ਕਪੂਰਥਲਾ: ਹਿੰਦੂ ਆਗੂ ’ਤੇ ਹਮਲਾ
ਕਪੂਰਥਲਾ ਦੇ ਹਿੰਦੂ ਆਗੂ ਤੇ ਐਂਟੀ ਟੈਰੇਰਿਸਟ ਫਰੰਟ ਦੇ ਸੂਬਾਈ ਉਪ ਪ੍ਰਧਾਨ ਲਾਲੀ ਭਾਸਕਰ ’ਤੇ ਬੀਤੀ ਰਾਤ ਸ੍ਰੀ ਸੱਤਿਆ ਨਾਰਾਇਣ ਬਾਜ਼ਾਰ ਨੇੜੇ ਕੁਝ ਅਣਪਛਾਤੇ ਨੌਜਵਾਨਾਂ ਨੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਨੂੰ ਗੰਭੀਰ ਹਾਲਤ ’ਚ ਦਾਖ਼ਲ ਕਰਵਾਇਆ ਗਿਆ। ਜ਼ਖ਼ਮੀ ਸ੍ਰੀ ਭਾਸਕਰ ਨੇ ਦੱਸਿਆ ਕਿ ਉਹ ਰਾਤ ਕਰੀਬ 10 ਵਜੇ ਬਾਜ਼ਾਰ ਤੋਂ ਘਰ ਵਾਪਸ ਜਾ ਰਹੇ ਸਨ ਕਿ ਇੱਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਹੌਲੀ ਚੱਲਣ ਲਈ ਕਿਹਾ। ਇਸ ’ਤੇ ਕਾਰ ਸਵਾਰ ਨੌਜਵਾਨ ਬਹਿਸ ਤੇ ਗਾਲੀ-ਗਲੋਚ ਕਰਨ ਲੱਗੇ ਤੇ ਉਨ੍ਹਾਂ ’ਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰ ਦਿੱਤਾ।ਸ੍ਰੀ ਭਾਸਕਰ ਨੇ ਕਿਹਾ ਕਿ ਉਹ ਹਮਲਾਵਰਾਂ ਨੂੰ ਨਹੀਂ ਜਾਣਦੇ, ਪਰ ਪਹਿਲਾਂ ਵੀ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ ਅਤੇ ਇਸ ਸਬੰਧੀ ਉਹ ਪੰਜਾਬ ਦੇ ਡੀਜੀਪੀ ਨੂੰ ਲਿਖਤੀ ਤੌਰ ’ਤੇ ਵੀ ਦੇ ਚੁੱਕੇ ਹਨ। ਘਟਨਾ ਤੋਂ ਬਾਅਦ ਪੁਲੀਸ ਤੁਰੰਤ ਮੌਕੇ ’ਤੇ ਪਹੁੰਚੀ। ਡੀਐੱਸਪੀ ਦੀਪਕਰਨ ਸਿੰਘ ਤੇ ਐੱਸ ਐੱਚ ਓ ਸਿਟੀ ਅਮਨਦੀਪ ਨਾਹਰ ਨੇ ਦੱਸਿਆ ਕਿ ਪੁਲੀਸ ਨੇ ਇਸ ਸਬੰਧ ’ਚ ਅਮਿਤ, ਵਰੁਣ, ਕਰਨ ਤੇ ਦੋ ਅਣਪਛਾਤੇ ਨੌਜਵਾਨਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਇਨ੍ਹਾਂ ’ਚੋਂ ਕੋਮਲਪ੍ਰੀਤ ਸਿੰਘ ਤੇ ਹਰਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।