ਸੱਤਾ ਨੌਸ਼ਹਿਰਾ ਗਰੋਹ ਨਾਲ ਸਬੰਧਤ ਗੈਂਗਸਟਰ ਪੁਲੀਸ ਮੁਕਾਬਲੇ ਦੌਰਾਨ ਕਾਬੂ
ਅੱਧੀ ਦਰਜਨ ਅਪਰਾਧਿਕ ਮਾਮਲਿਆਂ ਵਿੱਚ ਸੀ ਲੋੜੀਂਦਾ
ਜ਼ਿਲ੍ਹਾ ਪੁਲੀਸ ਵੱਲੋਂ ਅੱਜ ਕਸਬਾ ਫਤਿਆਬਾਦ ਨਜ਼ਦੀਕ ਇਕ ਪੁਲੀਸ ਮੁਕਾਬਲੇ ਦੌਰਾਨ ਸੱਤਾ ਨੌਸ਼ਹਿਰਾ ਗਰੁੱਪ ਨਾਲ ਸਬੰਧਤ ਮਾਝੇ ਦੇ ਇਕ ਗੈਂਗਸਟਰ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਜਦਕਿ ਇਸ ਦਾ ਦੂਸਰਾ ਸਾਥੀ ਪੁਲੀਸ ਦੀ ਲਾਪ੍ਰਵਾਹੀ ਕਾਰਨ ਭੱਜਣ ਵਿੱਚ ਸਫਲ ਹੋ ਗਿਆ। ਘਟਨਾ ਸਥਾਨ ’ਤੇ ਪਹੁੰਚੇ ਜ਼ਿਲ੍ਹੇ ਦੇ ਪੁਲੀਸ ਮੁਖੀ ਰਵਜੋਤ ਗਰੇਵਾਲ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਕੀਤੀ ਨਾਕੇਬੰਦੀ ਦੇ ਚੱਲਦਿਆਂ ਕਸਬਾ ਫਤਿਆਬਾਦ ਨਜ਼ਦੀਕ ਬਾਬਾ ਡੰਡਿਆ ਵਾਲੇ ਪੁਲ ’ਤੇ ਲੱਗੇ ਨਾਕੇ ਦੌਰਾਨ ਇੱਕ ਬਿਨਾਂ ਨੰਬਰੀ ਕਾਰ ਨੂੰ ਰੋਕਿਆ ਗਿਆ ਤਾਂ ਇਸ ਵਿੱਚ ਸਵਾਰ ਦੋ ਨੌਜਵਾਨਾਂ ਵੱਲੋਂ ਪੁਲੀਸ ਪਾਰਟੀ ’ਤੇ ਗੋਲੀਆਂ ਚਲਾਈਆਂ ਗਈਆਂ ਜਿਸ ਦੀ ਜਵਾਬੀ ਕਾਰਵਾਈ ਦੌਰਾਨ ਪੁਲੀਸ ਦੀ ਗੋਲੀ ਨਾਲ ਇੱਕ ਨੌਜਵਾਨ ਜ਼ਖਮੀ ਹੋ ਗਿਆ ਜਦਕਿ ਦੂਸਰਾ ਨੌਜਵਾਨ ਜੋ ਕਾਰ ਚਲਾ ਰਿਹਾ ਸੀ ਕਾਰ ਛੱਡ ਫਰਾਰ ਹੋ ਗਿਆ। ਐਸਐਸਪੀ ਨੇ ਦੱਸਿਆ ਕਿ ਕਾਬੂ ਕੀਤਾ ਮੁਲਜ਼ਮ ਨਾਮੀ ਗੈਂਗਸਟਰ ਹੈ ਜੋ ਅੱਧੀ ਦਰਜਨ ਸੰਗੀਨ ਅਪਰਾਧਿਕ ਮਾਮਲਿਆਂ ਵਿਚ ਪੁਲੀਸ ਨੂੰ ਲੋੜੀਂਦਾ ਸੀ। ਕਾਬੂ ਕੀਤੇ ਨੌਜਵਾਨ ਦੀ ਪਹਿਚਾਣ ਗੁਰਸੇਵਕ ਸਿੰਘ ਉਰਫ ਬੰਬ ਵਜੋ ਹੋਈ ਹੈ ਜੋ ਗੋਇੰਦਵਾਲ ਸਾਹਿਬ ਦਾ ਰਹਿਣ ਵਾਲਾ ਹੈ। ਐਸਐਸਪੀ ਨੇ ਦੱਸਿਆ ਕਿ ਕਾਬੂ ਕੀਤੇ ਗੁਰਸੇਵਕ ਬੰਬ ਦਾ ਅਪਰਾਧਿਕ ਪਿਛੋਕੜ ਹੈ ਜਿਸ ’ਤੇ ਕਤਲ ਆਦਿ ਅਪਰਾਧਿਕ ਘਟਨਾਵਾਂ ਦੇ ਪਰਚੇ ਦਰਜ ਹਨ। ਉਨ੍ਹਾਂ ਦੱਸਿਆ ਕਿ ਜ਼ਖਮੀ ਮੁਲਜ਼ਮ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਫ਼ਰਾਰ ਹੋਏ ਦੂਸਰੇ ਮੁਲਜ਼ਮ ਦੀ ਭਾਲ ਲਈ ਪੁਲੀਸ ਟੀਮਾਂ ਦਾ ਗਠਨ ਕਰਕੇ ਉਕਤ ਮੁਲਜ਼ਮ ਦੀ ਭਾਲ ਆਰੰਭ ਦਿੱਤੀ ਗਈ ਹੈ। ਉੱਥੇ ਹੀ ਇਸ ਕਾਰਵਾਈ ਨੂੰ ਲੈਕੇ ਪਰਚਾ ਦਰਜ ਕੀਤਾ ਜਾ ਰਿਹਾ ਹੈ। ਐਸਐਸਪੀ ਰਵਜੋਤ ਗਰੇਵਾਲ ਨੇ ਇਸ ਕਾਰਵਾਈ ਨੂੰ ਪੁਲੀਸ ਪ੍ਰਸ਼ਾਸਨ ਦੀ ਵੱਡੀ ਸਫਲਤਾ ਦੱਸਿਆ ਹੈ।