ਸਰਕਾਰ ਸਾਬਕਾ ਸੈਨਿਕਾਂ ਦੀ ਭਲਾਈ ਲਈ ਵਚਨਬੱਧ: ਭਗਤ
ਸੂਬੇ ਦੇ ਰੱਖਿਆ ਸੇਵਾਵਾਂ ਭਲਾਈ, ਆਜ਼ਾਦੀ ਘੁਲਾਟੀਆ ਅਤੇ ਬਾਗਬਾਨੀ ਮੰਤਰੀ ਮਹਿੰਦਰ ਭਗਤ ਨੇ ਅੱਜ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਹੁਸ਼ਿਆਰਪੁਰ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਜੰਗੀ ਯਾਦਗਾਰ ’ਤੇ ਫੁੱਲਮਾਲਾਵਾਂ ਭੇਟ ਕਰਕੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਸੈਨਿਕ ਰੈਸਟ ਹਾਊਸ ਦੇ ਨਵੀਨੀਕਰਨ ਦਾ ਰਸਮੀ ਉਦਘਾਟਨ ਕੀਤਾ।
ਭਗਤ ਨੇ ਲੋੜਵੰਦ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਚੈੱਕ ਵੀ ਭੇਟ ਕੀਤੇ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਪੰਜਾਬ ਪੁਲੀਸ ਦੀ ਟੁਕੜੀ ਵੱਲੋਂ ਗਾਰਡ ਆਫ਼ ਆਨਰ ਵੀ ਦਿੱਤਾ ਗਿਆ। ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਸਾਬਕਾ ਸੈਨਿਕ ਦੇਸ਼ ਦਾ ਮਾਣ ਹਨ ਅਤੇ ਸੂਬਾ ਸਰਕਾਰ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਸਨਮਾਨ ਅਤੇ ਭਲਾਈ ਲਈ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸੈਨਿਕ ਜਾਂ ਪਰਿਵਾਰ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਤੁਰੰਤ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਨੂੰ ਸੂਚਿਤ ਕਰਨਾ ਚਾਹੀਦਾ ਹੈ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਸਾਬਕਾ ਸੈਨਿਕਾਂ ਦੀ ਭਲਾਈ ਨਾਲ ਸਬੰਧਿਤ ਮੁੱਦਿਆਂ ’ਤੇ ਤਿਮਾਹੀ ਮੀਟਿੰਗਾਂ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਕੀਤੀਆਂ ਜਾਣ। ਇਸ ਤੋਂ ਪਹਿਲਾਂ, ਲੈਫਟੀਨੈਂਟ ਕਰਨਲ (ਸੇਵਾਮੁਕਤ) ਸਰਬਜੀਤ ਸਿੰਘ ਸੈਣੀ ਨੇ ਕੈਬਨਿਟ ਮੰਤਰੀ ਦਾ ਸਵਾਗਤ ਕੀਤਾ। ਇਸ ਮੌਕੇ ਡਿਫੈਂਸ ਸਰਵਿਸਿਜ਼ ਵੈਲਫੇਅਰ ਪੰਜਾਬ ਦੇ ਡਾਇਰੈਕਟਰ, ਬ੍ਰਿਗੇਡੀਅਰ ਭੁਪਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਵਿਭਾਗ ਸਾਬਕਾ ਸੈਨਿਕਾਂ ਨੂੰ ਰਾਜ ਅਤੇ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਅਤੇ ਨਵੀਆਂ ਨੀਤੀਆਂ ਦਾ ਲਾਭ ਪ੍ਰਦਾਨ ਕਰ ਰਿਹਾ ਹੈ।