ਗੁਰੂ ਤੇਗ ਬਹਾਦਰ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦੀਆਂ ਤਿਆਰੀਆਂ ਸਬੰਧੀ ਅੱਜ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਐੱਸ ਐੱਸ ਪੀ ਸੰਦੀਪ ਕੁਮਾਰ ਮਲਿਕ ਦੀ ਅਗਵਾਈ ਵਿਚ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੀ ਸਾਂਝੀ ਟੀਮ ਨੇ ‘ਮੀਟਿੰਗ ਆਨ ਵ੍ਹੀਲਜ਼’ ਤਹਿਤ ਬੱਸ ’ਚ ਸਵਾਰ ਹੋ ਕੇ ਮੁਕੇਰੀਆਂ ਤੋਂ ਹੁਸ਼ਿਆਰਪੁਰ ਤੱਕ ਨਗਰ ਕੀਰਤਨ ਰੂਟ ਦਾ ਨਿਰੀਖਣ ਕੀਤਾ। ਇਸ ਦੌਰਾਨ ਰਾਹ ਦੇ ਹਰੇਕ ਪ੍ਰਮੁੱਖ ਸਥਾਨ, ਸੁਰੱਖਿਆ ਪ੍ਰਬੰਧਾਂ, ਲੰਗਰ ਵਾਲੀਆਂ ਥਾਵਾਂ, ਬਿਜਲੀ ਅਤੇ ਸਫ਼ਾਈ ਵਿਵਸਥਾ ਦੀ ਸਮੀਖਿਆ ਕੀਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਮਰਬੀਰ ਕੌਰ ਭੁੱਲਰ, ਸਹਾਇਕ ਕਮਿਸ਼ਨਰ ਓਇਸ਼ੀ ਮੰਡਲ, ਜ਼ਿਲ੍ਹੇ ਦੇ ਸਾਰੇ ਐੱਸ ਡੀ ਐੱਮਜ਼, ਐੱਸ ਪੀਜ਼, ਡੀ ਐੱਸ ਪੀਜ਼ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ੍ਰੀਨਗਰ ਤੋਂ ਆਰੰਭ ਹੋ ਕੇ ਇਹ ਇਤਿਹਾਸਕ ਨਗਰ ਕੀਰਤਨ ਪਠਾਨਕੋਟ ਹੁੰਦਿਆਂ 21 ਨਵੰਬਰ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਦਾਖ਼ਲ ਹੋਵੇਗਾ। ਮੁਕੇਰੀਆਂ ਅਤੇ ਦਸੂਹਾ ਤੋਂ ਲੰਘਦਾ ਨਗਰ ਕੀਰਤਨ ਗੁਰਦੁਆਰਾ ਰਾਮਪੁਰ ਖੇੜਾ ਪਹੁੰਚੇਗਾ, ਜਿੱਥੇ ਰਾਤ ਦਾ ਠਹਿਰਾਅ ਹੋਵੇਗਾ। 22 ਨਵੰਬਰ ਨੂੰ ਨਗਰ ਕੀਰਤਨ ਭੂੰਗਾ ਅਤੇ ਹਰਿਆਣਾ ਹੋ ਕੇ ਹੁਸ਼ਿਆਰਪੁਰ ਸ਼ਹਿਰ ਪਹੁੰਚੇਗਾ, ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਨੂੰ ‘ਗਾਰਡ ਆਫ ਆਨਰ’ ਦਿੱਤਾ ਜਾਵੇਗਾ। ਇਸ ਉਪਰੰਤ ਇਹ ਚੱਬੇਵਾਲ, ਮਾਹਿਲਪੁਰ, ਸੈਲਾ ਖੁਰਦ ਅਤੇ ਗੜ੍ਹਸ਼ੰਕਰ ਤੋਂ ਹੁੰਦਾ ਹੋਇਆ ਸ੍ਰੀ ਆਨੰਦਪੁਰ ਸਾਹਿਬ ਵੱਲ ਰਵਾਨਾ ਹੋਵੇਗਾ।

