ਪੇਂਡੂ ਮਜ਼ਦੂਰ ਯੂਨੀਅਨ ਤਹਿਸੀਲ ਸ਼ਾਹਕੋਟ ਦਾ ਡੈਲੀਗੇਟ ਇਜਲਾਸ ਪਿੰਡ ਬੱਗਾ ਵਿੱਚ ਹੋਇਆ। ਇਜਲਾਸ ਦੀ ਸ਼ੁਰੂਆਤ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾਂ ਵੱਲੋਂ ਯੂਨੀਅਨ ਦਾ ਝੰਡਾ ਲਹਿਰਾਉਣ ਨਾਲ ਹੋਈ। ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਬਣਨ ਵਾਲੀਆਂ ਸਰਕਾਰਾਂ ਨੇ ਪੂੰਜੀਪਤੀਆਂ ਪੱਖੀ ਨੀਤੀਆਂ ਲਿਆ ਕੇ ਮਜ਼ਦੂਰ ਵਰਗ ਨੂੰ ਕੰਗਾਲੀ ’ਚ ਧੱਕ ਦਿਤਾ ਹੈ।
ਇਸ ਮੌਕੇ ਤਹਿਸੀਲ ਕਮੇਟੀ ਸ਼ਾਹਕੋਟ ਦੀ ਚੋਣ ਵਿੱਚ ਗੁਰਬਖਸ ਕੌਰ ਸਾਦਿਕਪੁਰ ਨੂੰ ਪ੍ਰਧਾਨ, ਗੁਰਮੀਤ ਸਿੰਘ ਮੀਤ ਪ੍ਰਧਾਨ, ਗੁਰਚਰਨ ਸਿੰਘ ਅਟਵਾਲ ਸਕੱਤਰ, ਪਰਵੀਨ ਕੌਰ ਨੱਲ੍ਹ ਵਿੱਤ ਸਕੱਤਰ ਅਤੇ ਸੁਖਦੇਵ ਸਿੰਘ ਮੁਰਾਜਵਾਲਾ, ਜਸਵਿੰਦਰ ਕੌਰ, ਭਜਨੋ ਬੱਗਾ, ਅਮਰਜੀਤ ਕੌਰ ਰੌਤਾਂ ਅਤੇ ਧਰਮਾ ਤਹਿਸੀਲ ਕਮੇਟੀ ਮੈਂਬਰ ਚੁਣੇ ਗਏ। ਇਸ ਮੌਕੇ ਪੇਸ਼ ਮਤਿਆਂ ਰਾਹੀਂ ਲਾਲ ਲਕੀਰ ਅੰਦਰ ਰਹਿੰਦੇ ਪਰਿਵਾਰਾਂ ਨੂੰ ਮਾਲਕੀ ਹੱਕ ਦੇਣ, ਲੋੜਵੰਦਾਂ ਨੂੰ ਰਿਹਾਇਸ਼ੀ ਪਲਾਟ ਦੇਣ ਤੇ ਮਕਾਨ ਉਸਾਰਨ ਲਈ ਗਰਾਂਟਾਂ ਦੇਣ, ਮਜ਼ਦੂਰਾਂ ਦੀ ਦਿਹਾੜੀ ਹਜ਼ਾਰ ਰੁਪਏ ਕਰਨ, ਸਮਾਜਿਕ ਜਬਰ ਬੰਦ ਕਰਨ, ਕੋਡਾਂ ਵਿਚ ਤਬਦੀਲ ਕੀਤੇ ਕਿਰਤ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ।

