ਮਜ਼ਦੂਰ ਕਿਸਾਨ ਜਥੇਬੰਦੀਆਂ ਵੱਲੋਂ ਨਕੋਦਰ ਥਾਣੇ ਅੱਗੇ ਧਰਨਾ ਲਾਉਣ ਦਾ ਐਲਾਨ
ਇੱਥੇ ਦਿਹਾਤੀ ਮਜ਼ਦੂਰ ਸਭਾ ਦੇ ਦਫ਼ਤਰ ਵਿੱਚ ਅੱਜ ਵੱਖ ਵੱਖ ਮਜ਼ਦੂਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਹੋਈ ਸਾਂਝੀ ਮੀਟਿੰਗ ਵਿੱਚ ਪੁਲੀਸ ਦੇ ਮਾੜੇ ਰਵੱਈਏ ਵਿਰੁੱਧ ਪਹਿਲੀ ਸਤੰਬਰ ਨੂੰ ਨਕੋਦਰ ਥਾਣੇ ਅੱਗੇ ਧਰਨਾ ਲਾਉਣ ਦਾ ਐਲਾਨ ਕੀਤਾ ਗਿਆ। ਮਜ਼ਦੂਰ ਕਿਸਾਨ ਆਗੂਆਂ ਸਰਵਸਾਥੀ ਦਰਸ਼ਨ ਨਾਹਰ, ਸੂਬਾ ਪ੍ਰਧਾਨ ਦਿਹਾਤੀ ਮਜ਼ਦੂਰ ਸਭਾ, ਹਰਮੇਸ਼ ਮਾਲੜੀ ਸੂਬਾ ਵਿੱਤ ਸਕੱਤਰ ਪੰਜਾਬ ਖੇਤ ਮਜ਼ਦੂਰ ਯੂਨੀਅਨ, ਹੰਸਰਾਜ ਪੱਬਵਾ ਅਤੇ ਤਰਸੇਮ ਪੀਟਰ, ਸੂਬਾ ਆਗੂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਮਨੋਹਰ ਸਿੰਘ ਗਿੱਲ ਸੂਬਾ ਆਗੂ ਜਮਹੂਰੀ ਕਿਸਾਨ ਸਭਾ ਅਤੇ ਸੰਦੀਪ ਅਰੋੜਾ ਜ਼ਿਲ੍ਹਾ ਪ੍ਰਧਾਨ ਪੰਜਾਬ ਕਿਸਾਨ ਸਭਾ ਨੇ ਕਿਹਾ ਕਿ 22 ਅਗਸਤ ਨੂੰ ਪਿੰਡ ਨੂਰਪੁਰ ਚੱਠਾ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਬਲਜੀਤ ਜੀਤੀ ਤੇ ਉਸ ਦੇ ਦੋ ਭਰਾਵਾਂ ਨੂੰ ਗੁੰਡਾ ਅਨਸਰਾਂ ਵੱਲੋਂ ਘੇਰ ਕੇ ਹਮਲਾ ਕੀਤਾ ਗਿਆ ਜਿਸ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਏ ਅਤੇ ਜ਼ੇਰੇ ਇਲਾਜ ਹਨ ਜਦ ਕਿ ਦੋਸ਼ੀ ਖੁਦ ਹੀ ਆਪਣੇ ਸੱਟਾਂ ਮਾਰਕੇ ਅੱਧੀ ਰਾਤ ਨੂੰ ਦਾਖ਼ਲ ਹੋ ਕੇ ਉਲਟਾ ਯੂਨੀਅਨ ਆਗੂਆਂ ਤੇ ਹੋਰਨਾਂ ਨੌਜਵਾਨਾਂ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮਜ਼ਦੂਰ ਕਿਸਾਨ ਆਗੂਆਂ ਕਿਹਾ ਕਿ ਪੁਲੀਸ ਦੇ ਇਸ ਰਵੱਈਏ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੀਟਿੰਗ ਵਿੱਚ ਸਾਥੀ ਨਛੱਤਰ ਨਾਹਰ , ਦਿਲਬਾਗ ਸਿੰਘ ਚੰਦੀ ਤੇ ਬਲਦੇਵ ਰਾਜ ਮਾਲੜੀ ਆਦਿ ਹਾਜ਼ਰ ਸਨ।