ਪਿੰਡ ਖਟਕੜ ਕਲਾਂ ’ਚ ਸਥਾਪਿਤ ਸ਼ਹੀਦ-ਏ- ਆਜ਼ਮ ਭਗਤ ਸਿੰਘ ਯਾਦਗਾਰੀ ਸਮਾਰਕ ਵਿੱਚ ਸਰਕਾਰ ਵਿਰੋਧੀ ਮੋਰਚਾ ਅੱਜ ਪੰਜਵੇਂ ਦਿਨ ਵੀ ਜਾਰੀ ਰਿਹਾ। ਧਰਨਾਕਾਰੀ ਸੂਬਾ ਸਰਕਾਰ ਕੋਲੋਂ ਲੋਕ ਮੁੱਦਿਆਂ ਸਬੰਧੀ ਨੇਕਨੀਤੀ ਨਾਲ ਕੰਮ ਕਰਨ ਦੀ ਮੰਗ ਕਰ ਰਹੇ ਸਨ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸਾਂਝੇ ਬੈਨਰ ਹੇਠ ਵੱਡੀ ਗਿਣਤੀ ਵਿੱਚ ਇਕੱਤਰ ਨੌਜਵਾਨਾਂ ਨੇ ਅੱਜ ਪੰਜਾਬ ਦੇ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਲਾਉਣ ਦਾ ਐਲਾਨ ਕਰ ਦਿੱਤਾ।ਅੱਜ ਇਨ੍ਹਾਂ ਨੌਜਵਾਨਾਂ ਜਿਨ੍ਹਾਂ ਵਿੱਚ ਵਿਦਿਆਰਥੀ ਵੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ, ਨੇ ਮਾਰਚ ਵੀ ਕੀਤਾ। ਉਕਤ ਦੋਵਾਂ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਂ ਦਿਨਾਂ ’ਚ ਸਰਕਾਰ ਦਾ ਕੋਈ ਵੀ ਨੁਮਾਇੰਦਾ ਨੌਜਵਾਨਾਂ ਦੀ ਗੱਲ ਸੁਣਨ ਲਈ ਨਹੀਂ ਪੁੱਜਾ, ਜਿਸ ਕਾਰਨ ਉਹ ‘ਆਪ’ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਲਗਾ ਕੇ ਸਰਕਾਰ ਦੇ ਬੋਲੇ ਕੰਨਾਂ ਤੱਕ ਆਵਾਜ਼ ਬੁਲੰਦ ਕਰਨਗੇ ਅਤੇ ਖਟਕੜ ਕਲਾਂ ’ਚ ਚੁੱਕੀ ਸਹੁੰ ਨੂੰ ਯਾਦ ਕਰਵਾਉਣਗੇ। ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਢੇਸੀ, ਸੂਬਾ ਜਨਰਲ ਸਕੱਤਰ ਧਰਮਿੰਦਰ ਮੁਕੇਰੀਆਂ, ਪੀਐੱਸਐੱਫ ਦੇ ਸੂਬਾ ਕਨਵੀਨਰ ਗਗਨਦੀਪ, ਸੂਬਾ ਆਗੂ ਰਵੀ ਲੋਹਗੜ੍ਹ ਨੇ ਕਿਹਾ ਕਿ ਪੰਜ ਸਾਲਾਂ ’ਚੋਂ ਵੱਡਾ ਹਿੱਸਾ ਬੀਤ ਜਾਣ ਬਾਅਦ ਵੀ ਹਰੇ ਪੈੱਨ ਦੀ ਸਿਆਹੀ ਨਾ ਹੋਣ ਕਾਰਨ ਲੱਖਾਂ ਅਸਾਮੀਆਂ ਹਾਲੇ ਵੀ ਖਾਲੀ ਹਨ ਅਤੇ ਪਹਿਲਾਂ ਤੋਂ ਕੰਮ ਕਰਦੇ ਕੱਚੇ ਕਾਮਿਆਂ ਨੂੰ ਵੀ ਹਾਲੇ ਤੱਕ ਪੱਕੇ ਨਹੀਂ ਕੀਤਾ ਗਿਆ।ਇਹਨਾਂ ਆਗੂਆਂ ਨੇ ਕਿਹਾ ਕਿ ਬੇਰੁਜ਼ਗਾਰੀ ਭੱਤੇ ਦੇ ਕਾਨੂੰਨ ਨੂੰ ਸਮੇਂ ਦੇ ਹਾਣ ਦਾ ਕਰਨ ਲਈ ਅਗਲੇ ਸੈਸ਼ਨ ‘ਚ ਨਵਾਂ ਕਾਨੂੰਨ ਲਿਆਂਦਾ ਜਾਵੇ, ਨਸ਼ਿਆਂ ਦੇ ਕਾਰਨ ਰੁਲ ਰਹੀ ਜਵਾਨੀ ਨੂੰ ਮੌਤ ਦੇ ਮੂੰਹੋਂ ਬਚਾਇਆ ਜਾਵੇ ਅਤੇ ਲਾਜ਼ਮੀ ਵਿਦਿਆ ਨੂੰ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਣ ਤੋਂ ਰੋਕਿਆ ਜਾਵੇ। ਅੱਜ ਦੇ ਧਰਨੇ ਨੂੰ ਐਡਵੋਕੇਟ ਅਜੈ ਫਿਲੌਰ, ਮੱਖਣ ਸੰਗਰਾਮੀ, ਲਾਜਰ ਲਾਖਣਾ, ਕੰਚਨ ਮੱਟੂ, ਸਰਬਜੀਤ ਹੈਰੀ, ਕੁਲਵੰਤ ਮੱਲੂਨੰਗਲ, ਜੱਗਾ ਅਜਨਾਲਾ, ਮਿੰਟੂ ਗੁਜ਼ਰਪੁਰ, ਗੈਰੀ ਗਿੱਲ, ਸਤਵਿੰਦਰ ਓਠੀਆਂ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵੱਖ ਜਥਿਆਂ ਦੀ ਅਗਵਾਈ ਗੱਗਾ ਫਿਲੌਰ, ਸੁਨੀਲ ਭੈਣੀ, ਜਸਬੀਰ ਢੇਸੀ, ਗੁਰਦੀਪ ਗੋਗੀ, ਰਛਪਾਲ ਬੇਗਮਪੁਰ, ਅਮਰੀਕ ਰੁੜਕਾ, ਗੁਰਜੰਟ ਸਿੰਘ ਮੁੱਛਲ, ਸੁੱਚਾ ਸਿੰਘ ਘੋਗਾ ਆਦਿ ਨੇ ਕੀਤੀ।