ਹੜ੍ਹ ਤੇ ਮੀਂਹ ਪ੍ਰਭਾਵਿਤ ਮਜ਼ਦੂਰਾਂ ਵੱਲੋਂ ਤਹਿਸੀਲ ਦਫ਼ਤਰ ਦਾ ਘਿਰਾਓ
ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ਉੱਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਤਹਿਸੀਲ ਦਫ਼ਤਰ ਕਰਤਾਰਪੁਰ ਵਿਖੇ ਧਰਨਾ ਲਗਾ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਦੇ ਨਾਂ ਤਹਿਸੀਲਦਾਰ ਨੂੰ ਮੰਗ ਪੱਤਰ ਦਿੱਤਾ। ਇਸ ਤੋਂ ਪਹਿਲਾਂ ਧਰਨਾਕਾਰੀ ਮੁੱਖ ਚੌਕ ਪੁਲ ਹੇਠ ਇਕੱਠੇ ਹੋਏ, ਜਿੱਥੋਂ ਮੁਜ਼ਾਹਰਾ ਕਰਦੇ ਹੋਏ ਤਹਿਸੀਲ ਦਫ਼ਤਰ ਪੁੱਜੇ।
ਉਨ੍ਹਾਂ ਮੰਗ ਕੀਤੀ ਕਿ ਹੜ੍ਹਾਂ ਵਿੱਚ ਜਾਨਾਂ ਗੁਆਉਣ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨੂੰ 25 ਲੱਖ, ਜਿਨ੍ਹਾਂ ਮਜ਼ਦੂਰਾਂ-ਕਿਸਾਨਾਂ ਦੇ ਘਰ ਢਹਿ ਗਏ ਹਨ ਉਨ੍ਹਾਂ ਨੂੰ ਮੁੜ ਉਸਾਰਨ ਲਈ 15 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਬਾਲੇ-ਗਾਡਰਾਂ ਵਾਲੀਆਂ ਛੱਤਾਂ ਨੂੰ ਬਦਲਣ ਲਈ ਪੰਜ ਲੱਖ ਰੁਪਏ ਦੀ ਗਰਾਂਟ ਦੀ ਮੰਗ ਕੀਤੀ ਹੈ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਦੋਸ਼ ਲਾਇਆ ਕਿ ਹੜ੍ਹਾਂ ਲਈ ਸੂਬਾ ਸਰਕਾਰ ਜ਼ਿੰਮੇਵਾਰ ਹੈ, ਕਿਉਂਕਿ ਮਾਹਿਰਾਂ ਨੇ ਪਹਿਲਾਂ ਹੀ ਭਾਰੀ ਬਾਰਸ਼ਾਂ ਦੀ ਪੇਸ਼ਨਗੋਈ ਦੇ ਨਾਲ-ਨਾਲ ਹੜ੍ਹਾਂ ਦੀ ਸੰਭਾਵਨਾ ਜਤਾਈ ਸੀ ਪਰ ਸੂਬਾ ਸਰਕਾਰ ਨੇ ਕੋਈ ਅਗਾਂਊ ਪ੍ਰਬੰਧ ਨਾ ਕਰਨ ਕਰਕੇ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਉਨ੍ਹਾਂ ਨਾਇਬ ਤਹਿਸੀਲਦਾਰ ਦੇ ਰਵੱਈਏ ਦੀ ਵੀ ਨਿਖੇਧੀ ਕਰਦਿਆਂ ਕਿਹਾ ਕਿ ਉਨ੍ਹਾਂ ਕਈ ਘੰਟੇ ਬੈਠੇ ਮਜ਼ਦੂਰਾਂ ਦੀ ਬਾਤ ਨਹੀਂ ਪੁੱਛੀ। ਇਸ ਮੌਕੇ ਤਹਿਸੀਲ ਪ੍ਰਧਾਨ ਕੇ ਐੱਸ ਅਟਵਾਲ, ਸਕੱਤਰ ਸਰਬਜੀਤ ਕੌਰ ਕੁੱਦੋਵਾਲ, ਤਹਿਸੀਲ ਆਗੂ ਬਲਬੀਰ ਸਿੰਘ ਧੀਰਪੁਰ, ਪਰਮਜੀਤ ਕੌਰ ਮੀਕੋ, ਬਲਵਿੰਦਰ ਕੌਰ ਘੁੱਗ, ਗੋਬਿੰਦਾ ਮੁਰੀਦਪੁਰ, ਬਲਵਿੰਦਰ ਕੌਰ ਦਿਆਲਪੁਰ ਅਤੇ ਇਸਤਰੀ ਜਾਗ੍ਰਿਤੀ ਮੰਚ ਦੀ ਸੂਬਾਈ ਪ੍ਰੈੱਸ ਸਕੱਤਰ ਜਸਵੀਰ ਕੌਰ ਜੱਸੀ ਆਦਿ ਨੇ ਵੀ ਸੰਬੋਧਨ ਕੀਤਾ।
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਅੱਜ ਐੱਸ ਡੀ ਐੱਮ ਦਫਤਰ ਨਕੋਦਰ ਵਿਚ ਧਰਨਾ ਲਗਾ ਕੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਦੇ ਨਾਮ ’ਤੇ ਐੱਸ ਡੀ ਐੱਮ ਲਾਲ ਵਿਸਵਾਸ਼ ਬੈਂਸ ਨੂੰ ਮੰਗ ਪੱਤਰ ਦੇ ਕੇ ਹੜ੍ਹਾਂ ਅਤੇ ਬਾਰਸ਼ਾਂ ਤੋਂ ਪ੍ਰਭਾਵਿਤ ਪੀੜਤਾਂ ਨੂੰ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆ ਸੂਬਾਈ ਮਜ਼ਦੂਰ ਆਗੂ ਹਰਮੇਸ਼ ਮਾਲੜੀ, ਤਰਸੇਮ ਪੀਟਰ, ਦਰਸ਼ਨ ਨਾਹਰ ਅਤੇ ਗਿਆਨ ਸੈਦਪੁਰੀ ਨੇ ਦੋਸ਼ ਲਾਇਆ ਕਿ ਹੜ੍ਹਾਂ ਤੇ ਬਾਰਸ਼ਾਂ ਨਾਲ ਹੋਏ ਭਾਰੀ ਨੁਕਸਾਨ ਦੇ ਪੀੜਤਾਂ ਲਈ ਐਲਾਨੇ ਨਿਗੂਣੇ ਰਾਹਤ ਫੰਡ ਮੌਕੇ ਸਰਕਾਰ ਨੇ ਦਲਿਤਾਂ ਨੂੰ ਦਰਕਿਨਾਰ ਕੀਤਾ ਹੈ।