ਗਿਆਨੀ ਹਰਪ੍ਰੀਤ ਸਿੰਘ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ
ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਅਕਾਲ ਤਖ਼ਤ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਅੱਜ ਹੜ੍ਹ ਪ੍ਰਭਾਵਿਤ ਖੇਤਰ ਦੇ ਵੱਖ ਵੱਖ ਪਿੰਡਾਂ ਤੋਂ ਇਲਾਵਾ ਸ੍ਰੀ ਕਰਤਾਰਪੁਰ ਕੋਰੀਡੋਰ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਹੜ੍ਹ ਪੀੜਤ ਕਿਸਾਨਾਂ, ਮਹਿਲਾਵਾਂ, ਦਿਹਾੜੀਦਾਰਾਂ ਅਤੇ ਹੋਰ ਕਿਰਤੀਆਂ ਨਾਲ ਗੱਲਬਾਤ ਕੀਤੀ। ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਹੜ੍ਹ ਪੀੜਤਾਂ ਲਈ ਐਲਾਨੀ ਰਾਸ਼ੀ ਨੂੰ ਨਿਗੂਣੀ ਦੱਸਦਿਆਂ ਕਿਹਾ ਕਿ ਕਿਸਾਨਾਂ ਦੇ ਫਸਲਾਂ ਪੈਦਾ ਕਰਨ ਲਈ ਬਹੁਤ ਪੈਸੇ ਖ਼ਰਚ ਹੁੰਦੇ ਹਨ ਪਰ ਕੇਂਦਰ ਦੀ ਰਾਸ਼ੀ ਤਾਂ ਊਠ ਦੇ ਮੂੰਹ ਜ਼ੀਰਾ ਸਾਮਾਨ ਹੈ। ਉਨ੍ਹਾਂ ਪੀੜਤਾਂ ਨੂੰ ਧਰਵਾਸ ਦਿੰਦਿਆਂ ਕਿਹਾ ਕਿ ਆਉਂਦੇ ਕੁਝ ਦਿਨਾਂ ਵਿੱਚ ਕਿਸਾਨਾਂ ਦੀ ਆਰਥਿਕ ਮਦਦ ਲਈ ਡੀਜ਼ਲ ਦਿੱਤਾ ਜਾਵੇਗਾ ਅਤੇ ਕਣਕ ਦਾ ਬੀਜ ਵੰਡਿਆ ਜਾਵੇਗਾ। ਜਦੋਂ ਕਿ ਮਜ਼ਦੂਰ, ਕਿਰਤੀਆਂ ਦੇ ਪਰਿਵਾਰਾਂ ਨੂੰ ਘਰੇਲੂ ਸਾਜ਼ੋ ਸਾਮਾਨ ਦਿੱਤਾ ਜਾਵੇਗਾ। ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਹੜ੍ਹ ਪੀੜਤਾਂ ਨੂੰ ਅਪੀਲ ਕੀਤੀ ਕਿ ਉਹ ਬਾਦਲਕੇ (ਸੁਖਬੀਰ ਸਿੰਘ ਬਾਦਲ) ਵੱਲੋਂ ਵੰਡੀ ਜਾ ਰਹੀ ਰਾਸ਼ੀ ਲੈਣ ਤੋਂ ਇਨਕਾਰ ਨਾ ਕਰਨ ਕਿਉਂਕਿ ਇਨ੍ਹਾਂ ਬਾਦਲਕਿਆ ਵੱਲੋਂ ਇਹ ਰਾਸ਼ੀ ਆਪਣੇ ਪੱਲਿਉਂ ਨਹੀਂ ਦਿੱਤੀ ਜਾ ਰਹੀ, ਸਗੋਂ ਗੁਰੂ ਘਰ ਦੀ ਕੀਤੀ ਕਥਿਤ ਲੁੱਟ ਖਸੁੱਟ ਦੀ ਹੈ। ਉਨ੍ਹਾਂ ਆਖਿਆ ਕਿ ਬਾਦਲਕੇ ਵੱਲੋਂ ਵੰਡੀ ਜਾ ਰਹੀ ਰਾਸ਼ੀ ਇਸ ਪਰਿਵਾਰ ਦੇ ਕਰੀਬੀ ਚੈਨਲ ਵੱਲੋਂ ਖ਼ੂਬ ਮਸ਼ਹੂਰੀ ਵਜੋਂ ਦਿਖਾਈ ਜਾ ਰਹੀ ਹੈ। ਸਾਬਕਾ ਕੈਬਨਿਟ ਮੰਤਰੀ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਵੱਲੋਂ ਪਿੰਡ ਠੇਠਰਕੇ ’ਚ ਗਿਆਨੀ ਹਰਪ੍ਰੀਤ ਸਿੰਘ ਨੂੰ ਅਜਿਹੇ ਪਰਿਵਾਰ ਦਿਖਾਏ, ਜੋ ਠੇਕੇ ’ਤੇ ਜ਼ਮੀਨ ਬੀਜ ਰਹੇ ਸਨ ਪਰ ਹੜ੍ਹਾਂ ਨੇ ਇਨ੍ਹਾਂ ਪਰਿਵਾਰਾਂ ਨੂੰ ਭਾਰੀ ਆਰਥਿਕ ਸੱਟ ਮਾਰੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਜਥੇਦਾਰ ਛੋਟੇਪੁਰ ਸਮੇਤ ਹੋਰਾਂ ਨੂੰ ਕਿਹਾ ਕਿ ਉਹ ਅਜਿਹੇ ਪਰਿਵਾਰਾਂ ਦੀ ਸੂਚੀ ਤਿਆਰ ਕਰਨ ਤਾਂ ਜੋ ਨੇੜਲੇ ਭਵਿੱਖ ਵਿੱਚ ਉਨ੍ਹਾਂ ਪਰਿਵਾਰਾਂ ਦੀ ਵਿੱਤੀ ਸਹਾਇਤਾ ਹੋ ਸਕੇ।