ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਯੁਵਕ ਮੇਲਾ ਸ਼ੁਰੂ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 10 ਨਵੰਬਰ ਤਕ ਚੱਲਣ ਵਾਲੇ ਜ਼ੋਨਲ ਤੇ ਇੰਟਰ-ਜ਼ੋਨਲ ਯੂਥ ਫੈਸਟੀਵਲ ਦੀ ਸ਼ੁਰੂਆਤ ਅੱਜ ਸਮਾਜਕ ਸੰਵੇਦਨਸ਼ੀਲਤਾ ਤੇ ਕਲਾਤਮਕ ਜੋਸ਼ ਨਾਲ ਹੋਈ। ਪੰਜਾਬ ਵਿੱਚ ਆਏ ਹਾਲੀਆ ਹੜ੍ਹਾਂ ਨਾਲ ਜੁੜੇ ਦਰਦ ਤੇ ਮਨੁੱਖੀ ਸਾਂਝ ਨੂੰ ਸਮਰਪਿਤ ਇਸ ਯੁਵਕ...
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 10 ਨਵੰਬਰ ਤਕ ਚੱਲਣ ਵਾਲੇ ਜ਼ੋਨਲ ਤੇ ਇੰਟਰ-ਜ਼ੋਨਲ ਯੂਥ ਫੈਸਟੀਵਲ ਦੀ ਸ਼ੁਰੂਆਤ ਅੱਜ ਸਮਾਜਕ ਸੰਵੇਦਨਸ਼ੀਲਤਾ ਤੇ ਕਲਾਤਮਕ ਜੋਸ਼ ਨਾਲ ਹੋਈ। ਪੰਜਾਬ ਵਿੱਚ ਆਏ ਹਾਲੀਆ ਹੜ੍ਹਾਂ ਨਾਲ ਜੁੜੇ ਦਰਦ ਤੇ ਮਨੁੱਖੀ ਸਾਂਝ ਨੂੰ ਸਮਰਪਿਤ ਇਸ ਯੁਵਕ ਮੇਲੇ ਦਾ ਥੀਮ ਦਰਸ਼ਕਾਂ ਦੀਆਂ ਅੰਦਰੂਨੀ ਭਾਵਨਾਵਾਂ ਦਾ ਪ੍ਰਗਟਾਵਾ ਹੈ। ਵਿਦਿਆਰਥੀਆਂ ਨੇ ਸਕਿਟ, ਕਾਸਟਿਊਮ ਪਰੇਡ ਮਮਿੱਕਰੀ ਅਤੇ ਕਲਾਵਾਂ ਰਾਹੀਂ ਹੜ੍ਹ ਪੀੜਤ ਪਰਿਵਾਰਾਂ ਦੇ ਦੁੱਖ ਤੇ ਹੌਸਲੇ ਨੂੰ ਕਲਾਤਮਕ ਢੰਗ ਨਾਲ ਦਰਸਾਇਆ ਅਤੇ ਇਸ ਸੰਕਟ ਦੀ ਘੜੀ ਵਿਚ ਲੋਕਾਂ ਵੱਲੋਂ ਧਰਮ, ਹੱਦਾਂ-ਸਰਹੱਦਾਂ ਤੋਂ ਉਪਰ ਉੱਠ ਕਿ ਕੀਤੀ ਗਈ ਮਦਦ ਦੀ ਤਾਰੀਫ਼ ਕੀਤੀ ਗਈ।
ਯੁਵਕ ਮੇਲੇ ਦਾ ਆਗਾਜ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ, ਡੀਨ ਸਟੂਡੈਂਟ ਵੈਲਫੇਅਰ ਡਾ. ਹਰਵਿੰਦਰ ਸਿੰਘ ਸੈਣੀ, ਡਾਇਰੈਕਟਰ ਯੂਥ ਵੈਲਫੇਅਰ ਡਾ. ਅਮਨਦੀਪ ਸਿੰਘ ਤੇ ਡੀ.ਐਸ.ਪੀ. ਸ਼ਿਵ ਦਰਸ਼ਨ ਸਿੰਘ ਵੱਲੋਂ ਸ਼ਮਾਂ ਰੌਸ਼ਨ ਕਰ ਕੇ ਕੀਤਾ ਗਿਆ। ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਦੇਸ਼ ਤੇ ਵਿਦੇਸ਼ ਤੋਂ ਜਿਸ ਤਰ੍ਹਾਂ ਮੱਦਦ ਕੀਤੀ ਗਈ, ਏਕਤਾ ਤੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ ਹੈ, ਉਹ ਕਾਬਿਲ-ਏ-ਤਾਰੀਫ਼ ਹੈ। ਉਨ੍ਹਾਂ ਕਿਹਾ ਕਿ ਅਨੁਸ਼ਾਸਨ ਤੇ ਸੇਵਾ ਭਾਵ ਨਾਲ ਜੀਵਨ ਵਿੱਚ ਸਫਲਤਾ ਆਪਣੇ ਆਪ ਮਿਲਦੀ ਹੈ। ਡਾ. ਅਮਨਦੀਪ ਸਿੰਘ, ਇੰਚਾਰਜ ਯੂਥ ਵੈਲਫੇਅਰ ਵਿਭਾਗ ਨੇ ਦੱਸਿਆ ਕਿ 10 ਨਵੰਬਰ ਤਕ ਚੱਲਣ ਵਾਲੇ ਇਸ ਯੁਵਕ ਮੇਲੇ ਵਿਚ ਵੱਖ ਵੱਖ ਕਲਾਵਾਂ ਦੇ ਪ੍ਰਦਰਸ਼ਨ ਲਈ ਦਸ਼ਮੇਸ਼ ਆਡੀਟੋਰੀਅਮ, ਆਰਕੀਟੈਕਚਰ ਵਿਭਾਗ ਤੇ ਕਾਨਫਰੰਸ ਹਾਲ ਵਿੱਚ ਵੱਖ-ਵੱਖ ਪ੍ਰਤੀਯੋਗਤਾਵਾਂ ਕਰਵਾਈਆਂ ਜਾ ਰਹੀਆਂ ਹਨ। ਅੱਜ ਸਵੇਰੇ ਦਸ਼ਮੇਸ਼ ਆਡੀਟੋਰੀਅਮ ਵਿੱਚ ਕਾਸਟਿਊਮ ਪਰੇਡ, ਮਿਮਿਕਰੀ, ਸਕਿਟ, ਗੀਤ/ਗ਼ਜ਼ਲ ਤੇ ਫੋਕ ਗੀਤਾਂ ਨਾਲ ਫੈਸਟੀਵਲ ਦੀ ਸ਼ੁਰੂਆਤ ਹੋਈ। ਆਰਕੀਟੈਕਚਰ ਵਿਭਾਗ ਵਿੱਚ ਪੇਂਟਿੰਗ ਆਨ ਦਿ ਸਪਾਟ ਤੇ ਪੋਸਟਰ ਮੇਕਿੰਗ ਮੁਕਾਬਲੇ ਹੋਏ, ਜਦਕਿ ਦੁਪਹਿਰ ਵਾਲੇ ਸੈਸ਼ਨ ਵਿੱਚ ਕੋਲਾਜ, ਕਲੇਅ ਮਾਡਲਿੰਗ, ਸਲੋਗਨ ਰਾਈਟਿੰਗ ਤੇ ਕਾਰਟੂਨਿੰਗ ਪ੍ਰੋਗਰਾਮ ਹੋਏ।