ਨਗਰ ਨਿਗਮ ਦੀ ਬਿਲਡਿੰਗ ਬਰਾਂਚ ਵੱਲੋਂ ਲੰਮਾ ਪਿੰਡ ਨੇੜੇ ਪੈਂਦੇ ਪ੍ਰੇਮ ਨਗਰ ਮੁਹੱਲੇ ’ਚ ਬਣੇ ਨਾਜਾਇਜ਼ ਘਰ ਨੂੰ ਬੀਤੀ ਦੇਰ ਰਾਤ ਸੀਲ ਕਰਕੇ ਦੋ ਜਣਿਆਂ ਨੂੰ ਅੰਦਰ ਬੰਦ ਕਰ ਦਿੱਤਾ। ਨਿਗਮ ਦੀ ਟੀਮ ਨੇ ਉਨ੍ਹਾਂ ਨੂੰ ਸਾਮਾਨ ਤੱਕ ਬਾਹਰ ਕੱਢਣ ਦਾ ਮੌਕਾ ਨਹੀਂ ਦਿੱਤਾ। ਇਸ ਤਰ੍ਹਾਂ ਉਹ ਦੋ ਰਾਤਾਂ ਅੰਦਰ ਫਸੇ ਰਹੇ।
ਮੁਹੱਲਾ ਵਾਸੀਆਂ ਦਾ ਵਫ਼ਦ ਇਸ ਸਬੰਧੀ ਮੇਅਰ ਵਿਨੀਤ ਧੀਰ ਨੂੰ ਮਿਲਿਆ। ਵਫ਼ਦ ਨੇ ਲਿਖਤੀ ਸ਼ਿਕਾਇਤ ਵਿੱਚ ਕਿਹਾ ਕਿ ਮਾਨ ਸਿੰਘ ਦੇ ਘਰ ਉਸ ਦਾ ਇੱਕ ਰਿਸ਼ਤੇਦਾਰ ਸਤਨਾਮ ਸਿੰਘ ਆਇਆ ਸੀ ਅਤੇ ਬੁੱਧਵਾਰ ਦੀ ਰਾਤ ਲਗਪਗ 11 ਵਜੇ ਨਗਰ ਨਿਗਮ ਦੀ ਬਿਲਡਿੰਗ ਬਰਾਂਚ ਵੱਲੋਂ ਉਨ੍ਹਾਂ ਦਾ ਘਰ ਸੀਲ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਬਾਹਰ ਨਿਕਲਣ ਦਾ ਮੌਕਾ ਤਕ ਨਹੀਂ ਦਿੱਤਾ ਅਤੇ ਉਸ ਨੂੰ ਅੰਦਰ ਹੀ ਬੰਦ ਕਰ ਦਿੱਤਾ। ਜਦੋਂ ਇਸ ਦਾ ਪਤਾ ਮਾਨ ਸਿੰਘ ਨੂੰ ਲੱਗਾ ਤਾਂ ਉਸ ਨੇ ਹਰਦੀਪ ਨਗਰ ਰਹਿੰਦੇ ਆਪਣੇ ਲੜਕੇ ਰਾਕੇਸ਼ ਕੁਮਾਰ ਨੂੰ ਫੋਨ ਕੀਤਾ ਅਤੇ ਵੀਰਵਾਰ ਨੂੰ ਆਸ-ਪਾਸ ਦੇ ਲੋਕਾਂ ਨੇ ਉਨ੍ਹਾਂ ਨੂੰ ਖਾਣ-ਪੀਣ ਦਾ ਸਾਮਾਨ ਪਹੁੰਚਾਇਆ। ਅਗਲੇ ਦਿਨ ਮੁਹੱਲਾ ਵਾਸੀਆਂ ਦੇ ਵਫ਼ਦ ਨੇ ਮੇਅਰ ਨਾਲ ਮੁਲਾਕਾਤ ਕੀਤੀ। ਹਾਲਾਂਕਿ, ਮੇਅਰ ਦੇ ਭਰੋਸੇ ਦੇ ਬਾਵਜੂਦ ਬਿਲਡਿੰਗ ਬਰਾਂਚ ਨੇ ਸੀਲ ਨਹੀਂ ਖੋਲ੍ਹੀ। ਮਾਨ ਸਿੰਘ ਨੇ ਦੋਸ਼ ਲਾਇਆ ਕਿ ਉਹ 30-35 ਸਾਲਾਂ ਤੋਂ ਇਥੇ ਰਹਿ ਰਿਹਾ ਹੈ ਅਤੇ ਹੁਣ ਨਿਗਮ ਪ੍ਰਸ਼ਾਸਨ ਨੇ ਕਿਸੇ ਦਬਾਅ ਹੇਠ ਕੇ ਉਸ ਦਾ ਘਰ ਸੀਲ ਕੀਤਾ ਹੈ।
ਮਕਾਨ ’ਚ ਫਸੇ ਲੋਕ ਬਾਹਰ ਕੱਢੇ: ਮੇਅਰ
ਮੇਅਰ ਵਨੀਤ ਧੀਰ ਨੇ ਦੱਸਿਆ ਕਿ ਉਕਤ ਮਕਾਨ ਵਿਚ ਫਸੇ ਸਾਰੇ ਵਿਅਕਤੀਆਂ ਨੂੰ ਬਾਹਰ ਕੱਢ ਲਿਆ ਗਿਆ ਹੈ। ਇਸ ਸਬੰਧੀ ਕੋਈ ਵੀ ਕਰਮਚਾਰੀ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।