ਕਰਤਾਰਪੁਰ ਪੁਲੀਸ ਵੱਲੋਂ ਲਗਾਏ ਨਾਕੇ ’ਤੇ ਫਾਇਰਿੰਗ; ਵਿਅਕਤੀ ਫ਼ਰਾਰ !
ਪੁਲੀਸ ਨੇ ਵਿਦੇਸ਼ੀ ਹਥਿਆਰ ਅਤੇ ਥਾਰ ਸਮੇਤ ਇੱਕ ਨੂੰ ਕੀਤਾ ਕਾਬੂ
ਜਲੰਧਰ ਦਿਹਾਤੀ ਦੇ ਥਾਣਾ ਕਰਤਾਰਪੁਰ ਦੀ ਪੁਲੀਸ ਵੱਲੋਂ ਰਾਤ ਗਸ਼ਤ ਦੌਰਾਨ ਲਾਏ ਨਾਕੇ ’ਤੇ ਥਾਰ ਸਵਾਰ ਦੋ ਵਿਅਕਤੀ ਫਾਈਰਿੰਗ ਕਰਕੇ ਮੌਕੇ ਤੋਂ ਫ਼ਰਾਰ ਹੋ ਗਏ।ਪੁਲੀਸ ’ਤੇ ਫਾਇਰਿੰਗ ਕਰਨ ਵਾਲੇ ਦੋ ਵਿਅਕਤੀਆਂ ਵਿੱਚੋਂ ਥਾਰ ਅਤੇ ਵਿਦੇਸ਼ੀ ਹਥਿਆਰ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ ਜਦੋਂਕਿ ਦੂਸਰਾ ਮੌਕੇ ਤੋਂ ਕਿਸੇ ਹੋਰ ਵਿਅਕਤੀ ਦੀ ਕਾਰ ਖੋਹ ਕੇ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਕਰਤਾਰਪੁਰ ਪੁਲੀਸ ਨੇ ਕੌਮੀ ਮਾਰਗ ’ਤੇ ਬਣੇ ਪੁਲ ਨੇੜੇ ਨਾਕਾ ਲਗਾਇਆ ਹੋਇਆ ਸੀ। ਪਿੰਡ ਧੀਰਪੁਰ ਵਾਲੇ ਪਾਸਿਓਂ ਕਾਲੇ ਰੰਗ ਦੀ ਥਾਰ ਗੱਡੀ ਨੂੰ ਪੁਲੀਸ ਨੇ ਟੋਰਚ ਦੀ ਲਾਈਟ ਮਾਰ ਕੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਸ ਵਿੱਚ ਸਵਾਰ ਵਿਅਕਤੀਆਂ ਵੱਲੋਂ ਪੁਲੀਸ ’ਤੇ ਮਾਰ ਦੇਣ ਦੀ ਨੀਅਤ ਨਾਲ ਫਾਈਰਿੰਗ ਕਰਕੇ ਗੱਡੀ ਵਾਪਸ ਧੀਰਪੁਰ ਸਾਈਡ ਨੂੰ ਭਜਾ ਕੇ ਲਏ ਗਏ ਸਨ।
ਪੁਲੀਸ ਵੱਲੋਂ ਪਿੱਛਾ ਕਰਨ ’ਤੇ ਥਾਰ ਗੱਡੀ ਖੇਤਾਂ ਵਿੱਚ ਡਿੱਗ ਕੇ ਫਸ ਗਈ ਸੀ ਅਤੇ ਦੋਨੋਂ ਵਿਅਕਤੀ ਗੱਡੀ ਛੱਡ ਕੇ ਖੇਤਾਂ ਵੱਲ ਦੌੜ ਗਏ ਸਨ। ਇਨ੍ਹਾਂ ਦੋ ਨੌਜਵਾਨਾਂ ਵਿੱਚੋਂ ਇੱਕ ਨੂੰ ਪੁਲੀਸ ਨੇ ਕਾਬੂ ਕਰ ਲਿਆ ਹੈ। ਫੜੇ ਗਏ ਵਿਅਕਤੀ ਕੋਲੋਂ ਇੱਕ ਵਿਦੇਸ਼ੀ ਮਾਰਕਾ ਪਿਸਟਲ ਅਤੇ ਚਾਰ ਜਿਉਂਦਾ ਰੋਂਦ ਅਤੇ ਮੌਕੇ ਤੋਂ ਕਾਲੇ ਰੰਗ ਦੀ ਬਿਨਾਂ ਨੰਬਰ ਥਾਰ ਬਰਾਮਦ ਕੀਤੀ ਹੈ।
ਮੌਕੇ ਤੋਂ ਫਰਾਰ ਦੂਜੇ ਵਿਅਕਤੀ ਨੇ ਪਿੰਡ ਧੀਰਪੁਰ ਵਾਲੇ ਪਾਸਿਓਂ ਆਉਂਦੀ ਚਿੱਟੇ ਰੰਗ ਦੀ ਸਵਿਫਟ ਕਾਰ ਪੀਬੀ08 ਸੀਟੀ 788 ਜਿਸ ਨੂੰ ਪ੍ਰਭਜਿੰਦਰ ਸਿੰਘ ਚਲਾ ਰਿਹਾ ਸੀ ਪਿਸਟਲ ਦੀ ਨੋਕ ਤੇ ਜਬਰਨ ਖੋਹ ਕੇ ਦਿਆਲਪੁਰ ਵਾਲੀ ਸਾਈਡ ਨੂੰ ਭੱਜਣ ਵਿੱਚ ਕਾਮਯਾਬ ਹੋ ਗਿਆ ਹੈ।
ਪੁਲੀਸ ਅਨੁਸਾਰ ਥਾਰ ਸਵਾਰ ਦੋਨੋਂ ਵਿਅਕਤੀ ਪਿੰਡ ਧੀਰਪੁਰ ਦੇ ਹੀ ਰਹਿਣ ਵਾਲੇ ਹਨ ਅਤੇ ਇਨ੍ਹਾਂ ਦੀ ਪਹਿਚਾਣ ਸੁਖਵੰਤ ਸਿੰਘ ਪੁੱਤਰ ਰੇਸ਼ਮ ਸਿੰਘ ਅਤੇ ਕਰਮਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਧੀਰਪੁਰ ਵਜੋਂ ਹੋਈ ਹੈ।
ਇਸ ਘਟਨਾ ਦੀ ਡੀਐਸਪੀ ਸਬ-ਡਿਵੀਜ਼ਨ ਕਰਤਾਰਪੁਰ ਨਰਿੰਦਰ ਸਿੰਘ ਔਜਲਾ ਨੇ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਮੁਸਤੈਦੀ ਨਾਲ ਰਾਤ ਗਸ਼ਤ ਕਰਕੇ ਇਲਾਕੇ ਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਵਚਨਬੱਧ ਹੈ।

