ਆਰਥਿਕ ਮੰਦੀ ਕਾਰਨ ਜੇਸੀਟੀ ਮਿੱਲ ਦੀ ਤਾਲਾਬੰਦੀ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 31 ਅਗਸਤ
ਜੇਸੀਟੀ ਮਿੱਲ ਚੌਹਾਲ ਦੇ ਪ੍ਰਬੰਧਕਾਂ ਨੇ ਆਰਥਿਕ ਸੰਕਟ ਕਾਰਨ ਅੱਜ ਅਚਾਨਕ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਹੈ। ਇਸ ਮਗਰੋਂ ਟੈਕਸਟਾਈਲ ਮਿੱਲ ਦੇ ਬੰਦ ਹੋਣ ਕਾਰਨ ਆਪਣੀਆਂ ਨੌਕਰੀਆਂ ਖੁੱਸਣ ਤੋਂ ਪ੍ਰੇਸ਼ਾਨ ਸੈਂਕੜੇ ਵਰਕਰ ਮੈਨੇਜਮੈਂਟ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਮਿੱਲ ਦੇ ਬਾਹਰ ਚਿੰਤਪੁਰਨੀ ਸੜਕ ’ਤੇ ਚੱਕਾ ਜਾਮ ਕਰ ਦਿੱਤਾ। ਉਨ੍ਹਾਂ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਧਰਨੇ ’ਤੇ ਬੈਠ ਗਏ। ਵਰਕਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਪਿਛਲੇ 7-8 ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਉਹ ਪਾਰਟ ਟਾਈਮ ਕੰਮ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਭਰ ਰਹੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਵਿੱਖ ਦਾ ਡਰ ਸਤਾਉਣ ਲੱਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਇਹ ਕਿਹਾ ਹੈ ਕਿ ਉਹ ਮਿੱਲ ਦੀ ਮਸ਼ੀਨਰੀ ਵੇਚ ਕੇ ਉਨ੍ਹਾਂ ਦੇ ਬਕਾਏ ਦੇ ਦੇਣਗੇ। ਵਰਕਰਾਂ ਨੇ ਕਿਹਾ ਕਿ ਉਨ੍ਹਾਂ ਅੱਗੇ ਰੋਜ਼ੀ ਰੋਟੀ ਦਾ ਸਵਾਲ ਖੜ੍ਹਾ ਹੋ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮਿੱਲ ਵੱਲੋਂ ਤਨਖਾਹਾਂ ਨਾ ਮਿਲਣ ਕਾਰਨ ਸੈਂਕੜੇ ਵਰਕਰ ਕੰਮ ਛੱਡ ਕੇ ਜਾ ਚੁੱਕੇ ਹਨ। ਉਧਰ, ਹੁਸ਼ਿਆਰਪੁਰ-ਚਿੰਤਪੁਰਨੀ ਸੜਕ ’ਤੇ ਜਾਮ ਲੱਗਣ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਪੁਲੀਸ ਅਧਿਕਾਰੀਆਂ ਨੇ ਜਾਮ ਖੁੱਲ੍ਹਵਾਉਣ ਦੀ ਕੋਸ਼ਿਸ਼ ਕੀਤੀ ਪਰ ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ। ਇਸ ਦੌਰਾਨ ਮਿੱਲ ਪ੍ਰਬੰਧਕਾਂ ਨਾਲ ਸੰਪਰਕ ਨਹੀਂ ਹੋ ਸਕਿਆ। ਕੰਪਨੀ ਦੇ ਇਕ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਫੈਕਟਰੀ ਬੰਦ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ।