ਹਵਾਰਾ ਨੂੰ ਫੌਰੀ ਪੈਰੋਲ ਦਿੱਤੀ ਹੋਵੇ: ਹਰਨਾਮ ਸਿੰਘ ਖਾਲਸਾ
ਅੰਮ੍ਰਿਤਸਰ: ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸਰਕਾਰਾ ਨੂੰ ਅਪੀਲ ਕੀਤੀ ਕਿ ਭਾਈ ਹਵਾਰਾ ਨੂੰ ਪੈਰੋਲ ਦਿੱਤੀ ਜਾਵੇ ਅਤੇ ਭਾਈ ਰਾਜੋਆਣਾ ਦੀ ਸਜ਼ਾ ਤਬਦੀਲੀ ’ਤੇ ਫੌਰੀ ਅਮਲ ਕੀਤਾ ਜਾਵੇ। ਉਨ੍ਹਾਂ ਨੇ...
ਅੰਮ੍ਰਿਤਸਰ: ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸਰਕਾਰਾ ਨੂੰ ਅਪੀਲ ਕੀਤੀ ਕਿ ਭਾਈ ਹਵਾਰਾ ਨੂੰ ਪੈਰੋਲ ਦਿੱਤੀ ਜਾਵੇ ਅਤੇ ਭਾਈ ਰਾਜੋਆਣਾ ਦੀ ਸਜ਼ਾ ਤਬਦੀਲੀ ’ਤੇ ਫੌਰੀ ਅਮਲ ਕੀਤਾ ਜਾਵੇ। ਉਨ੍ਹਾਂ ਨੇ ਦਿੱਲੀ ਦੀ ਜੇਲ੍ਹ ਵਿੱਚ ਬੰਦ ਸਿੱਖ ਕੈਦੀ ਭਾਈ ਜਗਤਾਰ ਸਿੰਘ ਹਵਾਰਾ ਦੀ ਬਿਰਧ ਮਾਤਾ ਬੀਬੀ ਨਰਿੰਦਰ ਕੌਰ ਦੀ ਸਿਹਤ ਬਾਰੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਜਥੇਬੰਦੀ ਦੇ ਮੁੱਖ ਬੁਲਾਰੇ ਭਾਈ ਸੁਖਦੇਵ ਸਿੰਘ ਦੀ ਅਗਵਾਈ ਹੇਠ ਇੱਕ ਵਫ਼ਦ ਪਿੰਡ ਹਵਾਰਾ ਵਿਖੇ ਭੇਜ ਕੇ ਮਾਤਾ ਦੀ ਸਿਹਤ ਦਾ ਹਾਲ ਜਾਣਿਆ ਅਤੇ ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸ ਕੀਤੀ ਗਈ। ਇਸ ਮੌਕੇ ਦਮਦਮੀ ਟਕਸਾਲ ਨੇ ਸਿੱਖ ਕੈਦੀਆਂ ਦੇ ਕਾਨੂੰਨੀ ਅਧਿਕਾਰਾਂ ਦੀ ਵਕਾਲਤ ਕੀਤੀ। -ਟਨਸ
ਤਿੰਨ ਘੰਟੇ ਟਰੈਫਿਕ ਜਾਮ
ਪਠਾਨਕੋਟ: ਪਠਾਨਕੋਟ-ਜੰਮੂ ਕੌਮੀ ਰਾਜਮਾਰਗ ’ਤੇ ਮਾਧੋਪੁਰ ਵਿੱਚ ਬਣੇ ਪੁਲ ਉੱਤੇ ਇੱਕ ਟਰਾਲਾ ਹਾਦਸਾਗ੍ਰਸਤ ਹੋਣ ਕਾਰਨ ਤਿੰਨ ਘੰਟੇ ਜਾਮ ਲੱਗਿਆ ਰਿਹਾ ਅਤੇ ਦੋਵਾਂ ਰਾਜਾਂ ਦੀ ਆਵਾਜਾਈ ਪ੍ਰਭਾਵਿਤ ਰਹੀ। ਹਾਦਸੇ ਦੀ ਸੂਚਨਾ ਮਿਲਦੇ ਹੀ ਦੋਵਾਂ ਸੂਬਿਆਂ ਦੀ ਪੁਲੀਸ ਮੌਕੇ ’ਤੇ ਪਹੁੰਚੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰਾਲੇ ਦੇ ਟੁਕੜੇ ਹੋ ਗਏ, ਹਾਲਾਂਕਿ ਡਰਾਈਵਰ ਵਾਲ-ਵਾਲ ਬਚ ਗਿਆ। ਜਾਣਕਾਰੀ ਅਨੁਸਾਰ, ਮਾਧੋਪੁਰ ਵਿੱਚ ਰਾਵੀ ਦਰਿਆ ਵਿੱਚ ਹੜ੍ਹ ਆਉਣ ਕਾਰਨ, ਇੱਕ ਪੁਲ ਨੂੰ ਨੁਕਸਾਨ ਪਹੁੰਚ ਗਿਆ ਸੀ ਤੇ ਉਹ ਬੰਦ ਕਰ ਰੱਖਿਆ ਹੈ। ਹੁਣ ਵਾਹਨਾਂ ਨੂੰ ਦੂਸਰੇ ਪੁਲ ਤੋਂ ਹੀ ਕੱਢਿਆ ਜਾ ਰਿਹਾ ਸੀ। ਇਸ ਦੌਰਾਨ ਜੰਮੂ-ਕਸ਼ਮੀਰ ਤੋਂ ਪਠਾਨਕੋਟ ਆ ਰਹੇ ਇੱਕ ਟਰਾਲੇ ਦੀ ਇਸ ਪੁਲ ’ਤੇ ਇੱਕ ਅਣਪਛਾਤੇ ਵਾਹਨ ਨਾਲ ਟੱਕਰ ਹੋ ਗਈ। ਟਰਾਲੇ ਨੂੰ ਕਾਫ਼ੀ ਨੁਕਸਾਨ ਹੋਇਆ। ਦੋਵਾਂ ਰਾਜਾਂ ਦੀ ਪੁਲੀਸ ਨੂੰ ਟਰੈਫਿਕ ਜਾਮ ਨੂੰ ਖੋਹਲਣ ਵਿੱਚ ਲਗਪਗ ਤਿੰਨ ਘੰਟੇ ਲੱਗ ਗਏ। -ਪੱਤਰ ਪ੍ਰੇਰਕ
ਗਿਰਦਾਵਰੀ ਲਈ ਡਰੋਨ ਵਰਤਣ ਦੀ ਮੰਗ
ਅੰਮ੍ਰਿਤਸਰ: ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਧਾਨ ਕੁਲਵੰਤ ਸਿੰਘ ਅਣਖੀ ਨੇ ਕਿਹਾ ਕਿ ਹੜ੍ਹਾਂ ਨਾਲ ਪ੍ਰਭਾਵਿਤ ਇਲਾਕਿਆਂ ਦੇ ਕਿਸਾਨਾਂ, ਦੁਕਾਨਦਾਰਾਂ ਅਤੇ ਮਜ਼ਦੂਰਾਂ ਨੂੰ ਰਾਹਤ ਦੇਣ ਲਈ ਸਰਕਾਰ ਨੇ ਸਦੀ ਪੁਰਾਣੀ ਗਿਰਦਾਵਰੀ ਪ੍ਰਣਾਲੀ ਨੂੰ ਲਾਗੂ ਕਰ ਦਿੱਤਾ ਹੈ। ਇਹ ਗਿਰਦਾਵਰੀ ਪਟਵਾਰੀਆਂ ਅਤੇ ਮਾਲ ਵਿਭਾਗ ਦੇ ਕਰਮਚਾਰੀਆਂ ਵੱਲੋਂ ਕੀਤੀ ਜਾਣੀ ਹੈ ਅਤੇ ਇਸ ਤਰ੍ਹਾਂ ਗਿਰਦਾਵਰੀ ਕਰਨ ਤੇ ਲੰਮਾ ਸਮਾਂ ਲੱਗ ਸਕਦਾ ਹੈ। ਪਟਵਾਰੀਆਂ ਕੋਲੋਂ ਗਿਰਦਾਵਰੀ ਕਰਵਾ ਕੇ ਕਿਸਾਨਾਂ ਅਤੇ ਹੋਰ ਵਰਗਾਂ ਨੂੰ ਸਰਕਾਰੀ ਰਾਹਤ ਦੇਣ ਦੀ ਸਦੀ ਪੁਰਾਣੀ ਲਮਕਾਊ ਵਿਧੀ ਦੀ ਬਜਾਏ ਸਰਕਾਰ ਨੂੰ ਡਰੋਨ ਪ੍ਰਣਾਲੀ ਅਤੇ ਇਨਫਰਮੇਸ਼ਨ ਟੈਕਨਾਲੋਜੀ ਦੀ ਅਧੁਨਿਕ ਵਿਧੀ ਅਪਣਾਉਣੀ ਚਾਹੀਦੀ ਹੈ ਤਾਂ ਕਿ ਲੋੜਵੰਦਾਂ ਨੂੰ ਤੁਰੰਤ ਰਾਹਤ ਦਿੱਤੀ ਜਾ ਸਕੇ। ਡਰੋਨ ਪ੍ਰਣਾਲੀ ਅਤੇ ਨਵੀਨਤਮ ਇਨਫਰਮੇਸ਼ਨ ਟੈਕਨਾਲੋਜੀ ਦੀ ਵਰਤੋਂ ਸਦਕਾ ਫਸਲਾਂ, ਘਰਾਂ, ਸਕੂਲ਼ਾਂ ਦੀਆਂ ਇਮਾਰਤਾਂ, ਧੁੱਸੀ ਬੰਨ੍ਹਾਂ ਆਦਿ ਅਤੇ ਖੇਤਾਂ ਵਿੱਚ ਇਕੱਠੀ ਹੋ ਗਈ ਰੇਤ, ਭੱਲ਼ ਅਤੇ ਮਿੱਟੀ ਬਾਰੇ ਅੰਕੜੇ ਅਤੇ ਹੋਰ ਸੂਚਨਾਵਾਂ ਬਹੁਤ ਥੋੜ੍ਹੇ ਸਮੇਂ ਵਿੱਚ ਹੀ ਪ੍ਰਾਪਤ ਹੋ ਸਕਦੀਆਂ ਹਨ। -ਪੱਤਰ ਪ੍ਰੇਰਕ
ਲੱਖ ਰੁਪਏ ਦਾ ਚੈੱਕ ਦਿੱਤਾ
ਅੰਮ੍ਰਿਤਸਰ: ਹੜ੍ਹ ਪ੍ਰਭਾਵਿਤ ਲੋਕਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਰਾਹਤ ਕਾਰਜਾਂ ਵਿਚ ਸਹਿਯੋਗ ਲਈ ਅੱਜ ਮੱਧ ਪ੍ਰਦੇਸ਼ ਦੇ ਅਸ਼ੋਕ ਨਗਰ ਤੋਂ ਓਬੀਸੀ ਮਹਾਂ ਸਭਾ ਦੇ ਨੁਮਾਇੰਦਿਆਂ ਵੱਲੋਂ ਇੱਕ ਲੱਖ 7 ਹਜ਼ਾਰ 311 ਰੁਪਏ ਦਾ ਚੈੱਕ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੂੰ ਸੌਂਪਿਆ ਗਿਆ। ਇਸ ਮੌਕੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਬੰਨ੍ਹਾਂ ਨੂੰ ਮਜ਼ਬੂਤ ਕਰਨ ਅਤੇ ਜ਼ਮੀਨਾਂ ਪੱਧਰੀਆਂ ਕਰਨ ਵਾਸਤੇ ਡੀਜ਼ਲ ਦੇਣ ਦੇ ਨਾਲ-ਨਾਲ ਹੋਰ ਲੋੜੀਂਦੇ ਕਾਰਜ ਵੀ ਕੀਤੇ ਜਾ ਰਹੇ ਹਨ। ਇਸ ਮੌਕੇ ਮੀਤ ਸਕੱਤਰ ਹਰਭਜਨ ਸਿੰਘ ਵਕਤਾ, ਓਬੀਸੀ ਮਹਾਂ ਸਭਾ ਦੇ ਨੁਮਾਇੰਦੇ ਰਾਮਰਾਜ ਪਟੇਲ, ਛੋਟੇ ਲਾਲ ਪਟੇਲ, ਕਿਸ਼ਨ ਪਟੇਲ, ਅਰਵਿੰਦ ਪਟੇਲ, ਰਾਮਰਾਜ ਕੁਰਮੀ, ਮਹਿੰਦਰ ਪਟੇਲ, ਪ੍ਰਭਾਤ ਪਟੇਲ ਤੇ ਸ਼ਿਵਾ ਕੌਲ ਆਦਿ ਮੌਜੂਦ ਸਨ। -ਟਨਸ
ਅਧਿਆਪਕਾਂ ਵੱਲੋਂ ਪ੍ਰਦਰਸ਼ਨ ਭਲਕੇ
ਫਿਲੌਰ: ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਨੇ 28 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਘਿਰਾਓ ਦਾ ਐਲਾਨ ਕੀਤਾ ਹੈ। ਮੀਟਿੰਗ ਉਪਰੰਤ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਰਮਨ ਕੁਮਾਰ ਅਤੇ ਸੂਬਾ ਪ੍ਰੈੱਸ ਸਕੱਤਰ ਹਰਜਿੰਦਰ ਮਹਿਸਮਪੁਰ ਨੇ ਕਿਹਾ ਕਿ ‘ਆਪ’ ਸਰਕਾਰ ਬਣਨ ਮਗਰੋਂ ਲਗਪਗ 80 ਦੇ ਕਰੀਬ ਮੀਟਿੰਗਾਂ ਸਬ-ਕਮੇਟੀ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਿੱਖਿਆ ਅਤੇ ਵਿੱਤ ਵਿਭਾਗ ਦੇ ਆਲਾ ਅਫਸਰਾ ਨਾਲ ਹੋ ਚੁੱਕੀਆਂ ਹਨ। ਜਿਨ੍ਹਾਂ ਵਿੱਚ ਜਥੇਬੰਦੀ ਦੇ ਪੱਲੇ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਪਿਆ। -ਪੱਤਰ ਪ੍ਰੇਰਕ