ਫਗਵਾੜਾ ਵਿੱਚ ਏਡੀਸੀ ਵੱਲੋਂ ਦਾਣਾ ਮੰਡੀਆਂ ਦਾ ਜਾਇਜ਼ਾ
ਪੱਤਰ ਪ੍ਰੇਰਕ ਫਗਵਾੜਾ, 22 ਅਪਰੈਲ ਬਲਾਕ ਦੀਆਂ ਮੰਡੀਆਂ ਦਾ ਦੌਰਾ ਕਰਨ ਲਈ ਏ.ਡੀ.ਸੀ. ਅਨੁਪਮ ਕਲੇਰ ਇੱਥੋਂ ਦੀਆਂ ਦਾਣਾ ਮੰਡੀਆਂ ’ਚ ਪੁੱਜੇ ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਵੱਲੋਂ ਦਾਣਾ ਮੰਡੀ ਰਾਣੀਪੁਰ, ਰਾਵਲਪਿੰਡੀ ਤੇ ਰਿਹਾਣਾ ਜੱਟਾਂ ਦਾ ਦੌਰਾ ਕੀਤਾ ਗਿਆ ਤੇ...
ਪੱਤਰ ਪ੍ਰੇਰਕ
ਫਗਵਾੜਾ, 22 ਅਪਰੈਲ
ਬਲਾਕ ਦੀਆਂ ਮੰਡੀਆਂ ਦਾ ਦੌਰਾ ਕਰਨ ਲਈ ਏ.ਡੀ.ਸੀ. ਅਨੁਪਮ ਕਲੇਰ ਇੱਥੋਂ ਦੀਆਂ ਦਾਣਾ ਮੰਡੀਆਂ ’ਚ ਪੁੱਜੇ ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਵੱਲੋਂ ਦਾਣਾ ਮੰਡੀ ਰਾਣੀਪੁਰ, ਰਾਵਲਪਿੰਡੀ ਤੇ ਰਿਹਾਣਾ ਜੱਟਾਂ ਦਾ ਦੌਰਾ ਕੀਤਾ ਗਿਆ ਤੇ ਉੱਥੇ ਕਿਸਾਨਾਂ, ਕਾਮਿਆਂ ਤੇ ਆੜ੍ਹਤੀਆਂ ਨੂੰ ਖਰੀਦ ਦੌਰਾਨ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਪੁੱਛਿਆ। ਉਨ੍ਹਾਂ ਮੌਕੇ ’ਤੇ ਖਰੀਦ ਏਜੰਸੀਆਂ ਤੇ ਮਾਰਕੀਟ ਕਮੇਟੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਣਕ ਵੇਚਣ ਆਏ ਕਿਸਾਨਾਂ ਨੂੰ ਮੰਡੀਆਂ ’ਚ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣੀ ਚਾਹੀਦੀ। ਉਨ੍ਹਾਂ ਅਧਿਕਾਰੀਆਂ ਨੂੰ ਫ਼ਸਲਾਂ ਦੀ ਸਮੇਂ ਸਿਰ ਖ਼ਰੀਦ, ਲਿਫ਼ਟਿੰਗ ਤੇ ਅਦਾਇਗੀਆਂ ਕਰਨ ਸਬੰਧੀ ਨਿਰਦੇਸ਼ ਜਾਰੀ ਕੀਤੇ। ਇਸ ਮੌਕੇ ਐੱਸਡੀਐੱਮ ਜਸ਼ਨਜੀਤ ਸਿੰਘ ਤੇ ਮਾਰਕੀਟ ਕਮੇਟੀ ਦੇ ਸਕੱਤਰ ਦਲਬੀਰ ਸਿੰਘ ਹਾਜ਼ਰ ਸਨ।
ਪਠਾਨਕੋਟ (ਪੱਤਰ ਪ੍ਰੇਰਕ): ਘੋਹ ਦੀ ਦਾਣਾ ਮੰਡੀ ਵਿੱਚ ਹੁਣ ਤੱਕ 302 ਟਨ ਕਣਕ ਦੀ ਆਮਦ ਹੋ ਚੁੱਕੀ ਹੈ ਜਿਸ ਵਿੱਚੋਂ 252 ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ 100 ਟਨ ਕਣਕ ਦੀ ਲਿਫਟਿੰਗ ਵੀ ਹੋ ਚੁੱਕੀ ਹੈ। ਮੰਡੀ ਬੋਰਡ ਦੇ ਨਿਲਾਮੀ ਅਧਿਕਾਰੀ ਮਹੇਸ਼ ਕੁਮਾਰ ਅਨੁਸਾਰ ਜਿਨ੍ਹਾਂ ਕਿਸਾਨਾਂ ਦੀ ਕਣਕ ਦੀ ਫਸਲ ਖਰੀਦੀ ਗਈ ਹੈ, ਉਨ੍ਹਾਂ ਕਿਸਾਨਾਂ ਨੂੰ ਪੈਸਿਆਂ ਦੀ ਅਦਾਇਗੀ ਕੱਲ੍ਹ ਤੱਕ ਉਨ੍ਹਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਜਾਵੇਗੀ।
ਪਰਜੀਆ ਕਲਾਂ ਵਿੱਚ ਕਣਕ ਦੀ ਖ਼ਰੀਦ ਸ਼ੁਰੂ
ਸ਼ਾਹਕੋਟ (ਪੱਤਰ ਪ੍ਰੇਰਕ): ਮੰਡੀ ਸੁਪਰਵਾਈਜ਼ਰ ਅਮਨਦੀਪ ਸਿੰਘ ਟੁਰਨਾ ਤੇ ਸ਼ਾਮ ਲਾਲ ਦੌਧਰ ਦੀ ਨਿਗਰਾਨੀ ਹੇਠ ਪਨਸਪ ਦੇ ਇੰਸਪੈਕਟਰ ਅਮਨਦੀਪ ਸਿੰਘ ਵੱਲੋਂ ਪਰਜੀਆਂ ਖੁਰਦ ਦੇ ਕਿਸਾਨ ਮਹਿੰਦਰ ਸਿੰਘ ਦੀ ਕਣਕ ਜਰਨੈਲ ਸਿੰਘ ਐਡ ਸੰਨਜ਼ ਦੀ ਆੜ੍ਹਤ ਤੋਂ ਅਤੇ ਪਰਜੀਆਂ ਕਲਾਂ ਦੇ ਕਿਸਾਨ ਇਕਬਾਲ ਸਿੰਘ ਦੀ ਕਣਕ ਸੁਖਵਿੰਦਰ ਸਿੰਘ ਐਂਡ ਕੰਪਨੀ ਦੀ ਆੜ੍ਹਤ ਤੋਂ ਕਣਕ ਖਰੀਦਣ ਨਾਲ ਪਰਜੀਆਂ ਕਲਾਂ ਵਿੱਚ ਕਣਕ ਦੀ ਖਰੀਦ ਸ਼ੁਰੂ ਹੋ ਗਈ। ਮਾਰਕੀਟ ਕਮੇਟੀ ਸ਼ਾਹਕੋਟ ਦੇ ਸਕੱਤਰ ਤਜਿੰਦਰ ਕੁਮਾਰ ਨੇ ਕਿਸਾਨਾਂ ਨੂੰ ਮੰਡੀ ਵਿੱਚ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਾ ਆਉਣ ਦਾ ਦਾਅਵਾ ਕਰਦਿਆਂ ਕਿਸਾਨਾਂ ਨੂੰ ਮੰਡੀਆਂ ਵਿੱਚ ਸੁੱਕੀ ਕਣਕ ਲਿਆਉਣ ਦੀ ਅਪੀਲ ਕੀਤੀ।