ਹੜ੍ਹ ਦਾ ਅਸਰ: 26 ਲੋਕਾਂ ਨੂੰ ਸੱਪਾਂ ਨੇ ਡੱਸਿਆ; ਤਿੰਨ ਦੀ ਮੌਤ
ਰਾਵੀ ਦਰਿਆ ਨਾਲ ਲੱਗਦੇ ਅਜਨਾਲਾ ਹਲਕੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਾਣੀ ਇਕੱਠਾ ਹੋਣ ਨਾਲ ਸੱਪ ਵੱਡੀ ਗਿਣਤੀ ਵਿੱਚ ਬਾਹਰ ਆ ਰਹੇ ਹਨ ਅਤੇ 25 ਅਗਸਤ ਤੋਂ ਹੁਣ ਤੱਕ ਸੱਪ ਡੱਸਣ ਦੇ 26 ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 2 ਮਰੀਜ਼ ਹਸਪਤਾਲ ਵਿਖੇ ਆਪਣਾ ਇਲਾਜ ਕਰਵਾ ਰਹੇ ਹਨ। ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਦੇਵਗਨ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਮੌਕੇ ਦੇ ਹਾਲਾਤ ਵੇਖਦੇ ਹੋਏ ਅਜਨਾਲਾ ਵਿੱਚ ਦਵਾਈਆਂ ਪੁਹੰਚਾਉਣ ਦੀ ਹਦਾਇਤ ਕੀਤੀ ਗਈ ਸੀ, ਜਿਸ ਦੇ ਮੱਦੇ ਨਜ਼ਰ ਮੈਡੀਕਲ ਕਾਲਜ ਵਲੋਂ ਸਬ ਡਿਵੀਜ਼ਨਲ ਹਸਪਤਾਲਾ ਅਜਨਾਲਾ ਵਿਖੇ 400 ਐਂਟੀ ਸਨੇਕ ਦਵਾਈਆਂ ਦੀ ਡੋਜ਼ ਭੇਜੀ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੱਪ ਦੇ ਡੰਗ ਮਾਰਨ ‘ਤੇ ਘਬਰਾਉਣ ਦੀ ਜ਼ਰੂਰਤ ਨਹੀਂ, ਸੱਪ ਕੱਟਣ ਤੇ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਪਹੁੰਚੋ ਤੇ ਸਮੇਂ ਸਿਰ ਇਲਾਜ ਸ਼ੁਰੂ ਕਰਕੇ ਮਰੀਜ਼ ਦੀ ਜਾਨ ਨੂੰ ਬਚਾਇਆ ਜਾ ਸਕਦਾ ਹੈ। ਸਿਵਲ ਸਰਜਨ ਡਾ. ਸਵਰਨਜੀਤ ਧਵਨ ਨੇ ਦੱਸਿਆ ਕਿ ਹੜ੍ਹਾਂ ਦੇ ਪਾਣੀ ਵਿਚ ਸੱਪਾਂ ਦੇ ਡੰਗ ਮਾਰਨ ਦੀਆਂ ਘਟਨਾਵਾਂ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਨੇ ਸੱਪ ਦੇ ਡੰਗ ਦੀ ਪਛਾਣ ਅਤੇ ਬਚਾਅ ਦੇ ਕੁੱਝ ਨੁਕਤੇ ਵੀ ਸਾਂਝੇ ਕੀਤੇ। 70 ਫ਼ੀਸਦੀ ਸੱਪ ਜ਼ਹਿਰੀਲੇ ਨਹੀਂ ਹੁੰਦੇ। ਫਿਰ ਵੀ ਜੋਖਮ ਨਾ ਉਠਾਉ। ਇਸ ਹਾਲਤ ਵਿਚ ਮਰੀਜ਼ ਨੂੰ ਦੌੜਨਾ ਨਹੀਂ ਚਾਹੀਦਾ ਅਤੇ ਖ਼ੁਦ ਵਾਹਨ ਚਲਾ ਕੇ ਹਸਪਤਾਲ ਨਹੀਂ ਜਾਣਾ ਚਾਹੀਦਾ।