DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਿੰਘੋਵਾਲ ਤੇ ਬੱਧਣ ਨਹਿਰਾਂ ਵਿੱਚ ਪਏ ਪਾੜ

ਕਰੋੜਾਂ ਰੁਪਏ ਖਰਚ ਕੇ ਬਣਾਈਆਂ ਨਹਿਰਾਂ ਨੇ ਪਹਿਲੀ ਬਾਰਿਸ਼ ਨਾ ਝੱਲੀ

  • fb
  • twitter
  • whatsapp
  • whatsapp
featured-img featured-img
ਸਿੰਘੋਵਾਲ ਨਹਿਰ ਵਿੱਚ ਪਏ ਪਾੜ ਕਾਰਨ ਪਾਣੀ ਨੀਵੇਂ ਖੇਤਰ ਵੱਲ ਵਧਦਾ ਹੋਇਆ।
Advertisement

ਜਗਜੀਤ ਸਿੰਘ

ਮੁਕੇਰੀਆਂ, 16 ਜੁਲਾਈ

Advertisement

ਕੈਨਾਲ ਮੰਡਲ ਅਧੀਨ ਆਉਂਦੀ ਸਿੰਘੋਵਾਲ ਨਹਿਰ ਵਿੱਚ ਬਿਹਾਲਾਂ ਕੋਲ ਕਰੀਬ 12-15 ਫੁੱਟ ਚੌੜਾ ਪਾੜ ਪੈ ਜਾਣ ਕਾਰਨ ਪਾਣੀ ਕਿਸਾਨਾਂ ਦੀਆਂ ਫਸਲਾਂ ਵਿੱਚ ਭਰ ਗਿਆ ਹੈ। ਇਸੇ ਤਰ੍ਹਾਂ ਬੱਧਣ ਨਹਿਰ ਵਿੱਚ ਬੇਗਪੁਰ ਕਮਲੂਹ ਦੇ ਹੇਠਾਂ ਪੈਂਦੇ ਫੀਡਰ ਨੰਬਰ-2 ਦੇ ਨੇੜੇ ਲਗਾਇਆ ਬੰਨ੍ਹ ਟੁੱਟਣ ਕਾਰਨ ਕਰੀਬ 35-40 ਫੁੱਟ ਨਹਿਰ ਨੁਕਸਾਨੀ ਗਈ ਹੈ। ਜਦੋਂ ਕਿ ਅਧਿਕਾਰੀਆਂ ਨੇ ਕੇਵਲ ਇਸ ਦੀ ਤਾਰ ਉੱਚ ਅਧਿਕਾਰੀਆਂ ਨੂੰ ਭੇਜ ਕੇ ਆਪਣੀ ਕਾਰਵਾਈ ਪੂਰੀ ਕਰ ਲਈ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਕੈਨਾਲ ਮੰਡਲ ਅਧੀਨ ਆਉਂਦੀਆਂ ਕਰੀਬ 6 ਨਹਿਰਾਂ ਉੱਤੇ ਲਗਪਗ 20 ਕਰੋੜ ਖਰਚੇ ਗਏ ਹਨ। ਕਰੋੜਾਂ ਰੁਪਏ ਖਰਚਣ ਦੇ ਬਾਵਜੂਦ ਵੀ ਨਹਿਰਾਂ ਪਹਿਲੀ ਬਰਸਾਤ ਹੀ ਨਹੀਂ ਝੱਲ ਰਹੀਆਂ, ਹਾਲਾਂਕਿ ਹੁਸ਼ਿਆਰਪੁਰ ਜ਼ਿਲ੍ਹਾ ਹਾਲੇ ਵੀ ਪਾਣੀ ਦੀ ਵੱਡੀ ਮਾਰ ਤੋਂ ਬਚਿਆ ਹੋਇਆ ਹੈ। ਕੈਨਾਲ ਮੰਡਲ ਦੀ ਨੰਗਲ ਨਹਿਰ ਪਾਣੀ ਛੱਡੇ ਜਾਣ ਤੋਂ ਪਹਿਲਾਂ ਹੀ ਦੋ ਵਾਰ ਟੁੱਟ ਚੁੱਕੀ ਹੈ।

Advertisement

ਅੱਜ ਸਵੇਰੇ ਹੋਈ ਬਾਰਿਸ਼ ਤੋਂ ਬਾਅਦ ਕੰਕਰੀਟ ਦੀ ਨਵੀਂ ਬਣਾਈ ਸਿੰਘੋਵਾਲ ਨਹਿਰ ਕੋਲ ਕਰੀਬ 12-15 ਫੁੱਟ ਚੌੜਾ ਪਾੜ ਪੈ ਗਿਆ ਅਤੇ ਨਹਿਰ ਦਾ ਪਾਣੀ ਨੇੜਲੀਆਂ ਜ਼ਮੀਨਾਂ ਵਿੱਚ ਭਰ ਗਿਆ। ਨਹਿਰੀ ਅਧਿਕਾਰੀਆਂ ਨੇ ਇਸ ਦੀ ਠੋਸ ਤਰੀਕੇ ਨਾਲ ਰੋਕਥਾਮ ਕਰਨ ਦੀ ਥਾਂ ਕੇਵਲ ਇਸ ਬਾਰੇ ਉੱਚ ਅਧਿਕਾਰੀਆਂ ਨੂੰ ਤਾਰ ਭੇਜ ਕੇ ਕਾਰਵਾਈ ਪੂਰੀ ਕਰ ਲਈ, ਪਰ ਨੇੜਲੀਆਂ ਜ਼ਮੀਨਾਂ ਜਲਥਲ ਕਰ ਰਹੇ ਪਾਣੀ ਦੀ ਰੋਕਥਾਮ ਲਈ ਬੋਰੇ ਲਗਾਉਣੇ ਵਾਜਬਿ ਨਹੀਂ ਸਮਝੇ ਅਤੇ ਦੇਰ ਸ਼ਾਮ ਤੱਕ ਪਾਣੀ ਇਵੇਂ ਹੀ ਚੱਲਦਾ ਰਿਹਾ। ਇਸੇ ਤਰ੍ਹਾਂ ਨਵੀਂ ਬਣਾਈ ਬੱਧਣ ਨਹਿਰ ਦੀ ਉਸਾਰੀ ਹਾਲੇ ਅਧੂਰੀ ਹੋਣ ਦੇ ਬਾਵਜੂਦ ਛੱਡੇ ਪਾਣੀ ਵਿੱਚ ਬਰਸਾਤ ਦਾ ਪਾਣੀ ਮਿਲ ਜਾਣ ਕਾਰਨ ਫੀਡਰ ਨੰਬਰ ਦੋ ਨੇੜੇ ਪਾੜ ਪੈ ਗਿਆ ਅਤੇ ਬੰਨ੍ਹ ਟੁੱਟਣ ਕਾਰਨ ਕਰੀਬ 35-40 ਫੁੱਟ ਨਹਿਰ ਨੁਕਸਾਨੀ ਗਈ। ਨਹਿਰ ਦੇ ਪਾਣੀ ਨਾਲ ਵਹਿਆ ਗਟਕਾ ਪੱਥਰ ਤੇ ਮਿੱਟੀ ਨੇ ਫੀਡਰ ਨੰਬਰ 2 ਦੇ ਪਾਣੀ ਦੀ ਸਪਲਾਈ ਜਾਮ ਕਰ ਦਿੱਤੀ ਹੈ।

ਪਾਣੀ ਬੰਦ ਕਰਵਾ ਕੇ ਜੰਗਲਾਤ ਵਿਭਾਗ ਨੂੰ ਭਰਪਾਈ ਲਈ ਸੂਚਿਤ ਕੀਤਾ:ਐੈੱਸਡੀਓ

ਵਿਭਾਗ ਦੇ ਐਸਡੀਓ ਸੱਤਪਾਲ ਸਿੰਘ ਨੇ ਕਿਹਾ ਕਿ ਦੋਵਾਂ ਥਾਵਾਂ ਦਾ ਮੌਕਾ ਵਿਭਾਗੀ ਐਕਸੀਐਨ ਤੇ ਟੀਮ ਵੱਲੋਂ ਦੇਖਿਆ ਗਿਆ ਹੈ ਅਤੇ ਜੰਗਲਾਤ ਵਿਭਾਗ ਵੱਲੋਂ ਨੰਗਲ ਨਹਿਰ ਕੰਢੇ ਕਟਾਏ ਜਾ ਰਹੇ ਸਫੈਦੇ ਨਹਿਰ ’ਤੇ ਡਿੱਗਣ ਕਾਰਨ ਨਹਿਰੀ ਪਾਣੀ ਵਿੱਚ ਰੁਕਾਵਟ ਖੜ੍ਹੀ ਹੋਣ ਕਰਕੇ ਅਤੇ ਬਾਰਿਸ਼ ਕਾਰਨ ਪਿੱਛੇ ਤੋਂ ਆਏ ਪਾਣੀ ਦੀ ਮਾਰ ਨਾ ਝੱਲਦਿਆਂ ਇੱਥੇ ਪਾੜ ਪਿਆ ਹੈ। ਪਾਣੀ ਬੰਦ ਕਰਵਾ ਕੇ ਜੰਗਲਾਤ ਵਿਭਾਗ ਨੂੰ ਭਰਪਾਈ ਕਰਨ ਲਈ ਸੂਚਿਤ ਕਰ ਦਿੱਤਾ ਹੈ। ਫੀਡਰ ਨੰਬਰ ਦੋ ਨੂੰ ਬੰਦ ਕਰਵਾ ਦਿੱਤਾ ਗਿਆ ਹੈ ਅਤੇ ਬੱਧਣ ਨਹਿਰ ਵਿੱਚ ਪਾਣੀ ਜਾਣ ਤੋਂ ਰੋਕਣ ਲਈ ਬੰਨ੍ਹ ਮਾਰਨ ਲਈ ਜੇਸੀਬੀ ਬੁਲਾਈ ਗਈ ਸੀ, ਪਰ ਪਿੰਡ ਵਾਲਿਆਂ ਨੇ ਬੰਨ੍ਹ ਹਾਲੇ ਨਾ ਲਗਾਉਣ ਦੀ ਬੇਨਤੀ ਕੀਤੀ ਹੈ। ਨਹਿਰ ਦੇ ਨੁਕਸਾਨ ਦੀ ਜ਼ਿੰਮੇਵਾਰੀ ਸਾਲ ਲਈ ਠੇਕੇਦਾਰ ਦੀ ਤੈਅ ਹੈ ਅਤੇ ਉਸ ਕੋਲੋਂ ਭਰਪਾਈ ਕਰਵਾ ਲਈ ਜਾਵੇਗੀ।

ਧਾਲੀਵਾਲ ਵੱਲੋਂ ਰਾਵੀ ਦਰਿਆ ਅਤੇ ਸੱਕੀ ਨਾਲੇ ਦਾ ਜਾਇਜ਼ਾ

ਰਾਵੀ ਦਰਿਆ ਦਾ ਜਾਇਜ਼ਾ ਲੈਂਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ।-ਫੋਟੋ: ਵਿਸ਼ਾਲ ਕੁਮਾਰ
ਰਾਵੀ ਦਰਿਆ ਦਾ ਜਾਇਜ਼ਾ ਲੈਂਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ।-ਫੋਟੋ: ਵਿਸ਼ਾਲ ਕੁਮਾਰ

ਅਜਨਾਲਾ (ਪੱਤਰ ਪ੍ਰੇਰਕ): ਇੱਥੇ ਅੱਜ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਰਾਵੀ ਦਰਿਆ ਅਤੇ ਸੱਕੀ ਨਾਲੇ ਨੇੜਲੇ ਇਲਾਕੇ ਲੋਧੀਗੁਜਰ, ਤੋਤਾ ਪੋਸਟ, ਝੁੰਜ ਆਦਿ ਭਾਰੀ ਬਰਸਾਤ ਕਾਰਨ ਪਾਣੀ ਦੀ ਮਾਰ ਹੇਠ ਆਉਣ ਵਾਲੇ ਸੰਭਾਵਿਤ ਇਲਾਕਿਆਂ ਦਾ ਦੌਰਾ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਯੋਜਨਾਬੰਦੀ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਬੀਐੱਸਐੱਫ ਨਾਲ ਗੱਲਬਾਤ ਕਰਕੇ ਸ਼ੱਕੀ ਨਾਲੇ ਵਿੱਚ ਲੋਧੀਗੁੱਜਰ ਵਿੱਚ ਮਾਰੇ ਗਏ ਪੱਕੇ ਬੰਨ੍ਹ ਨੂੰ ਹਟਾਉਣ ਲਈ ਕਿਹਾ ਤਾਂ ਜੋ ਇਹ ਪਾਣੀ ਖੇਤਾਂ ਵਿੱਚ ਨਾ ਜਾਵੇ। ਇਸ ਮੌਕੇ ਧਾਲੀਵਾਲ ਨੇ ਕਿਹਾ ਕਿ ਹੜ੍ਹਾਂ ਦਾ ਫਿਲਹਾਲ ਕੋਈ ਖਤਰਾ ਨਹੀਂ, ਪਰ ਜੇ ਸਾਉਣ ਮਹੀਨੇ ਭਾਰੀ ਬਰਸਾਤ ਹੁੰਦੀ ਹੈ ਤਾਂ ਖੇਤਾਂ, ਡੇਰਿਆਂ, ਪਿੰਡਾਂ ਤੋਂ ਲੋਕਾਂ ਨੂੰ ਸੁਰੱਖਿਆ ਸਥਾਨਾਂ ਉਤੇ ਤਬਦੀਲ ਕਰਨ ਦੀ ਯੋਜਨਾ ਉਲੀਕੀ ਹੈ, ਤਾਂ ਜੋ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਉਦੇਸ਼ ਤਹਿਤ ਫੰਡ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਸੂਬੇ ਦੇ ਹਰ ਪ੍ਰਭਾਵਿਤ ਨਾਗਰਿਕ ਤੱਕ, ਘਰ ਤੱਕ, ਖੇਤ ਤੱਕ, ਪਿੰਡ ਤੱਕ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ। ਸ੍ਰੀ ਧਾਲੀਵਾਲ ਨੇ ਕਿਹਾ ਕਿ ਜੇ ਪਿਛਲੀਆਂ ਸਰਕਾਰਾਂ ਨੇ ਅਜਿਹੀਆਂ ਕੁਦਰਤੀ ਆਫ਼ਤਾਂ ਨਾਲ ਨਿਪਟਣ ਲਈ ਯੋਜਨਾਬੱਧ ਤਰੀਕੇ ਨਾਲ ਲੰਬੇ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਉਪਰਾਲੇ ਕੀਤੇ ਹੁੰਦੇ ਤਾਂ ਅੱਜ ਅਜਿਹੀਆਂ ਸਥਿਤੀਆਂ ਪੈਦਾ ਹੀ ਨਾ ਹੁੰਦੀਆਂ।

Advertisement
×