ਹੈਰੀਟੇਜ ਸਟਰੀਟ ਤੇ ਹੋਰ ਥਾਵਾਂ ’ਚੋਂ ਨਾਜਾਇਜ਼ ਕਬਜ਼ੇ ਹਟਾਏ
ਨਗਰ ਨਿਗਮ ਦੇ ਅਸਟੇਟ ਵਿਭਾਗ ਦੀ ਟੀਮ ਵਲੋਂ ਹੈਰੀਟੇਜ ਸਟਰੀਟ, ਭੰਡਾਰੀ ਪੁੱਲ ਤੋਂ ਗੋਬਿੰਦਗੜ੍ਹ ਕਿਲ੍ਹਾ, ਮਾਲ ਰੋਡ, ਜੀਟੀ ਰੋਡ ਆਦਿ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਕੀਤੀ ਗਈ। ਅੱਜ ਦੀ ਇਸ ਕਾਰਵਾਈ ਵਿੱਚ ਅਸਟੇਟ ਅਫਸਰ ਧਰਮਿੰਦਰਜੀਤ ਸਿੰਘ, ਅਮਨ ਕੁਮਾਰ ਇੰਸਪੈਕਟਰ ਅਤੇ ਅਰੁਣ ਸਹਿਜ ਪਾਲ ਤੋਂ ਇਲਾਵਾ ਪੁਲਿਸ ਦੀ ਟੀਮ ਵੀ ਸ਼ਾਮਲ ਸਨ। ਸੰਯੁਕਤ ਕਮਿਸ਼ਨਰ ਜੈ ਇੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਹੋਏ ਨਾਜਾਇਜ਼ ਕਬਜ਼ਿਆਂ ਬਾਰੇ ਸ਼ਿਕਾਇਤਾਂ ਆ ਰਹੀਆਂ ਸਨ। ਇਸ ਤੋਂ ਇਲਾਵਾ ਕਮਿਸ਼ਨਰ ਨਗਰ ਨਿਗਮ ਵਲੋਂ ਵੀ ਵਾਰ-ਵਾਰ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾ ਰਹੀ ਸੀ ਕਿ ਸੜਕਾਂ ’ਤੇ ਹੋਏ ਨਾਜਾਇਜ਼ ਕਬਜ਼ੇ ਆਪੇ ਹੀ ਹਟਾ ਲਏ ਜਾਣ। ਇਸ ਤੋਂ ਇਲਾਵਾ ਮਾਲ ਰੋਡ ਕੰਪਨੀ ਬਾਗ੍ਰ ਅਤੇ ਭੰਡਾਰੀ ਪੁਲ ਦੇ ਹੇਠ ਗੋਬਿੰਦਗੜ੍ਹ ਕਿਲ੍ਹੇ ਤੱਕ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੈ ਜਿਸ ਕਰਕੇ ਅੱਜ ਨਿਗਮ ਦੀ ਅਸਟੇਟ ਵਿਭਾਗ ਦੀ ਟੀਮ ਵਲੋਂ ਨਾਜਾਇਜ਼ ਕਬਜ਼ੇ ਹਟਾਉਣ ਵਾਸਤੇ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਹੈਰੀਟਜ ਸਟਰੀਟ ਜਿਥੇ ਕਿ ਲੋਕਾਂ ਦਾ ਕਾਫ਼ੀ ਆਉਣਾ-ਜਾਣਾ ਹੁੰਦਾ ਹੈ, ਉਸ ਤੋਂ ਵੀ ਇਹ ਨਾਜਾਇਜ਼ ਕਬਜ਼ੇ ਹਟਾ ਕੇ ਸਾਮਾਨ ਜ਼ਬਤ ਕੀਤਾ ਗਿਆ ਹੈ। ਭੰਡਾਰੀ ਪੁਲ ਹੇਠ ਵੀ ਅਣ-ਅਧਿਕਾਰਤ ਤਰੀਕੇ ਨਾਲ ਲੱਗਾ ਸਾਮਾਨ ਵਿਭਾਗ ਵਲੋਂ ਜ਼ਬਤ ਕਰ ਲਿਆ ਗਿਆ ਹੈ। ਜੀਟੀ ਰੋਡ ਅਤੇ ਕੰਪਨੀ ਬਾਗ਼ ਦੇ ਬਾਹਰ ਲੱਗੀਆਂ ਰੇਹੜੀ-ਫੜ੍ਹੀਆਂ ਵੀ ਜ਼ਬਤ ਕੀਤੀਆਂ ਗਈਆਂ ਹਨ। ਸੰਯੁਕਤ ਕਮਿਸ਼ਨਰ ਨੇ ਕਿਹਾ ਕਿ ਨਿਗਮ ਵਲੋਂ ਨਾਜਾਇਜ਼ ਕਬਜ਼ੇ ਹਟਾਉਣ ਸਬੰਧੀ ਕਾਰਵਾਈ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਅਪੀਲ ਕੀਤੀ ਕਿ ਲੋਕ ਆਪਣੇ ਨਾਜਾਇਜ਼ ਕਬਜ਼ੇ ਅਤੇ ਸੜਕਾਂ ’ਤੇ ਲਗਾਇਆ ਸਾਮਾਨ ਖੁਦ ਹੀ ਹਟਾ ਲੈਣ ਨਹੀ ਤਾਂ ਕਾਰਵਾਈ ਕੀਤੀ ਜਾਵੇਗੀ।