ਸਿਹਤ ਵਿਭਾਗ ਦੀ ਫ਼ੂਡ ਸੇਫਟੀ ਟੀਮ ਨੇ ਅੱਜ ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ ਅਤੇ ਫੂਡ ਸੇਫਟੀ ਅਫ਼ਸਰ ਵਿਵੇਕ ਕੁਮਾਰ ਦੀ ਅਗਵਾਈ ਹੇਠ ਚੱਬੇਵਾਲ ਵਿੱਚ ਵੱਖ-ਵੱਖ ਦੁਕਾਨਾਂ ਅਤੇ ਬੇਕਰੀਆਂ ਦੀ ਚੈਕਿੰਗ ਕੀਤੀ ਅਤੇ ਖਾਧ ਪਦਾਰਥਾਂ ਦੇ 7 ਨਮੂਨੇ ਭਰੇ। ਇਹ ਨਮੂਨੇ ਟੈਸਟਿੰਗ ਲਈ ਫੂਡ ਲੈਬ ਖਰੜ ਭੇਜੇ ਗਏ ਹਨ। ਰਿਪੋਰਟ ਪ੍ਰਾਪਤ ਹੋਣ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ।ਡਾ. ਜਤਿੰਦਰ ਭਾਟੀਆ ਤੇ ਵਿਵੇਕ ਕੁਮਾਰ ਨੇ ਦੱਸਿਆ ਕਿ ਜਾਂਚ ਦੌਰਾਨ ਖਾਧ ਪਦਾਰਥ ਵਿਕਰੇਤਾਵਾਂ ਅਤੇ ਬੇਕਰੀਆਂ ਦੇ ਮਾਲਕਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਉਹ ਐਫਐਸਐਸਏਆਈ ਵੱਲੋਂ ਜਾਰੀ ਕੀਤੇ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ। ਸਿਹਤ ਅਫ਼ਸਰ ਨੇ ਚਿਤਾਵਨੀ ਦਿੱਤੀ ਕਿ ਜੇ ਕੋਈ ਵੀ ਵਿਕਰੇਤਾ ਜਾਂ ਨਿਰਮਾਤਾ ਖਾਧ ਪਦਾਰਥਾਂ ਦੀ ਗੁਣਵੱਤਾ ਦਾ ਧਿਆਨ ਨਹੀਂ ਰੱਖਦਾ ਜਾਂ ਮਿਲਾਵਟ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡਾ. ਭਾਟੀਆ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖਰੀਦਦਾਰੀ ਕਰਦਿਆਂ ਸਦਾ ਮਿਆਰੀ, ਤਾਜ਼ੇ ਅਤੇ ਸਿਹਤਮੰਦ ਖਾਧ ਪਦਾਰਥਾਂ ਨੂੰ ਹੀ ਤਰਜੀਹ ਦੇਣ।