ਕਤਲ ਦੇ ਦੋਸ਼ ਹੇਠ ਚਾਰ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਜਲੰਧਰ, 20 ਜੂਨ
ਕਮਿਸ਼ਨਰੇਟ ਪੁਲੀਸ ਜਲੰਧਰ ਨੇ ਕਤਲ ਕੇਸ ਸੁਲਝਾਉਂਦਿਆਂ ਚਾਰ ਵਿਅਕਤੀਆਂ ਨੂੰ ਅਪਰਾਧ ਵਿੱਚ ਵਰਤੇ ਗਏ ਵਾਹਨ ਅਤੇ ਤੇਜ਼ਧਾਰ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਸੀਪੀ ਜਲੰਧਰ ਧਨਪ੍ਰੀਤ ਕੌਰ ਨੇ ਕਿਹਾ ਕਿ ਥਾਣਾ ਰਾਮਾ ਮੰਡੀ ਜਲੰਧਰ ਵਿੱਚ ਮੁਕੇਸ਼ ਕੁਮਾਰ ਦੇ ਬਿਆਨ ’ਤੇ ਦਰਜ ਐੱਫਆਈਆਈ ਅਨੁਸਾਰ 16 ਜੂਨ ਦੀ ਰਾਤ ਜਲੰਧਰ ਦੇ ਸੁੱਚੀ ਪਿੰਡ ਮੋੜ, ਮੇਨ ਰੋਡ ’ਤੇ ਮੁਕੇਸ਼ ਕੁਮਾਰ, ਪਵਨ ਕੁਮਾਰ, ਮਨਦੀਪ ਕੁਮਾਰ ਅਤੇ ਉਨ੍ਹਾਂ ਦੇ ਪਿਤਾ ਜੈ ਰਾਮ ’ਤੇ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੀ ਕਰਿਆਨੇ ਦੀ ਦੁਕਾਨ ’ਤੇ ਹਮਲਾ ਕੀਤਾ। ਇਸ ਹਮਲੇ ਕਾਰਨ ਮਨਦੀਪ ਕੁਮਾਰ ਦੀ ਮੌਕੇ ’ਤੇ ਮੌਤ ਹੋ ਗਈ ਸੀ।
ਐੱਫਆਈਆਰ ਦਰਜ ਹੋਣ ਤੋਂ ਬਾਅਦ ਪੁਲੀਸ ਨੇ ਕਾਰਵਾਈ ਕਰਦਿਆਂ ਜਾਂਚ ਸ਼ੁਰੂ ਕੀਤੀ। ਕਈ ਪੁਲੀਸ ਟੀਮਾਂ ਬਣਾਈਆਂ ਗਈਆਂ ਅਤੇ ਤਕਨੀਕੀ ਨਿਗਰਾਨੀ ਦੀ ਮਦਦ ਨਾਲ ਇਸ ਅਪਰਾਧ ਸਬੰਧੀ ਛੇ ਵਿਅਕਤੀਆਂ ਯਾਦਵਿੰਦਰ ਸਿੰਘ ਉਰਫ਼ ਪ੍ਰਿੰਸ, ਸਾਹਿਲ ਕੁਮਾਰ ਉਰਫ਼ ਜੇਹਰ, ਕ੍ਰਿਸ਼ਨਾ, ਅੰਕਿਤ, ਆਕਾਸ਼ਦੀਪ ਅਤੇ ਅਨਮੋਲ ਨੂੰ ਨਾਮਜ਼ਦ ਕੀਤਾ ਗਿਆ। ਪੁਲੀਸ ਨੇ ਮੁਲਜ਼ਮ ਮੁਯਾਦਵਿੰਦਰ ਸਿੰਘ ਉਰਫ਼ ਪ੍ਰਿੰਸ ਵਾਸੀ ਸੁੱਚੀ ਪਿੰਡ, ਜਲੰਧਰ, ਆਕਾਸ਼ਦੀਪ ਸਿੰਘ ਉਰਫ਼ ਗੋਲੂ ਵਾਸੀ ਪਿੰਡ ਕੋਟਲਾ ਨੇੜੇ ਸ਼ੇਖੇ ਪਿੰਡ, ਸਾਹਿਲ ਕੁਮਾਰ ਉਰਫ਼ ਜਿਹਰ ਵਾਸੀ ਮਾਨਕਰਾਂ, ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਇੱਕ ਨਾਬਾਲਿਗ (17) ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਸਕਾਰਪਿਓ ਗੱਡੀ ਅਤੇ ਤਿੰਨ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਗਏ ਹਨ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਤਿੰਨ ਦਿਨਾਂ ਦਾ ਪੁਲੀਸ ਰਿਮਾਂਡ ਪ੍ਰਾਪਤ ਕੀਤਾ ਗਿਆ।