ਜੰਗਲਾਤ ਕਾਮਿਆਂ ਵਲੋਂ ਵਣ-ਮੰਡਲ ਅਫ਼ਸਰ ਦੇ ਦਫ਼ਤਰ ਅੱਗੇ ਧਰਨਾ
ਜੰਗਲਾਤ ਵਰਕਰਜ਼ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ’ਤੇ 21 ਤੇ 22 ਜੁਲਾਈ ਨੂੰ ਸਰਕਾਰ ਨੂੰ ਮੰਗ ਪੱਤਰ ਦੇਣ ਦੀ ਕੜੀ ਤਹਿਤ ਅੱਜ ਇੱਥੇ ਜੰਗਲਾਤ ਵਰਕਰਜ਼ ਯੂਨੀਅਨ ਵਣ-ਮੰਡਲ ਹੁਸ਼ਿਆਰਪੁਰ ਵੱਲੋਂ ਵਣ ਮੰਡਲ ਅਫ਼ਸਰ ਦੇ ਦਫ਼ਤਰ ਅੱਗੇ ਮੰਡਲ ਪ੍ਰਧਾਨ ਪਵਨ ਕੁਮਾਰ ਦੀ ਪ੍ਰਧਾਨਗੀ ਹੇਠ ਰੋਸ ਧਰਨਾ ਦਿੱਤਾ ਗਿਆ। ਵੱਡੀ ਗਿਣਤੀ ਵਿੱਚ ਜੰਗਲਾਤ ਕਾਮੇ ਝੰਡੇ ਤੇ ਬੈਨਰ ਲੈ ਕੇ ਧਰਨੇ ਵਿੱਚ ਪੁੱਜੇ। ਧਰਨੇ ਨੂੰ ਸੰਬੋਧਨ ਕਰਦਿਆ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫ਼ੈਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਜੰਗਲਾਤ ਵਰਕਰਜ਼ ਯੂਨੀਅਨ ਦੇ ਵਣ ਮੰਡਲ ਆਗੂਆਂ ਜੈ ਪਾਲ, ਅਮਰੀਕ ਸਿੰਘ, ਬਲਜੀਤ ਕੁਮਾਰ, ਜੈ ਦੇਵ, ਸੁੱਚਾ ਸਿੰਘ ਅਤੇ ਰਮੇਸ਼ ਕੁਮਾਰ ਨੇ ਆਖਿਆ ਕਿ ਵਿਭਾਗ ਵੱਲੋਂ ਜੰਗਲਾਤ ਕਾਮਿਆਂ ਦਾ ਮੈਡੀਕਲ ਅਤੇ ਪੁਲੀਸ ਵੈਰੀਫਿਕੇਸ਼ਨ ਕਰਵਾਉਣ ਦੇ ਬਾਵਜੂਦ ਅੱਜ ਇੱਕ ਮਹੀਨਾ ਬੀਤਣ ’ਤੇ ਵੀ ਜੰਗਲਾਤ ਕਾਮਿਆਂ ਨੂੰ ਨਿਯੁਕਤੀ ਪੱਤਰ ਨਹੀਂ ਮਿਲੇ। ਝੂਠੇ ਵਾਅਦੇ ਕਰਕੇ ਸੱਤਾ ’ਚ ਆਈ ਮਾਨ ਸਰਕਾਰ ਨੇ ਲਗਭਗ ਸਾਡੇ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਜੰਗਲਾਤ ਦਾ ਇੱਕ ਵੀ ਕਾਮਾ ਪੱਕਾ ਨਹੀਂ ਕੀਤਾ ਜਿਸ ਕਾਰਨ ਜੰਗਲਾਤ ਕਾਮਿਆ ਵਿੱਚ ਭਾਰੀ ਰੋਸ ਤੇ ਬੇਚੈਨੀ ਪਾਈ ਜਾ ਰਹੀ ਹੈ। ਜੰਗਲਾਤ ਕਾਮਿਆ ਨੇ ਵਣ ਮੰਡਲ ਅਫ਼ਸਰ ਦੇ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਅਤੇ ਵਣ ਮੰਡਲ ਅਫਸਰ ਰਾਹੀ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜਿਆ। ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਜੰਗਲਾਤ ਕਾਮਿਆਂ ਨੂੰ ਜਲਦੀ ਨਿਯੁਕਤੀ ਪੱਤਰ ਨਾ ਦਿੱਤੇ ਤੇ ਜੰਗਲਾਤ ਵਿਭਾਗ ਵਿੱਚ ਲੰਬ ਸਮੇਂ ਤੋਂ ਕੰਮ ਕਰਦੇ ਕੱਚੇ ਕਾਮੇ ਪੱਕੇ ਨਾ ਕੀਤੇ ਅਤੇ ਹੋਰ ਮੰਗਾਂ ਦਾ ਹੱਲ ਨਾ ਕੀਤਾ ਤਾਂ 26 ਜੁਲਾਈ ਨੂੰ ਵਣ ਮੰਤਰੀ ਪੰਜਾਬ ਦੇ ਹਲਕੇ ਵਿਚ ਰੋਸ ਧਰਨਾ ਦੇਣ ਉਪਰੰਤ ਝੰਡਾ ਮਾਰਚ ਕੀਤਾ ਜਾਵੇਗਾ।