ਸਰਕਾਰ ਨੇ ਝੋਨੇ ਦੀ ਵਿਕਰੀ ਲਈ ਅਨੁਕੂਲ ਮਾਹੌਲ ਬਣਾਇਆ: ਧਾਲੀਵਾਲ
ਵਿਧਾਇਕ ਨੇ ਅਜਨਾਲਾ ’ਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ
ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਦਾਣਾ ਮੰਡੀ ਅਜਨਾਲਾ ਅਤੇ ਸੁਧਾਰ ਵਿੱਚ ਝੋਨੇ ਸਰਕਾਰੀ ਖਰੀਦ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਅਜਨਾਲਾ ਖੇਤਰ ਦੀਆਂ 7 ਦਾਣਾ ਮੰਡੀਆਂ ਸਣੇ ਸੂਬੇ ਭਰ ਦੀਆਂ 1822 ਮੰਡੀਆਂ ਵਿੱਚ ਪੁਖਤਾ ਪ੍ਰਬੰਧਾਂ ਤਹਿਤ ਝੋਨੇ ਦਾ ਇਕ ਇਕ ਦਾਣਾ ਖਰੀਦ ਕਰਨ ਲਈ ਡਟ ਗਈ ਹੈ। ਜਦੋਂਕਿ ਹੜ੍ਹ ਪ੍ਰਭਾਵਿਤ ਇਲਾਕੇ ਦੀਆਂ ਮੰਡੀਆਂ ਵੱਲ ਵਿਸ਼ੇਸ਼ ਧਿਆਨ ਦਿੰਦਿਆਂ ਸਾਫ-ਸਫ਼ਾਈ ਯਕੀਨੀ ਬਣਾ ਕੇ ਝੋਨੇ ਦੀ ਵਿਕਰੀ ਲਈ ਬਕਾਇਦਾ ਅਨੁਕੂਲ ਮਾਹੌਲ ਬਣਾ ਦਿੱਤਾ ਗਿਆ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਪਹਿਲਾਂ ਹੀ ਕੁਦਰਤੀ ਕਰੋਪੀ ਹੜ੍ਹਾਂ ਦੇ ਝੰਭੇ ਕਿਸਾਨਾਂ ਸਣੇ ਆੜ੍ਹਤੀਆਂ, ਮਜ਼ਦੂਰਾਂ ਅਤੇ ਵਪਾਰੀਆਂ ਨੂੰ ਕਿਸੇ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਮੌਕੇ ਆੜ੍ਹਤੀਆਂ ਵੱਲੋਂ ਮਾਰਕੀਟ ਕਮੇਟੀ ਅਜਨਾਲਾ ਦੇ ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਮਾਰਕੀਟ ਕਮੇਟੀ ਅਜਨਾਲਾ ਸਕੱਤਰ ਅਮਰਦੀਪ ਸਿੰਘ ਕੌੜਾ, ਕਾਬਲ ਸਿੰਘ ਸੰਧੂ ਦਾ ਵੀ ਮਾਨ ਸਨਮਾਨ ਕੀਤਾ। ਇਸ ਮੌਕੇ ਸ਼ਹਿਰੀ ਪ੍ਰਧਾਨ ਅਮਿਤ ਔਲ , ਬਲਾਕ ਪ੍ਰਧਾਨ ਦਵਿੰਦਰ ਸਿੰਘ ਸੋਨੂੰ, ਸੁਪਰਵਾਈਜ਼ਰ ਕਾਬਲ ਸਿੰਘ ਸੰਧੂ , ਆਦਿ ਹਾਜ਼ਰ ਸਨ।
ਮੰਡੀਆਂ ਵਿੱਚ ਸੁੱਕਾ ਝੋਨਾ ਹੀ ਲਿਆਉਣ ਦੀ ਹਦਾਇਤ
ਦਸੂਹਾ (ਭਗਵਾਨ ਦਾਸ ਸੰਦਲ): ਇਥੇ ਸਾਉਣੀ ਸੀਜ਼ਨ ਦੀ ਖਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਯਕੀਨੀ ਬਣਾਉਣ ਲਈ ਮਾਰਕੀਟ ਕਮੇਟੀ ਦਸੂਹਾ ਦੇ ਦਫਤਰ ਵਿੱਚ ਇਕ ਮਹੱਤਵਪੂਰਨ ਮੀਟਿੰਗ ਕੀਤੀ ਗਈ। ਮੀਟਿੰਗ ਦੀ ਅਗਵਾਈ ਚੇਅਰਮੈਨ ਕੰਵਲਪ੍ਰੀਤ ਸਿੰਘ ਸੰਧੂ ਨੇ ਕੀਤੀ। ਜਿਸ ਵਿੱਚ ਸ਼ੈਲਰ ਮਾਲਕਾਂ, ਆੜ੍ਹਤੀਆਂ ਯੂਨੀਅਨ ਦੇ ਪ੍ਰਧਾਨਾਂ ਤੇ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ। ਚੇਅਰਮੈਨ ਸੰਧੂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਸੁੱਕਾ ਝੋਨਾ ਹੀ ਲੈ ਕੇ ਆਉਣ। ਉਨ੍ਹਾਂ ਸਪੱਸ਼ਟ ਕੀਤਾ ਕਿ ਮੰਡੀਆਂ ਵਿੱਚ 17 ਫੀਸਦ ਤੱਕ ਨਮੀ ਵਾਲਾ ਝੋਨਾ ਹੀ ਖਰੀਦਿਆ ਜਾਵੇਗਾ। ਉਨ੍ਹਾਂ ਕਿਹਾ ਕਿ ਫਸਲ ਦੀ ਖਰੀਦ ਪ੍ਰਕਿਰਿਆ ਨੂੰ ਬਿਹਤਰ ਬਣਾਉਣ ਲਈ ਝੋਨੇ ਦੀ ਕਟਾਈ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਹੀ ਕੀਤੀ ਜਾਵੇ। ਕੇਪੀ ਸੰਧੂ ਨੇ ਭਰੋਸਾ ਦਿੱਤਾ ਕਿ ਮਾਰਕੀਟ ਕਮੇਟੀ ਵੱਲੋਂ ਕਿਸਾਨਾਂ ਦੇ ਹਿਤਾਂ ਦੀ ਰੱਖਿਆ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ। ਇਸ ਮੌਕੇ ਸ਼ੈਲਰ ਐਸੋਸੀਏਸ਼ਨ ਵੱਲੋਂ ਅਮਰੀਕ ਸਿੰਘ ਗੱਗੀ, ਸੰਜੇ ਰੰਜਨ, ਸੰਜੀਵ ਨਈਅਰ, ਵਿਨੋਦ ਕੁਮਾਰ, ਅਸ਼ੋਕ ਨੰਦਾ, ਖਰੀਦ ਏਜੰਸੀਆਂ ਵੱਲੋਂ ਪੰਕਜ ਪਨਗਰੇਨ, ਅਮਰਜੀਤ ਅੱਤਰੀ, ਸੁਮਿਤ, ਪ੍ਰਤੀਕ, ਆੜ੍ਹਤੀ ਯੂਨੀਅਨ ਦੇ ਪ੍ਰਧਾਨ ਸ਼ੇਰ ਪ੍ਰਤਾਪ ਚੀਮਾ ਆਦਿ ਮੌਜੂਦ ਸਨ।
।