ਗੁਰੂ ਤੇਗ ਬਹਾਦਰ ਕਾਲਜ ਓਵਰਆਲ ਚੈਂਪੀਅਨ
ਕਾਲਜ ਨੇ ਲਗਾਤਾਰ 14ਵੀਂ ਟਰਾਫੀ ਜਿੱਤੀ; ਗਿੱਧੇ ਵਿੱਚ ਪਹਿਲਾ, ਭਾਸ਼ਣ ਵਿੱਚ ਦੂਜਾ ਸਥਾਨ
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫਾਰ ਵਿਮੈਨ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕਰਵਾਏ ਯੂਥ ਫੈਸਟੀਵਲ-2025 ਵਿੱਚ ਵੱਖ-ਵੱਖ ਗਤੀਵਿਧੀਆਂ ਵਿੱਚ ਆਪਣੇ ਹੁਨਰ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਓਵਰਆਲ ਚੈਂਪੀਅਨ ਬਣ ਕੇ ਲਗਾਤਾਰ 14ਵੀਂ ਵਾਰ ਟਰਾਫੀ ਜਿੱਤੀ ਹੈ।
ਇਸ ਸਬੰਧੀ ਕਾਲਜ ਪ੍ਰਿੰਸੀਪਲ ਡਾ. ਲਕਸ਼ਮੀ ਮਲਹੋਤਰਾ ਨੇ ਮੁਕਾਬਲੇਬਾਜ਼ੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਵਿਦਿਆਰਥਣਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵੱਖ-ਵੱਖ ਸਰਗਰਮੀਆਂ ਵਿੱਚ ਬੇਮਿਸਾਲ ਪ੍ਰਤਿਭਾ, ਸਮਰਪਣ ਅਤੇ ਟੀਮ ਵਰਕ ਦੇ ਪ੍ਰਦਰਸ਼ਨ ਕਾਰਨ ਗਿੱਧੇ ਵਿੱਚ ਪਹਿਲਾ, ਭਾਸ਼ਣ ਵਿੱਚ ਦੂਜਾ, ਥੀਏਟਰ ਵਿੱਚ ਦੂਜਾ, ਮਿਮਿਕਰੀ ਵਿੱਚ ਦੂਜਾ, ਕੋਲਾਜ ਵਿੱਚ ਦੂਜਾ ਅਤੇ ਫੁਲਕਾਰੀ ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਇਆ ਹੈ।
ਇਸ ਮੌਕੇ ਉੁਨ੍ਹਾਂ ਖਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਨਿਰੰਤਰ ਪ੍ਰੇਰਨਾ, ਮਾਰਗਦਰਸ਼ਨ, ਵਿੱਦਿਅਕ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਉੱਤਮਤਾ ਨੂੰ ਉਤਸ਼ਾਹਿਤ ਕਰਨ ਲਈ ਦਿੱਤੇ ਜਾਂਦੇ ਸਹਿਯੋਗ ਅਤੇ ਵਚਨਬੱਧਤਾ ਲਈ ਧੰਨਵਾਦ ਕੀਤਾ। ਉਨ੍ਹਾਂ ਸਮੂਹ ਜੇਤੂਆਂ ਦੀ ਜਿੱਤ ਦਾ ਸਿਹਰਾ ਸਬੰਧਤ ਅਧਿਆਪਕਾਂ ਵੱਲੋਂ ਕਰਵਾਈ ਗਈ ਅਣਥੱਕ ਮਿਹਨਤ ਨੂੰ ਦਿੰਦਿਆਂ ਸ਼ਲਾਘਾਯੋਗ ਪ੍ਰਦਰਸ਼ਨ ਸਬੰਧੀ ਵਧਾਈ ਦਿੱਤੀ, ਜਿਸ ਕਾਰਨ ਸ਼ਾਨਦਾਰ ਪ੍ਰਾਪਤੀ ਹਾਸਲ ਹੋਈ ਹੈ। ਉਨ੍ਹਾਂ ਕਿਹਾ ਕਿ ਕਾਲਜ ਦੀ ਉੱਤਮਤਾ, ਟੀਮ ਵਰਕ ਅਤੇ ਅਟੁੱਟ ਭਾਵਨਾ ਦੀ ਵਿਰਾਸਤ ਦੀ ਇਕ ਚਮਕਦਾਰ ਉਦਾਹਰਣ ਵਜੋਂ ਇਹ ਲਗਾਤਾਰ 14ਵੀਂ ਇਤਿਹਾਸਕ ਜਿੱਤ ਹੈ।

