ਇੱਥੋਂ ਦੇ ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਵਿੱਚ ਤੀਜ ਦਾ ਤਿਓਹਾਰ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਟਰੱਸਟ ਦੇ ਚੇਅਰਮੈਨ ਰਵਿੰਦਰ ਸਿੰਘ ਚੱਕ ਅਤੇ ਪ੍ਰਿੰਸੀਪਲ ਡਾ. ਕਰਮਜੀਤ ਕੌਰ ਬਰਾੜ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਕਾਲਜ ਦੀ ਪ੍ਰਬੰਧਕੀ ਕਮੇਟੀ ਤੋਂ ਸੁਖਵਿੰਦਰ ਕੌਰ, ਸਾਬਕਾ ਵਿਧਾਇਕ ਇੰਦੂ ਬਾਲਾ, ਸਾਬਕਾ ਨਗਰ ਕੌਂਸਲ ਮੈਂਬਰ ਸੁਰਜੀਤ ਕੌਰ, ਜੋਗਿੰਦਰ ਕੌਰ ਭੱਟੀਆਂ, ਹਰਪ੍ਰੀਤ ਕੌਰ, ਸੁਰਿੰਦਰ ਕੌਰ, ਜਸਵੰਤ ਕੌਰ, ਨੀਰੂ ਵਾਲੀਆ ਤੇ ਸੁਮਨ ਸ਼ੁਕਲਾ ਪ੍ਰਿੰਸੀਪਲ ਡੀ.ਪੀ.ਐੱਸ ਪਬਲਿਕ ਸਕੂਲ, ਸਿਪਰੀਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸੁਖਵਿੰਦਰ ਕੌਰ ਨੇ ਕਿਹਾ ਕਿ ‘ਤੀਜ ਦਾ ਤਿਉਹਾਰ’ ਸਾਡੀ ਪੁਰਾਤਨ ਸੱਭਿਆਚਾਰਕ ਵਿਰਾਸਤ ਹੈ ਅਤੇ ਇਸ ਨੂੰ ਸੰਭਾਲਣਾ ਸਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਆਧੁਨਿਕਤਾ ਦੇ ਇਸ ਯੁੱਗ ਵਿੱਚ ਤਿਉਹਾਰਾਂ ਦੀ ਮਹੱਤਤਾ ਘੱਟ ਹੋਣ ’ਤੇ ਚਿੰਤਾ ਜ਼ਾਹਰ ਕੀਤੀ। ਇਸ ਮੌਕੇ ਕਰਵਾਏ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਨੇ ਭੰਗੜਾ, ਲੋਕ-ਨਾਚ ਗਿੱਧਾ, ਲੋਕ-ਗੀਤਾਂ ਆਦਿ ਦੀ ਪੇਸ਼ਕਾਰੀ ਕੀਤੀ। ਇਸ ਤਿਉਹਾਰ ਮੌਕੇ ਵਿਰਾਸਤੀ ਪ੍ਰਦਰਸ਼ਨੀ ਵੀ ਲਗਾਈ ਗਈ ਅਤੇ ਵਿਦਿਆਰਥਣਾਂ ਨੇ ਮਹਿੰਦੀ ਲਗਾਈ, ਝੂਲਿਆਂ ਦਾ ਆਨੰਦ ਲਿਆ। ਇਸ ਮੌਕੇ ਜਥੇਦਾਰ ਭਾਈ ਕੁਲਦੀਪ ਸਿੰਘ ਸਕੂਲ ਮੁਕੇਰੀਆਂ ਦੀ +2 ਦੀ ਵਿਦਿਆਰਥਣ ਅਰਸ਼ੀਆ ਸ਼ਰਮਾ, ਭੂਮਿਕਾ ਅਤੇ ਅਨੁਬਾਲਾ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਰਿਟ ਵਿੱਚ ਆਉਣ ’ਤੇ ਟਰੱਸਟ ਵੱਲੋਂ ਨਕਦ ਇਨਾਮ ਅਤੇ ਸਨਮਾਨ ਪੱਤਰ ਦਿੱਤਾ ਗਿਆ।
ਇਸ ਮੌਕੇ ਹੋਏ ‘ਮਿਸ ਤੀਜ’ ਮੁਕਾਬਲੇ ‘ਚ 29 ਵਿਦਿਆਰਥਣਾਂ ਨੇ ਭਾਗ ਲਿਆ। ਮੁਕਾਬਲੇ ਦਾ ਪਹਿਲਾ ਰਾਊਂਡ ਸੰਗੀਤ ਅਤੇ ਨੱਚਣ ਨਾਲ, ਦੂਜਾ ਰਾਊਂਡ ਪੰਜਾਬੀ ਸੱਭਿਆਚਾਰ ਨਾਲ ਜੁੜੇ ਸਵਾਲ-ਜਵਾਬ ਤੇ ਤੀਜਾ ਰਾਊਂਡ ਘਰੇਲੂ ਕੰਮ (ਚਰਖਾ ਕੱਤਣਾ, ਮੱਕੀ ਦੀ ਰੋਟੀ ਬਣਾਉਣਾ, ਦੁੱਧ ਰਿੜਕਣਾ, ਸੇਵੀਆਂ ਵੱਟਣਾ ਅਤੇ ਨਾਲਾ ਬੁਣਨਾ) ’ਤੇ ਆਧਾਰਤ ਸੀ। ਮੁਕਾਬਲੇ ਮਗਰੋਂ ਉੱਤਮ ਪ੍ਰਦਰਸ਼ਨ ਕਰਕੇ ਵਿਦਿਆਰਥਣ ਜਸਮੀਤ ਕੌਰ ਨੇ ‘ਤੀਆਂ ਦੀ ਰਾਣੀ’ ਦਾ ਖਿਤਾਬ ਜਿੱਤਿਆ। ਪ੍ਰਿੰਸੀਪਲ ਡਾ. ਕਰਮਜੀਤ ਕੌਰ ਬਰਾੜ ਨੇ ਮਹਿਮਾਨਾਂ ਨੂੰ ਵਿਸ਼ੇਸ਼ ਸਨਮਾਨ-ਚਿੰਨ੍ਹ ਭੇਟ ਕੀਤੇ। ਸੁਖਵਿੰਦਰ ਕੌਰ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਟਰੱਸਟ ਵੱਲੋਂ ਪ੍ਰਿੰਸੀਪਲ ਡਾ. ਕਰਮਜੀਤ ਕੌਰ ਬਰਾੜ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਟਰੱਸਟ ਦੇ ਚੇਅਰਮੈਨ ਰਵਿੰਦਰ ਸਿੰਘ ਚੱਕ, ਪ੍ਰੋਗਰਾਮ ਕੋਆਰਡੀਨੇਟਰ ਸਹਾਇਕ ਪ੍ਰੋਫੈਸਰ ਸਤਵੰਤ ਕੌਰ, ਆਦਿ ਵੀ ਹਾਜ਼ਰ ਸਨ।