DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੰਡਿਆਲਾ ਟੈਂਕਰ ਹਾਦਸਾ: ਪੀੜਤਾਂ ਦੇ ਜ਼ਖ਼ਮ ਅਜੇ ਵੀ ਅੱਲ੍ਹੇ

ਮਹੀਨੇ ਮਗਰੋਂ ਵੀ ਜਾਂਚ ਮੁਕੰਮਲ ਨਹੀਂ ਹੋੲੀ

  • fb
  • twitter
  • whatsapp
  • whatsapp
Advertisement
ਪਿੰਡ ਮੰਡਿਆਲਾ ਵਿੱਚ ਵਾਪਰੀ ਟੈਂਕਰ ਦੁਰਘਟਨਾ ਨੂੰ ਇਕ ਮਹੀਨਾ ਹੋ ਗਿਆ ਹੈ ਪਰ ਪੀੜਤਾਂ ਦੇ ਜ਼ਖਮ ਅਜੇ ਵੀ ਅੱਲੇ ਹਨ। ਹਾਦਸੇ ’ਚ ਹੋਏ ਜਾਨੀ ਨੁਕਸਾਨ ਦਾ ਮੁਆਵਜ਼ਾ ਤਾਂ ਜਾਰੀ ਕਰ ਦਿੱਤਾ ਗਿਆ ਹੈ ਪਰ ਇਸ ਨੁਕਸਾਨ ਲਈ ਕੌਣ-ਕੌਣ ਜ਼ਿੰਮੇਵਾਰ ਸੀ, ਇਸ ਦੀ ਜਾਂਚ ਮੁਕੰਮਲ ਨਹੀਂ ਹੋਈ। 22 ਅਗਸਤ ਦੀ ਰਾਤ ਨੂੰ ਜਲੰਧਰ ਸੜਕ ’ਤੇ ਪੈਂਦੇ ਪਿੰਡ ਦੇ ਐਨ ਵਿਚਕਾਰ ਐਲ.ਪੀ.ਜੀ ਦੇ ਟੈਂਕਰ ਨੂੰ ਅੱਗ ਲੱਗਣ ਨਾਲ ਪਿੰਡ ਦੇ 7 ਵਿਅਕਤੀਆਂ ਦੀ ਮੌਤ ਹੋ ਗਈ ਤੇ 16 ਜ਼ਖਮੀ ਹੋ ਗਏ ਸਨ। ਕਈ ਘਰ ਤੇ ਦੁਕਾਨਾਂ ਅੱਗ ਦੀ ਭੇਟ ਚੜ੍ਹ ਗਏ ਸਨ। ਇਸ ਘਟਨਾ ਦੀ ਗੂੰਜ ਪੂਰੇ ਪੰਜਾਬ ’ਚ ਪਈ ਸੀ ਅਤੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਇਲਾਕਾ ਵਾਸੀ ਸੜਕਾਂ ’ਤੇ ਉਤਰ ਆਏ ਸਨ। ਸਰਕਾਰ ਨੇ ਤੁਰੰਤ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਅਤੇ ਦੋਸ਼ੀਆਂ ਨੂੰ ਕੜੀ ਤੋਂ ਕੜੀ ਸਜ਼ਾ ਦਵਾਉਣ ਦਾ ਵੀ ਭਰੋਸਾ ਦਿੱਤਾ ਪਰ ਹੁਣ ਤੱਕ ਇਸ ਮਾਮਲੇ ’ਚ ਕੇਵਲ ਉਹ ਚਾਰ ਵਿਅਕਤੀ ਹੀ ਗ੍ਰਿਫ਼ਤਾਰ ਹੋਏ ਹਨ ਜੋ ਕਥਿਤ ਤੌਰ ’ਤੇ ਟੈਂਕਰ ਵਿੱਚੋਂ ਗੈਸ ਚੋਰੀ ਕਰਕੇ ਸਿਲੰਡਰਾਂ ’ਚ ਭਰ ਲੈਂਦੇ ਸਨ ਅਤੇ ਫਿਰ ਮਹਿੰਗੇ ਭਾਅ ਮਾਰਕੀਟ ਵਿੱਚ ਵੇਚਦੇ ਸਨ।

ਪੁਲੀਸ ਜਾਂਚ ਵਿਚ ਇਹ ਸਾਹਮਣੇ ਆਇਆ ਕਿ ਗੈਸ ਦਾ ਇਹ ਟੈਂਕਰ ਮੰਡਿਆਲਾ ਸਥਿਤ ਐੱਲ.ਪੀ.ਜੀ ਬਾਟਲਿੰਗ ਪਲਾਂਟ ਤੋਂ ਨਹੀਂ ਬਲਕਿ ਬਠਿੰਡਾ ਤੋਂ ਭਰ ਕੇ ਆ ਰਿਹਾ ਸੀ। ਬਾਟਲਿੰਗ ਪਲਾਂਟ ਦੇ ਅਧਿਕਾਰੀਆਂ ਤੋਂ ਕੀਤੀ ਪੁੱਛਗਿੱਛ ਤੋਂ ਇਹ ਪਤਾ ਲੱਗਿਆ ਕਿ ਹਾਦਸੇ ਦਾ ਕਾਰਨ ਬਣੇ ਟੈਂਕਰ ਦੀ ਇੱਥੇ ਕੋਈ ਐਂਟਰੀ ਹੀ ਨਹੀਂ ਹੋਈ ਸੀ। ਟੈਂਕਰ ਦੇ ਵਿਚ 18 ਮੀਟ੍ਰਿਕ ਟਨ ਗੈਸ ਸੀ। ਟੈਂਕਰ ਦਾ ਗੈਸ ਨਾਲ ਪੂਰਾ ਭਰਿਆ ਹੋਣ ਕਰਕੇ ਇੰਨੀ ਜਬਰਦਸਤ ਅੱਗ ਲੱਗੀ ਕਿ ਪੂਰੀਆਂ ਦੀਆਂ ਪੂਰੀਆਂ ਇਮਾਰਤਾਂ ਤਬਾਹ ਹੋ ਗਈਆਂ ਅਤੇ ਘਰਾਂ ’ਚ ਬੈਠੇ ਲੋਕ ਜਿੰਦਾ ਜਲ ਗਏ। ਘਟਨਾ ਦੇ ਕਾਰਨਾਂ ਦੀ ਜਾਂਚ ਲਈ ਡਿਪਟੀ ਕਮਿਸ਼ਨਰ ਵਲੋਂ ਨਿਆਂਇਕ ਜਾਂਚ ਸ਼ੁਰੂ ਕਰਵਾਈ ਗਈ ਸੀ ਪਰ ਅਜੇ ਤੱਕ ਇਸ ਵਿਚ ਜ਼ਿਆਦਾ ਪ੍ਰਗਤੀ ਨਹੀਂ ਹੋਈ।

Advertisement

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਅਜਿਹੇ ਹਾਦਸਿਆਂ ਦੀ ਜਾਂਚ ਲਈ ਪੈਟਰੋਲੀਅਮ ਐਂਡ ਐਕਸਲੋਸਿਵ ਸੇਫ਼ਟੀ ਆਰਗੇਨਾਈਜੇਸ਼ਨ ਦੇ ਕੰਟਰੋਲਰ ਨੂੰ ਭਰੋਸੇ ਵਿੱਚ ਲੈਣਾ ਲਾਜ਼ਮੀ ਹੁੰਦਾ ਹੈ। ਜਾਂਚ ਅਧਿਕਾਰੀ ਵਧੀਕ ਡਿਪਟੀ ਕਮਿਸ਼ਨਰ ਵਲੋਂ ਇਨ੍ਹਾਂ ਨੂੰ ਪੱਤਰ ਲਿਖਿਆ ਗਿਆ ਹੈ ਪਰ ਅਜੇ ਤੱਕ ਕੋਈ ਜਵਾਬ ਨਹੀਂ ਆਇਆ। ਸਰਕਾਰ ਵਲੋਂ ਹਾਦਸੇ ਵਿਚ ਜਾਨਾਂ ਗੁਆਉਣ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਅਤੇ ਜ਼ਖਮੀਆਂ ਨੂੰ ਮੁਆਵਜ਼ਾ ਰਾਸ਼ੀ ਜਾਰੀ ਕਰ ਦਿੱਤਾ ਹੈ ਪਰ ਇਮਾਰਤਾਂ ਦੇ ਹੋਏ ਨੁਕਸਾਨ ਦਾ ਲੇਖਾ ਜੋਖਾ ਅਜੇ ਕੀਤਾ ਜਾ ਰਿਹਾ ਹੈ। ਜਿਨ੍ਹਾਂ ਵਿਅਕਤੀਆਂ ਦੇ ਘਰ ਤੇ ਦੁਕਾਨਾਂ ਅੱਗ ਕਾਰਨ ਨਸ਼ਟ ਹੋ ਗਈਆਂ, ਉਨ੍ਹਾਂ ਨੇ ਮੁੜ ਉਸਾਰੀ ਦਾ ਕੰਮ ਸ਼ੁਰੂ ਕਰ ਲਿਆ ਹੈ ਪਰ ਹਾਦਸੇ ਦੀ ਦਹਿਸ਼ਤ ਅਜੇ ਵੀ ਉਨ੍ਹਾਂ ਦੇੇ ਮਨਾਂ ’ਚ ਬਰਕਰਾਰ ਹੈ।

Advertisement
×