ਪਿੰਡ ਮਨਵਾਲ ਵਿਖੇ ਉੱਤਮ ਗਾਰਡਨ ਕਲੋਨੀ ਦੀ ਇੱਕ ਗਲੀ ਦੇ ਵਾਸੀਆਂ ਵੱਲੋਂ ਖੁਦ ਹੀ 15 ਲੱਖ ਰੁਪਏ ਇਕੱਤਰ ਕਰਕੇ ਗਲੀ ਦੀ ਨੁਹਾਰ ਬਦਲੀ ਜਾ ਰਹੀ ਹੈ।
ਵਾਸੀਆਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਗਲੀ ਨੂੰ ਕੋਈ ਸਿੱਧਾ ਰਸਤਾ ਨਹੀਂ ਸੀ ਅਤੇ ਜੋ ਰਸਤਾ ਸੀ, ਉਹ ਵੀ ਇੰਨਾ ਤੰਗ ਸੀ ਕਿ ਉਥੋਂ ਲੰਘਣਾ ਬਹੁਤ ਮੁਸ਼ਕਲ ਸੀ। ਉਨ੍ਹਾਂ ਖੁਦ ਹੀ ਇਹ ਬੀੜਾ ਚੁੱਕਿਆ ਅਤੇ ਮਰਹੂਮ ਸ਼ੇਰ ਸਿੰਘ ਦੇ ਪੁੱਤਰਾਂ ਨਾਲ ਸੰਪਰਕ ਕਰਕੇ ਰਸਤੇ ਨੂੰ 30 ਫੁੱਟ ਚੌੜਾ ਕਰਵਾ ਲਿਆ ਜੋ ਕਿ ਸਿੱਧਾ ਪਠਾਨਕੋਟ-ਜੁਗਿਆਲ ਸੜਕ ਨਾਲ ਲਿੰਕ ਹੋ ਗਿਆ। ਇਸ ਤਰ੍ਹਾਂ ਇਹ ਗਲੀ ਹੁਣ ਸਿੱਧੀ ਹੋ ਗਈ ਹੈ। ਹੁਣ ਇਸ ਰਸਤੇ ਉੱਪਰ ਇੰਟਰਲਾਕਿੰਗ ਟਾਈਲਾਂ ਲਾ ਕੇ ਇਸ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ। ਸਟਰੀਟ ਲਾਈਟਾਂ ਲਗਵਾਈਆਂ ਜਾ ਰਹੀਆਂ ਹਨ ਅਤੇ ਫੁੱਲ ਬੂਟੇ ਵੀ ਲਗਾ ਕੇ ਉਸ ਦੀ ਸਜਾਵਟ ਕੀਤੀ ਜਾ ਰਹੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਬਜ਼ੁਰਗਾਂ ਦੇ ਬੈਠਣ ਲਈ ਵੀ ਮੁੱਖ ਸੜਕ ਦੇ ਕਿਨਾਰੇ ਬੈਂਚ ਲਗਾਏ ਜਾ ਰਹੇ ਹਨ ਅਤੇ ਕੂੜਾ ਸਮੇਟਣ ਦਾ ਵੀ ਪੂਰਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼ੇਰ ਸਿੰਘ ਦੀ ਯਾਦ ਵਿੱਚ ਲੋਹੇ ਦਾ ਐਂਟਰੀ ਗੇਟ ਵੀ ਸਥਾਪਤ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਇਸ ਗਲੀ ਦਾ ਵਿਧੀਵਤ ਉਦਘਾਟਨ 16 ਨਵੰਬਰ ਨੂੰ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਵੇਗਾ ਅਤੇ ਅਰਦਾਸ ਉਪਰੰਤ ਲੰਗਰ ਵੀ ਵਰਤਾਇਆ ਜਾਵੇਗਾ।
ਇੰਟਰਲਾਕਿੰਗ ਟਾਈਲਾਂ ਨਾਲ ਉਸਾਰੀ ਜਾ ਰਹੀ ਗਲੀ।

