ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸਰਕਾਰੀ ਕੰਨਿਆ ਸਕੂਲ ਦਸੂਹਾ ’ਚ ਬੁਨਿਆਦੀ ਵਿਸ਼ਿਆਂ ਦੀ ਘਾਟ

ਸਮਾਜ ਸੇਵੀਆਂ ਵੱਲੋਂ ਸਕੂਲ ਨੂੰ ਅਪਗ੍ਰੇਡ ਕਰਨ ਦੀ ਮੰਗ
Advertisement

ਭਗਵਾਨ ਦਾਸ ਸੰਦਲ

ਦਸੂਹਾ, 20 ਜੂਨ

Advertisement

ਪੰਜਾਬ ਸਰਕਾਰ ਇੱਕ ਪਾਸੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ, ਬੁਨਿਆਦੀ ਢਾਂਚਾ ਸੁਧਾਰਨ ਦੇ ਦਾਅਵੇ ਕਰ ਰਹੀ ਹੈ, ਪਰ ਦੂਜੇ ਪਾਸੇ ਦਸੂਹਾ ਦਾ ਇਕਲੌਤਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ (ਕਿਲੇ ਵਾਲਾ ਸਕੂਲ), ਜੋ ਕਿ 100 ਸਾਲ ਤੋਂ ਵੱਧ ਪੁਰਾਣੀ ਅਕਾਦਮਿਕ ਸੰਸਥਾ ਹੈ, ਅੱਜ ਵੀ ਬੁਨਿਆਦੀ ਵਿਸ਼ਿਆਂ ਦੀ ਘਾਟ ਕਾਰਨ ਪੱਛੜਿਆ ਹੋਇਆ ਹੈ। ਇਹ ਸਕੂਲ ਸ਼ਹਿਰ ਅਤੇ ਆਲੇ-ਦੁਆਲੇ ਦੇ ਪਿੰਡਾਂ ਦੀਆਂ ਅਨੇਕਾਂ ਗਰੀਬ ਪਰਿਵਾਰਾਂ ਦੀਆਂ ਧੀਆਂ ਲਈ ਉਮੀਦ ਦੀ ਕਿਰਨ ਹੈ।

ਭਾਰਤੀ ਮਜ਼ਦੂਰ ਸੰਘ ਦੇ ਆਗੂ ਨੇ ਦੱਸਿਆ ਕਿ ਕਰੀਬ 10 ਸਾਲ ਪਹਿਲਾਂ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਦੌਰਾਨ ਇਸ ਸਕੂਲ ਨੂੰ ਦਸਵੀਂ ਤੋਂ ਬਾਰਵੀਂ ਜਮਾਤ ਤੱਕ ਅੱਪਗ੍ਰੇਡ ਤਾਂ ਕੀਤਾ ਗਿਆ ਪਰ ਅਫਸੋਸ ਦੀ ਗੱਲ ਇਹ ਰਹੀ ਕਿ ਵਿਦਿਆਰਥਣਾਂ ਲਈ ਸਿਰਫ਼ ਆਰਟਸ ਵਿਸ਼ਾ ਤਾਂ ਉਪਲਬਧ ਕਰਵਾਇਆ ਗਿਆ ਪਰ ਕਾਮਰਸ, ਮੈਡੀਕਲ ਜਾਂ ਨਾਨ-ਮੈਡੀਕਲ ਵਰਗੇ ਅਹਿਮ ਵਿਸ਼ਿਆਂ ਤੋਂ ਵਾਂਝਾ ਰੱਖਿਆ ਗਿਆ।, ਜਿਸ ਕਾਰਨ ਪੜ੍ਹਾਈ ਲਈ ਵਿਦਿਆਰਥਣਾਂ ਨੂੰ ਮਹਿੰਗੇ ਨਿੱਜੀ ਸਕੂਲਾਂ ਅਤੇ ਕਾਲਜਾਂ ਵਿੱਚ ਜਾਣਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ਦੇ ਪਰਿਵਾਰਾਂ ਉੱਤੇ ਵੱਡਾ ਵਿੱਤੀ ਬੋਝ ਪੈਂਦਾ ਹੈ। ਭਾਜਪਾ ਆਗੂ ਰਿੰਪਾ ਸ਼ਰਮਾ ਨੇ ਆਖਿਆ ਕਿ ਜੇਕਰ ਸਰਕਾਰ ਦੀ ਨੀਅਤ ਸਾਫ ਹੋਵੇ ਤਾਂ ਇਸ ਸਕੂਲ ਵਿੱਚ ਹੋਰ ਵਿਸ਼ਿਆਂ ਦੀ ਸ਼ੁਰੂਆਤ ਕਰਵਾ ਕੇ ਸੈਂਕੜੇ ਲੜਕੀਆਂ ਨੂੰ ਉੱਚ ਸਿੱਖਿਆ ਮੁਹੱਈਆ ਕਰਵਾਈ ਜਾ ਸਕਦੀ ਹੈ। ਇਸ ਸਬੰਧੀ ਸ਼ਹਿਰ ਦੇ ਬੁੱਧੀਜੀਵੀਆਂ ਤੇ ਸਮਾਜਿਕ ਸੰਸਥਾਵਾਂ ਵੱਲੋਂ ਵੀ ਮੰਗ ਕੀਤੀ ਗਈ ਹੈ ਕਿ ਇਸ ਸਕੂਲ ਨੂੰ ਤੁਰੰਤ ਅੱਪਗ੍ਰੇਡ ਕਰਕੇ ਕਾਮਰਸ, ਮੈਡੀਕਲ ਤੇ ਨਾਨ-ਮੈਡੀਕਲ ਵਿਸ਼ਿਆਂ ਦੀ ਪੜ੍ਹਾਈ ਸ਼ੁਰੂ ਕਰਵਾਈ ਜਾਵੇ ਤਾਂ ਜੋ ਆਮ ਘਰਾਂ ਦੀਆਂ ਧੀਆਂ ਵੀ ਆਪਣੇ ਭਵਿੱਖ ਨਿਰਮਾਣ ਕਰ ਸਕਣ।

ਸਿੱਖਿਆ ਮੰਤਰੀ ਅੱਗੇ ਮੁੱਦਾ ਰੱਖਾਂਗੇ: ਘੁੰਮਣ

ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਨੇ ਕਿਹਾ ਕਿ ਪੰਜਾਬ ਸਰਕਾਰ ਲੜਕੀਆਂ ਲਈ ਉੱਚ ਸਿੱਖਿਆ ਦੇ ਰਾਹ ਖੋਲ੍ਹਣ ਅਤੇ ਉਨ੍ਹਾਂ ਨੂੰ ਹਰ ਵਿਸ਼ਾ ਪੜ੍ਹਨ ਦਾ ਹੱਕ ਦਿਵਾਉਣਾ ਉਨ੍ਹਾਂ ਦੀ ਤਰਜੀਹ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਵਿਧਾਨ ਸਭਾ ਅਤੇ ਸਿੱਖਿਆ ਵਿਭਾਗ ਅੱਗੇ ਇਹ ਮੰਗ ਜਲਦੀ ਰੱਖੀ ਜਾਵੇਗੀ ਤੇ ਦਸੂਹਾ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਾਮਰਸ, ਮੈਡੀਕਲ ਅਤੇ ਨਾਨ-ਮੈਡੀਕਲ ਵਿਸ਼ਿਆਂ ਦੀ ਪੜ੍ਹਾਈ ਸ਼ੁਰੂ ਕਰਵਾਈ ਜਾਵੇਗੀ।

Advertisement