ਦਰਿਆ ਬਿਆਸ ’ਚ ਪਾਣੀ ਵਧਣ ਕਾਰਨ ਪਿੰਡ ਭੈਣੀ ਕਾਦਰ ਤੋਂ ਟੁੱਟੇ ਆਰਜ਼ੀ ਬੰਨ੍ਹ ਨਾਲ ਮੰਡ ਖੇਤਰ ਦੀ ਸਥਿਤੀ ਹੋਰ ਗੰਭੀਰ ਹੋ ਗਈ ਹੈ ਜਿਸ ਨਾਲ ਲੋਕ ਕਾਫ਼ੀ ਚਿੰਤਤ ਹਨ ਤੇ ਕਈ ਲੋਕ ਹੁਣ ਘਰਾਂ ਤੋਂ ਬਾਹਰ ਆਉਣ ਨੂੰ ਤਿਆਰ ਨਹੀਂ ਹਨ ਪਰ ਉਨ੍ਹਾਂ ਨੂੰ ਪਸ਼ੂਆ ਦਾ ਫ਼ਿਕਰ ਵੀ ਸੱਤਾ ਰਿਹਾ ਹੈ ਕਿਉਂਕਿ ਪਸ਼ੂ ਵੀ ਪਾਣੀ ’ਚ ਡੁਬੇ ਹੋਏ ਹਨ ਤੇ ਉਨ੍ਹਾਂ ਲਈ ਚਾਰੇ ਦਾ ਪ੍ਰਬੰਧ ਨਹੀਂ ਹੈ। ਅੱਜ ਪ੍ਰਸਾਸ਼ਨ ਨੇ ਵੀ ਕਿਸ਼ਤੀਆਂ ਰਾਹੀਂ ਲੋਕਾਂ ਨੂੰ ਦਵਾਈਆਂ ਪਹੁੰਚਾਉਣ ਦਾ ਪ੍ਰਬੰਧ ਕੀਤਾ ਤੇ ਰੈਸੇਕਿਊ ਦੀਆਂ ਟੀਮਾਂ ਦੀ ਮਦਦ ਨਾਲ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਦੇ ਡਿਪਟੀ ਕਮਿਸ਼ਨਰ ਨੂੰ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਲਈ ਸਹਾਇਕ ਫੂਡ ਸਪਲਾਈ ਅਫ਼ਸਰ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ ਇਨ੍ਹਾਂ ਕਾਰਜਾਂ ’ਤੇ ਨਜ਼ਰ ਰੱਖਣ ਲਈ ਏਡੀਸੀ ਨਵਨੀਤ ਕੌਰ ਬੱਲ ਨੂੰ ਤਾਇਨਾਤ ਕੀਤਾ ਗਿਆ ਹੈ।ਦੂਸਰੇ ਪਾਸੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਉਹ ਖੁਦ ਕਿਸ਼ਤੀ ਰਾਹੀਂ ਲੋਕਾਂ ਤੱਕ ਪੁੱਜ ਤੇ ਉਨ੍ਹਾਂ ਨੂੰ ਘਰਾਂ ਤੋਂ ਬਾਹਰ ਆਉਣ ਦੀ ਅਪੀਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਭਾਵਿਤ 16 ਪਿੰਡਾਂ ’ਚ 4 ਹਜ਼ਾਰ ਦੇ ਕਰੀਬ ਆਬਾਦੀ ਹੈ। ਲਾਗਲੇਂ ਕਈ ਪਿੰਡਾਂ ਦੇ ਉਨ੍ਹਾਂ ਨੂੰ ਘਰਾਂ ’ਚ ਰੱਖਣ ਤੇ ਖਾਣੇ ਦਾ ਪ੍ਰਬੰਧ ਕਰਨ ਲਈ ਤਿਆਰ ਹਨ। ਇਸੇ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਐਮ.ਪੀ. ਨੇ ਵੀ ਇਲਾਕੇ ਦਾ ਦੌਰਾ ਕੀਤਾ ਤੇ ਸੰਗਤਾਂ ਨੂੰ ਪੀੜਤਾ ਦੀ ਵੱਧ ਤੋਂ ਵੱਧ ਮੱਦਦ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਪ੍ਰਸਾਸ਼ਨ ਦੇ ਸਹਿਯੋਗ ਨਾਲ ਹਰੇ ਚਾਰੇ, ਦਵਾਈਆਂ, ਰਾਸ਼ਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤੇ ਹੁਣ ਪਾਣੀ 1.25 ਕਿਊਸਕ ਦੀ ਰਿਪੋਰਟ ਹੈ। ਮੰਡ ਖੇਤਰ ਦੇ ਚਾਰੇ ਪਾਸੇ ਪਾਣੀ ਵਲੋਂ ਤਬਾਹੀ ਮਚਾਈ ਹੋਈ ਹੈ। ਮੰਡ ਖੇਤਰ ਦੇ ਪ੍ਰਮੁੱਖ ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ, ਕੁਲਦੀਪ ਸਿੰਘ ਸਾਹਨਾ ਨੇ ਦੱਸਿਆ ਕਿ ਸਾਲ 2023 ’ਚ ਵੀ ਆਏ ਹੜ੍ਹ ਸਮੇਂ ਜਦੋਂ ਪ੍ਰਸਾਸ਼ਨ ਨੇ ਬੰਨ੍ਹ ਬੰਨਣ ਤੋਂ ਹੱਥ ਖੜ੍ਹੇ ਕਰ ਦਿੱਤੇ ਸਨ ਤਾਂ ਰਾਣਾ ਇੰਦਰਪ੍ਰਤਾਰ ਸਿੰਘ ਨੇ ਕਾਰ ਸੇਵਾ ਸਰਹਾਲੀ ਵਾਲਿਆਂ ਨੇ ਇਸ ਬੰਨ੍ਹ ਨੂੰ ਬਣਵਾਇਆ ਸੀ। ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਨੇ ਪਹਿਲਾ ਹੀ ਉਚੇਚੇ ਪ੍ਰਬੰਧ ਕਰਕੇ ਹਰੀਕੇ ਖੇਤਰ ਤੋਂ ਪਾਣੀ ਸਮੇਂ ਸਿਰ ਰਿਲੀਜ਼ ਕਰਵਾ ਦਿੱਤਾ ਹੁੰਦਾ ਤਾਂ ਅੱਜ ਮੰਡ ਖੇਤਰ ਦੀ ਅਜਿਹੀ ਹਾਲਤ ਨਹੀਂ ਹੋਣੀ ਸੀ।