੰਬਰ ਨੂੰ ਸਾਈਕਲ ਯਾਤਰਾ ਦੀ ਸ਼ੁਰੂਆਤ ਗੁਰਦੁਆਰਾ ਸੀਸ ਗੰਜ ਸਾਹਿਬ, ਦਿੱਲੀ ਤੋਂ ਹੋਵੇਗੀ ਤੇ ਰਾਤਰੀ ਵਿਸ਼ਰਾਮ ਪਾਣੀਪਤ ਵਿਖੇ ਹੋਵੇਗਾ। 16 ਨਵੰਬਰ ਨੂੰ ਪਾਣੀਪਤ ਤੋਂ ਚੱਲ ਕੇ ਰਾਤਰੀ ਵਿਸ਼ਰਾਮ ਅੰਬਾਲਾ, 17 ਨਵੰਬਰ ਨੂੰ ਅੰਬਾਲਾ ਤੋਂ ਚੱਲ ਕੇ ਰਾਤਰੀ ਵਿਸ਼ਰਾਮ ਲੁਧਿਆਣਾ ਵਿਖੇ ਹੋਵੇਗਾ। 18 ਨਵੰਬਰ ਨੂੰ ਲੁਧਿਆਣਾ ਤੋਂ ਸ਼ੁਰੂ ਹੋ ਕੇ ਰਾਤਰੀ ਵਿਸ਼ਰਾਮ ਜਲੰਧਰ ਅਤੇ 19 ਨਵੰਬਰ ਨੂੰ ਅੰਮ੍ਰਿਤਸਰ ਦੇ ਬਾਹਰੀ ਇਲਾਕੇ ਵਿਖੇ ਰਾਤਰੀ ਵਿਸ਼ਰਾਮ ਹੋਵੇਗਾ। ਇਸ ਪੜ੍ਹਾਅ ਤੋਂ ਸਾਈਕਲ ਯਾਤਰਾ 20 ਨਵੰਬਰ ਨੂੰ ਅੱਗੇ ਵਧ ਕੇ ਗੁਰਦੁਆਰਾ ਗੁਰੂ ਕਾ ਮਹਿਲ ਤੱਕ ਨਗਰ ਕੀਰਤਨ ਰੂਪ ’ਚ ਪੁੱਜੇਗੀ। ਸ੍ਰੀ ਜੀ ਕੇ ਨੇ ਕਿਹਾ ਕਿ ਇਸ ਯਾਤਰਾ ਦੌਰਾਨ ਲਗਪਗ ਸੈਂਕੜੇ ਸਾਈਕਲ ਸਵਾਰ ਦਿੱਲੀ ਤੋਂ ਰਵਾਨਾ ਹੋਣਗੇ। ਇਸ ਸਾਈਕਲ ਯਾਤਰਾ ਦਾ ਨਾਮ ‘ਸੀਸ ਦੀਆ ਪਰ ਸਿਰਰੁ ਨ ਦੀਆ’ ਸਾਈਕਲ ਯਾਤਰਾ ਹੋਵੇਗਾ। ਇਹ ਸਾਈਕਲ ਯਾਤਰਾ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਜੈਤਾ ਜੀ, ਭਾਈ ਲੱਖੀ ਸ਼ਾਹ ਵਣਜਾਰਾ ਅਤੇ ਭਾਈ ਮੱਖਣ ਸ਼ਾਹ ਲੁਬਾਣਾ ਨੂੰ ਸਮਰਪਿਤ ਕੀਤੀ ਗਈ ਹੈ।
ਨਗਰ ਕੀਰਤਨ ਕੋਟਾ ਤੋਂ ਅਗਲੇ ਪੜਾਅ ਲਈ ਰਵਾਨਾ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਸਬੰਧੀ ਗੁਰਦੁਆਰਾ ਧੋਬੜੀ ਸਾਹਿਬ ਆਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਵੱਖ-ਵੱਖ ਸੂਬਿਆਂ ਤੋਂ ਹੁੰਦਾ ਹੋਇਆ ਅੱਜ ਗੁਰਦੁਆਰਾ ਅਗਮਗੜ੍ਹ ਸਾਹਿਬ, ਬੜਗਾਊਂ, ਕੋਟਾ ਤੋਂ ਉਦੈਪੁਰ ਰਾਜਿਸਥਾਨ ਲਈ ਰਵਾਨਾ ਹੋਇਆ। ਜਿਥੇ ਰਸਤੇ ਵਿਚ ਸੰਗਤਾ ਵਲੋਂ ਨਿੱਘਾ ਸਵਾਗਤ ਕੀਤਾ ਗਿਆ । ਇਸ ਸਬੰਧ ਵਿਚ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਹਜ਼ੂਰੀ ਰਾਗੀ ਜਥੇ ਨੇ ਗੁਰਬਾਣੀ ਦਾ ਕੀਰਤਨ ਕੀਤਾ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਬਲਜੀਤ ਸਿੰਘ ਨੇ ਸੰਗਤਾਂ ਨਾਲ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਦੇ ਇਤਿਹਾਸ ਨੂੰ ਸਾਂਝਾ ਕੀਤਾ। ਨਗਰ ਕੀਰਤਨ ਦੀ ਰਵਾਨਗੀ ਸਮੇਂ ਬਾਬਾ ਲੱਖਾ ਸਿੰਘ ਕੋਟੇ ਵਾਲਿਆਂ ਨੇ ਪੰਜ ਪਿਆਰੇ ਅਤੇ ਹਾਜ਼ਰ ਸ਼ਖ਼ਸੀਅਤਾਂ ਨੂੰ ਸਿਰੋਪਾਓ ਦਿੱਤੇ।