ਇਥੋਂ ਦੇ ਬੱਸ ਅੱਡੇ ਕੋਲ ਅੱਜ ਗੋਲੀਆਂ ਚਲ ਗਈਆਂ ਜਿਸ ਵਿੱਚ ਐੱਸਯੂਵੀ ਸਵਾਰ ਪੰਜ ਜਣੇ ਗੰਭੀਰ ਜ਼ਖ਼ਮੀ ਹੋ ਗਏ। ਇਸ ਘਟਨਾ ਵਿੱਚ ਜ਼ਖ਼ਮੀ ਨੌਜਵਾਨਾਂ ਦੀ ਪਛਾਣ ਮਹਿਰਮਪੁਰ ਵਾਸੀ ਰਿੰਪਲ ਪੂਨੀ (29), ਮਨਦੀਪ ਸਿੰਘ (30) ਵਾਸੀ ਕਰਿਆਮ, ਸਾਹਿਲ (26) ਵਾਸੀ ਬੰਗਾ, ਸੂਜ਼ਨ (31) ਵਾਸੀ ਭਰੋਮਜਾਰਾ, ਹਰਪ੍ਰੀਤ (28) ਵਾਸੀ ਖਾਨਖਾਨਾ ਵਜੋਂ ਹੋਈ ਹੈ। ਪੁਲੀਸ ਨੇ ਇਸ ਮਾਮਲੇ ਸਬੰਧੀ ਕੇਸ ਦਰਜ ਕਰਨ ਤੋਂ ਬਾਅਦ ਕਿਹਾ ਕਿ ਇਹ ਮਾਮਲਾ ਪੁਰਾਣੀ ਰੰਜਿਸ਼ ਨਾਲ ਜੁੜਿਆ ਹੋਇਆ ਹੈ।
ਘਟਨਾ ਮਗਰੋਂ ਉੱਥੇ ਮੌਜੂਦ ਲੋਕਾਂ ਨੇ ਪੰਜਾਂ ਜ਼ਖ਼ਮੀਆਂ ਨੂੰ ਢਾਹਾਂ ਕਲੇਰਾਂ ਦੇ ਗੁਰੂ ਨਾਨਕ ਮਿਸ਼ਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਉੱਥੇ ਮੌਜੂਦ ਡਾਕਟਰਾਂ ਨੇ ਸਾਰਿਆਂ ਦੀ ਹਾਲਤ ਗੰਭੀਰ ਹੋ ਜਾਣ ਕਾਰਨ ਮੁੱਢਲੀ ਸਹਾਇਤਾ ਦੇ ਕੇ ਲੁਧਿਆਣਾ ਲਈ ਭੇਜ ਦਿੱਤਾ।
ਇਸ ਘਟਨਾ ਦੀ ਪੜਤਾਲ ਕਰਨ ਵਾਸਤੇ ਸੀਨੀਅਰ ਪੁਲੀਸ ਕਪਤਾਨ ਡਾ. ਮਹਿਤਾਬ ਸਿੰਘ ਦੀ ਅਗਵਾਈ ਵਿੱਚ ਵੱਖ-ਵੱਖ ਪੁਲੀਸ ਟੀਮਾਂ ਪੁੱਜੀਆਂ ਹੋਈਆਂ ਸਨ। ਪੁਲੀਸ ਵੱਲੋਂ ਮੁਢਲੇ ਤੌਰ ’ਤੇ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਇਹ ਦੋ ਧਿਰਾਂ ਦੀ ਆਪਸੀ ਰੰਜਿਸ਼ ਦਾ ਮਾਮਲਾ ਹੈ। ਪੁਲੀਸ ਅਨੁਸਾਰ ਕਾਰ ਸਵਾਰ ਹਮਲਾਵਰ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਫ਼ਰਾਰ ਹੋ ਗਏ।

