ਇੱਥੇ ਦੋ ਫਿਰਕਿਆਂ ਵਿਚਕਾਰ ਧਾਰਮਿਕ ਨਾਅਰੇਬਾਜ਼ੀ ਨੂੰ ਲੈ ਕੇ ਤਣਾਅ ਪੈਦਾ ਹੋਣ ਤੋਂ ਇੱਕ ਦਿਨ ਬਾਅਦ ਸਨਾਤਨ ਰਕਸ਼ਾ ਮੰਚ ਦੇ ਮੈਂਬਰਾਂ ਅਤੇ ਭਾਜਪਾ ਆਗੂਆਂ ਨੇ ਇੱਥੇ ਸ੍ਰੀ ਰਾਮ ਚੌਕ ’ਚ ਤਿੰਨ ਘੰਟੇ ਪ੍ਰਦਰਸ਼ਨ ਕੀਤਾ।
ਦੂਜੇ ਪਾਸੇ ਮੁਸਲਿਮ ਸੰਗਠਨ ਪੰਜਾਬ ਦੇ ਮੈਂਬਰਾਂ ਨੇ ਕਿਹਾ ਕਿ ਹਿੰਦੂ ਕਾਰਕੁਨ ਯੋਗੇਸ਼ ਮੈਣੀ ਨੇ ਜਾਣ-ਬੁੱਝ ਕੇ ਡੀਸੀ ਦਫ਼ਤਰ ਦੇ ਬਾਹਰ ‘ਜੈ ਸ੍ਰੀ ਰਾਮ’ ਦੇ ਨਾਅਰੇ ਲਗਾ ਕੇ ਉਨ੍ਹਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਸੀ, ਜਿੱਥੇ ਉਹ ਪਹਿਲਾਂ ਹੀ ‘ਆਈ ਲਵ ਮੁਹੰਮਦ’ ਬੈਨਰ ਲੈ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਸਨ। ਸੰਗਠਨ ਦੇ ਪ੍ਰਧਾਨ ਨਈਮ ਖਾਨ, ਜਨਰਲ ਸਕੱਤਰ ਮਜ਼ਹਰ ਆਲਮ ਅਤੇ ਅਯੂਬ ਖਾਨ ਨੇ ਇਸ ਸਭ ਨੂੰ ਬਿਹਾਰ ਚੋਣਾਂ ਤੋਂ ਪਹਿਲਾਂ ਪੰਜਾਬ ਅਤੇ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦੀ ਇੱਕ ਘਟੀਆ ਕੋਸ਼ਿਸ਼ ਦੱਸਿਆ।
ਦੋਵਾਂ ਧਿਰਾਂ ਨੇ ਆਪਣੇ ਦਾਅਵਿਆਂ ਦੇ ਸਮਰਥਨ ਵਿੱਚ ਵੀਡੀਓ ਸਾਂਝੇ ਕੀਤੇ। ਇਸ ਦੌਰਾਨ ਸੰਯੁਕਤ ਪੁਲੀਸ ਕਮਿਸ਼ਨਰ ਸੰਦੀਪ ਸ਼ਰਮਾ ਅੰਦੋਲਨਕਾਰੀ ਭਾਜਪਾ ਆਗੂਆਂ ਤੱਕ ਪਹੁੰਚੇ, ਡਿਪਟੀ ਪੁਲੀਸ ਕਮਿਸ਼ਨਰ ਨਰੇਸ਼ ਡੋਗਰਾ ਅਤੇ ਏਡੀਸੀਪੀ-1 ਆਕਰਸ਼ੀ ਜੈਨ ਨੇ ਮੁਸਲਿਮ ਆਗੂਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਸ਼ਿਕਾਇਤਕਰਤਾ ਨੇ ਸ਼ਿਕਾਇਤ ਦੀ ਪੂਰਕ ਕਾਪੀ ਵਿੱਚ ਅਯੂਬ ਖਾਨ ਅਤੇ ਨਈਮ ਖਾਨ ਦਾ ਨਾਮ ਜੋੜਿਆ ਸੀ ਅਤੇ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਐੱਫਆਈਆਰ ਵਿੱਚ ਨਾਮਜ਼ਦ ਕੀਤਾ ਜਾਵੇ।
ਹਾਲਾਂਕਿ, ਦੋਵਾਂ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਹ ਮੰਗ ਪੱਤਰ ਸੌਂਪਣ ਲਈ ਏਡੀਸੀਪੀ ਡੋਗਰਾ ਦੇ ਦਫ਼ਤਰ ਵਿੱਚ ਸਨ। ਇਸ ਦੇ ਉਲਟ ਦੋਵਾਂ ਨੇ ਮੰਗ ਕੀਤੀ ਕਿ ਫਿਰਕੂ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਕਰਦੇ ਹੋਏ ਬੀਐੱਮਸੀ ਚੌਕ ਨੂੰ ਰੋਕ ਰਹੇ ਹਿੰਦੂ ਕਾਰਕੁਨਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ। ਭੰਡਾਰੀ ਨੇ ਮੁਸਲਿਮ ਆਗੂਆਂ ਦੀਆਂ ਦਲੀਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਯੋਗੇਸ਼ ਮੈਣੀ ਪੇਸ਼ੇ ਤੋਂ ਇੱਕ ਲੇਖਾਕਾਰ ਹੈ, ਉਹ ਪਾਰਟੀ ਦਾ ਵਰਕਰ ਵੀ ਨਹੀਂ ਹੈ। ਉਹ ਇੱਕ ਸਧਾਰਨ ਸਨਾਤਨ ਧਰਮ ਦਾ ਪੈਰੋਕਾਰ ਹੈ। ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਪੁਤਲੇ ਸੜਦੇ ਦੇਖੇ, ਜਿਸ ’ਤੇ ਮਾਮਲਾ ਭਖ਼ ਗਿਆ।
ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੇ ਭਰੋਸੇ ਮਗਰੋਂ ਧਰਨਾ ਚੁੱਕਿਆ
ਡਿਪਟੀ ਪੁਲੀਸ ਕਮਿਸ਼ਨਰ ਨਰੇਸ਼ ਡੋਗਰਾ ਨੇ ਧਰਨਾਕਰੀਆਂ ਨੂੰ ਭਰੋਸਾ ਦਿੱਤਾ ਕਿ ਨਾਮਜ਼ਦ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ, ਜਿਸ ਮਗਰੋਂ ਉਨ੍ਹਾਂ ਧਰਨਾ ਸਮਾਪਤ ਕਰ ਦਿੱਤਾ।