ਆਦਮਪੁਰ ਨਗਰ ਕੌਂਸਲ ਦੀ ਹਾਊਸ ਮੀਟਿੰਗ
ਹਤਿੰਦਰ ਮਹਿਤਾ
ਜਲੰਧਰ, 4 ਜੁਲਾਈ
ਨਗਰ ਕੌਂਸਲ ਆਦਮਪੁਰ ਦੀ ਹਾਊਸ ਮੀਟਿੰਗ ਪ੍ਰਧਾਨ ਦਰਸ਼ਨ ਸਿੰਘ ਕਰਵਲ ਦੀ ਦੇਖ-ਰੇਖ ਹੇਠ ਹੋਈ। ਇਸ ਵਿੱਚ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਤੇ ਸਮੂਹ ਕੌਸਲਰਾਂ ਨੇ ਸ਼ਿਰਕਤ ਕੀਤੀ। ਪ੍ਰਧਾਨ ਦਰਸ਼ਨ ਸਿੰਘ ਕਰਵਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੀਟਿੰਗ ਦੌਰਾਨ ਹਾਜ਼ਰ ਸਮੂਹ ਕੌਸਲਰਾਂ ਵੱਲੋਂ ਸਰਬਸੰਮਤੀ ਨਾਲ ਸ਼ਹਿਰ ਦੇ ਵਿਕਾਸ ਕੰਮਾਂ ਦੇ ਕਈ ਮਤੇ ਪਾਸ ਕੀਤੇ ਗਏ। ਉਨ੍ਹਾਂ ਦੱਸਿਆ ਕਿ ਸਾਰਿਆਂ ਵੱਲੋਂ ਇਹ ਵੀ ਫ਼ੈਸਲਾ ਲਿਆ ਗਿਆ ਕਿ ਪਹਿਲਾਂ ਪਾਏ ਮਤਿਆਂ ’ਚੋਂ ਜਿੰਨੇ ਵੀ ਕੰਮ ਰੁਕੇ ਪਏ ਹਨ, ਉਨ੍ਹਾਂ ਨੂੰ ਸ਼ੁਰੂ ਕਰਵਾ ਕੇ ਜਲਦੀ ਖ਼ਤਮ ਕੀਤਾ ਜਾਵੇਗਾ। ਸ੍ਰੀ ਕਰਵਲ ਨੇ ਕਿਹਾ ਕਿ ਉਨ੍ਹਾਂ ਦਾ ਇੱਕੋ-ਇੱਕ ਮਕਸਦ ਹੈ ਸ਼ਹਿਰ ਦਾ ਵੱਧ ਤੋਂ ਵੱਧ ਵਿਕਾਸ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਇਹ ਵਿਕਾਸ ਬਿਨਾਂ ਕਿਸੇ ਭੇਦ-ਭਾਵ ਦੇ ਕੀਤਾ ਜਾਵੇਗਾ।
ਇਸ ਦੌਰਾਨ ਵਿਧਾਇਕ ਸੁਖਵਿੰਦਰ ਕੋਟਲੀ ਨੇ ਕਿਹਾ ਕਿ ਦਰਸ਼ਨ ਕਰਵਲ ਨੇ ਆਪਣੇ ਕਾਰਜਕਾਲ ਦੌਰਾਨ ਸ਼ਹਿਰ ਦੇ ਵਿਕਾਸ ਕੰਮ ਕਰਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਹ ਕੰਮ ਜਾਰੀ ਰਹਿਣਗੇ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਵੀਨਾ ਚੋਡਾ, ਸੁਰਿੰਦਰ ਪਾਲ ਸਿੱਧੂ, ਭੁਪਿੰਦਰ ਸਿੰਘ ਭਿੰਦਾ, ਹਰਜਿੰਦਰ ਸਿੰਘ ਕਰਵਲ, ਅਮਰੀਕ ਸਿੰਘ ਸਵੀਟੀ, ਬਿਕਰਮ ਬੱਧਣ, ਸੁਸ਼ਮਾ ਕੁਮਾਰੀ, ਰਾਜਿੰਦਰ ਕੌਰ, ਸਤਵਿੰਦਰ ਕੌਰ, ਕੰਨੂ ਬਾਂਸਲ, ਜੋਗਿੰਦਰਪਾਲ (ਸਾਰੇ ਕੌਂਸਲਰ) ਤੇ ਨਗਰ ਕੌਂਸਲ ਦੇ ਹੋਰ ਅਧਿਕਾਰੀ ਹਾਜ਼ਰ ਸਨ।