ਕਟਾਰੂਚੱਕ ਨੇ ਦੋ ਸੜਕੀ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ
ਮੰਤਰੀ ਵੱਲੋਂ ਰਹੀਮਪੁਰ ਤੋਂ ਫੂਲਪੁਰ-ਨੰਗਲ ਫਰੀਦਾ ਤੇ ਤਾਰਾਗਡ਼੍ਹ ਤੋਂ ਭਟੋਆ-ਰਤਨਗਡ਼੍ਹ ਸਡ਼ਕਾਂ ਦੇ ਜਲਦੀ ਮੁਕੰਮਲ ਹੋਣ ਦਾ ਭਰੋਸਾ
ਵਿਧਾਨ ਸਭਾ ਹਲਕਾ ਭੋਆ ਅੰਦਰ ਹਾਲ ਹੀ ਵਿੱਚ ਆਏ ਹੜ੍ਹਾਂ ਨਾਲ ਪ੍ਰਭਾਵਿਤ ਦੋ ਸੜਕਾਂ ਦੇ ਉਸਾਰੀ ਕਾਰਜ ਅੱਜ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸ਼ੁਰੂ ਕਰਵਾਏ। ਕਟਾਰੂਚੱਕ ਨੇ ਅੱਜ ਵਿਧਾਨ ਸਭਾ ਹਲਕਾ ਭੋਆ ਦੀਆਂ ਦੋ ਸੜਕਾਂ ਰਹੀਮਪੁਰ ਤੋਂ ਫੂਲਪੁਰ-ਨੰਗਲ ਫਰੀਦਾ ਤੱਕ ਅਤੇ ਤਾਰਾਗੜ੍ਹ ਤੋਂ ਭਟੋਆ-ਰਤਨਗੜ੍ਹ ਤੱਕ ਦੇ ਨੀਂਹ ਪੱਥਰ ਰੱਖਣ ਦੌਰਾਨ ਕਿਹਾ ਕਿ ਹੜ੍ਹਾਂ ਨਾਲ ਪ੍ਰਭਾਵਿਤ ਹੋਰ ਸੜਕਾਂ ਦੀ ਉਸਾਰੀ ਲਈ ਪੰਜਾਬ ਸਰਕਾਰ ਵੱਲੋਂ ਦਿਲ ਖੋਲ੍ਹ ਕੇ ਫੰਡ ਜਾਰੀ ਕੀਤੇ ਗਏ ਹਨ ਅਤੇ ਜਲਦੀ ਹੀ ਉਨ੍ਹਾਂ ਸੜਕਾਂ ਦਾ ਵੀ ਨਵ-ਉਸਾਰੀ ਕੀਤੀ ਜਾਵੇਗੀ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਬਲਜਿੰਦਰ ਸਿੰਘ ਬੰਟੀ, ਜ਼ਿਲ੍ਹਾ ਪ੍ਰਧਾਨ ਐਸਸੀ ਵਿੰਗ ਰੋਸ਼ਨ ਭਗਤ, ਨਵਾਲਾ ਦੇ ਸਰਪੰਚ ਹੈਪੀ, ਬਲਾਕ ਪ੍ਰਧਾਨ ਕੁਲਦੀਪ ਭਟੋਆ ਤੇ ਰਵੀ ਕੁਮਾਰ, ਫੂਲਪੁਰ ਦੇ ਸਰਪੰਚ ਪਰਮਜੀਤ, ਐਕਸੀਅਨ ਪ੍ਰਦੀਪ ਕੁਮਾਰ, ਐੱਸਡੀਓ ਰਜਿੰਦਰ ਕੁਮਾਰ ਆਦਿ ਹਾਜ਼ਰ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਪੂਰੇ ਪੰਜਾਬ ਅੰਦਰ ਹੜ੍ਹਾਂ ਨੇ ਸੜਕਾਂ ਨੂੰ ਪ੍ਰਭਾਵਿਤ ਕੀਤਾ ਹੈ, ਅਜਿਹੀਆਂ ਸੜਕਾਂ ਦੀ ਰਿਪੇਅਰ ਅਤੇ ਨਵਨਿਰਮਾਣ ਲਈ ਪੰਜਾਬ ਸਰਕਾਰ ਵੱਲੋਂ ਯੋਜਨਾ ਤਿਆਰ ਕੀਤੀ ਗਈ ਹੈ ਅਤੇ ਜਲਦੀ ਹੀ ਲੋਕਾਂ ਨੂੰ ਚੰਗੇ ਮਾਰਗ ਮਿਲ ਸਕਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਸੜਕਾਂ ਦੀ ਨਵ-ਉਸਾਰੀ ’ਤੇ ਇੱਕ ਕਰੋੜ 13 ਲੱਖ ਰੁਪਏ ਖਰਚ ਆਉਣਗੇ। ਬਾਅਦ ਵਿੱਚ ਕੈਬਨਿਟ ਮੰਤਰੀ ਨੇ ਬੇਗੋਵਾਲ ਤਾਰਾਗੜ੍ਹ ਵਿਖੇ ਲਗਾਏ ਗਏ ਮੈਡੀਕਲ ਕੈਂਪ ਦਾ ਜਾਇਜ਼ਾ ਲਿਆ।