ਦੀਵਾਲੀ ਦੀ ਰਾਤ (ਮੰਗਲਵਾਰ ਰਾਤ) ਨੂੰ ਆਤਿਸ਼ਬਾਜ਼ੀ ਕਾਰਨ ਜਲੰਧਰ, ਅੰਮ੍ਰਿਤਸਰ ਸਮੇਤ 70 ਤੋਂ ਵੱਧ ਥਾਵਾਂ ’ਤੇ ਅੱਗ ਲੱਗਣ ਦੀਆਂ ਰਿਪੋਰਟਾਂ ਮਿਲੀਆਂ। ਫਾਇਰ ਵਿਭਾਗ ਨੇ ਫੌਰੀ ਕਾਰਵਾਈ ਕਰਦਿਆਂ ਇਨ੍ਹਾਂ ਸਾਰੀਆਂ ਘਟਨਾਵਾਂ ’ਤੇ ਕਾਬੂ ਪਾਇਆ। ਜਲੰਧਰ ਵਿੱਚ ਅੱਗ ਲੱਗਣ ਦੀਆਂ 50 ਘਟਨਾਵਾਂ ਵਾਪਰੀਆਂ ਜਿਨ੍ਹਾਂ ਵਿੱਚ ਲਗਪਗ 70 ਫਾਇਰ ਟੈਂਡਰ ਅੱਗ ਬੁਝਉਣ ਲੱੱਗੇ ਰਹੇ। ਇਨ੍ਹਾਂ ਘਟਨਾਵਾਂ ਵਿੱਚੋਂ ਇੱਕ ਬਸਤੀ ਦਾਨਿਸ਼ ਮੰਦਾ ਵਿੱਚ ਇੱਕ ਕੈਮੀਕਲ ਫੈਕਟਰੀ ਵਿੱਚ ਅੱਗ ਲੱਗ ਗਈ। ਫਾਇਰ ਵਿਭਾਗ ਨੂੰ ਰਾਤ 10 ਵਜੇ ਦੇ ਕਰੀਬ ਅੱਗ ਲੱਗਣ ਬਾਰੇ ਕਾਲ ਆਈ। ਟੀਮ ਨੂੰ ਅੱਗ ਬੁਝਾਉਣ ਵਿੱਚ ਇੱਕ ਘੰਟੇ ਤੋਂ ਵੱਧ ਸਮਾਂ ਲੱਗ ਗਿਆ।
ਫਾਇਰ ਵਿਭਾਗ ਦੇ ਅਧਿਕਾਰੀ ਅਵਨੀਸ਼ ਸੌਂਧੀ ਨੇ ਦੱਸਿਆ ਕਿ ਕਿਸ਼ਨਪੁਰਾ ਦੇ ਅਮਰੀਕ ਨਗਰ ਵਿੱਚ ਦੁਰਗਾ ਮੰਦਰ ਦੇ ਨੇੜੇ ਇੱਕ ਘਰ ਦੇ ਇੱਕ ਹਿੱਸੇ ਵਿੱਚ ਅੱਗ ਲੱਗ ਗਈ। ਮੰਨਿਆ ਜਾ ਰਿਹਾ ਹੈ ਕਿ ਇਹ ਅੱਗ ਪਟਾਕਿਆਂ ਦੀਆਂ ਚੰਗਿਆੜੀਆਂ ਕਾਰਨ ਲੱਗੀ ਹੈ। ਇਸੇ ਤਰ੍ਹਾਂ ਸ਼ਕਤੀ ਨਗਰ ਵਿੱਚ ਬਾਹਰ ਘਰ ਵਿੱਚ ਅੱਗ ਲੱਗ ਗਈ। ਇਨ੍ਹਾਂ ਸਾਰੀਆਂ ਥਾਵਾਂ ’ਤੇ ਫਾਇਰ ਬ੍ਰਿਗੇਡ ਵਿਭਾਗ ਨੇ ਸਮੇਂ ਸਿਰ ਅੱਗ ਬੁਝਾ ਦਿੱਤੀ। ਸ਼ਹਿਰ ਵਿੱਚ ਕਈ ਖਾਲੀ ਪਲਾਟਾਂ ਅਤੇ ਕੂੜੇ ਦੇ ਡੰਪਾਂ ਵਿੱਚ ਪਟਾਕਿਆਂ ਦੀਆਂ ਚੰਗਿਆੜੀਆਂ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਖੁਸ਼ਕਿਸਮਤੀ ਨਾਲ, ਇਨ੍ਹਾਂ ਵਿੱਚੋਂ ਕਿਸੇ ਵੀ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਸ਼ਹਿਰ ਵਿੱਚ ਦੀਵਾਲੀ ਦੀ ਰਾਤ ਨੂੰ 20 ਤੋਂ ਵੱਧ ਥਾਵਾ ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ , ਜੋ ਕਿ ਸ਼ਹਿਰ ਵਿੱਚ ਪਟਾਕੇ ਚਲਾਉਣ ਕਾਰਨ ਹੋਈਆਂ। ਇਸ ਨਾਲ ਹਵਾ ਪ੍ਰਦੂਸ਼ਨ ਵੀ ਸਿੱਖਰ ’ਤੇ ਰਿਹਾ ਹੈ। ਛੇ ਫਾਇਰ ਸਟੇਸ਼ਨਾਂ ਦੇ ਫਾਇਰਫਾਈਟਰਾਂ ਨੂੰ ਅੱਗ ਬੁਝਾਉਣ ਲਈ ਲਗਾਤਾਰ ਤਾਇਨਾਤ ਕੀਤਾ ਗਿਆ। ਇਨ੍ਹਾਂ ਘਟਨਾਵਾਂ ਵਿੱਚ ਕਈ ਥਾਵਾ ਤੇ ਵੱਡਾ ਨੁਕਸਾਨ ਵੀ ਹੋਇਆ ਹੈ। ਦੀਵਾਲੀ ਵਾਲੀ ਸ਼ਾਮ ਨੂੰ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਮਕਬੂਲ ਰੋਡ ’ਤੇ ਇੱਕ ਘਰ ਵਿੱਚ ਬਾਹਰ ਪਏ ਕੱਪੜਿਆਂ ’ਤੇ ਪਟਾਕੇ ਡਿੱਗਣ ਤੋਂ ਬਾਅਦ ਅੱਗ ਲੱਗ ਗਈ। ਫਾਇਰ ਵਿਭਾਗ ਨੇ ਕੁਝ ਮਿੰਟਾਂ ਵਿੱਚ ਹੀ ਅੱਗ ’ਤੇ ਕਾਬੂ ਪਾ ਲਿਆ। ਰਾਮਬਾਗ ਖੇਤਰ ਵਿੱਚ ਇੱਕ ਪਲਾਸਟਿਕ ਦੀ ਦੁਕਾਨ ’ਤੇ ਅੱਗ ਦੀ ਸੂਚਨਾ ਮਿਲੀ। ਲਗਪਗ 12 ਫਾਇਰ ਟੈਂਡਰਾਂ ਨੇ ਅੱਗ ਬੁਝਾਈ। ਇੱਕ ਹੋਰ ਘਟਨਾ ਵਿੱਚ ਗੋਲਡਨ ਐਵੇਨਿਊ ਵਿੱਚ ਇੱਕ ਘਰ ਵਿੱਚ ਅੱਗ ਲੱਗ ਗਈ। ਤਿੰਨ ਫਾਇਰ ਟੈਂਡਰਾਂ ਨੇ ਅੱਧੇ ਘੰਟੇ ਦੇ ਅੰਦਰ ਅੱਗ ਬੁਝਾ ਦਿੱਤੀ। ਛੇਹਰਟਾ, ਨਰਾਇਣਗੜ੍ਹ, ਏਅਰਪੋਰਟ ਰੋਡ, ਵੇਰਕਾ ਅਤੇ ਪ੍ਰੀਤ ਨਗਰ ਵਿਚ ਵੀ ਅੱਗ ਦੀਆਂ ਘਟਨਾਵਾਂ ਵਾਪਰੀਆਂ।
ਪਠਾਨਕੋਟ (ਐੱਨ ਪੀ ਧਵਨ): ਸ਼ਹਿਰ ਦੇ ਵਾਰਡ ਨੰਬਰ 14 ਦੇ ਮੁਹੱਲਾ ਰਾਮਪੁਰਾ ਵਿੱਚ ਇੱਕ ਪ੍ਰਿੰਟਿੰਗ ਫੈਕਟਰੀ ਵਿੱਚ ਪਟਾਕੇ ਚਲਾਏ ਜਾਣ ਕਾਰਨ ਅਚਾਨਕ ਅੱਗ ਲੱਗ ਜਾਣ ਕਾਰਨ ਹਫੜਾ-ਦਫੜੀ ਮੱਚ ਗਈ। ਜਿਸ ਤੇ ਸਥਾਨਕ ਲੋਕਾਂ ਨੇ ਤੁਰੰਤ ਫੈਕਟਰੀ ਮਾਲਕ ਅਤੇ ਫਾਇਰ ਵਿਭਾਗ ਨੂੰ ਸੂਚਿਤ ਕੀਤਾ। ਫਾਇਰ ਵਿਭਾਗ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾ ਲਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਲੰਘੀ ਦਰਮਿਆਨੀ ਰਾਤ ਨੂੰ ਦੀਵਾਲੀ ਦੇ ਤਿਉਹਾਰ ਕਾਰਨ ਪਟਾਕੇ ਚਲਾਏ ਜਾ ਰਹੇ ਸਨ ਕਿ ਉਸੇ ਸਮੇਂ ਫੈਕਟਰੀ ਵਿੱਚ ਇੱਕ ਪਟਾਕਾ ਡਿੱਗ ਗਿਆ ਤੇ ਅੱਗ ਲੱਗ ਗਈ।
ਖੋਖੇ ਨੂੰ ਅੱਗ ਲੱਗੀ, ਸਾਮਾਨ ਸੜ ਕੇ ਸੁਆਹ
ਚੇਤਨਪੁਰਾ (ਰਣਬੀਰ ਸਿੰਘ ਮਿੰਟੂ): ਅੱਡਾ ਕੁੱਕੜਾਂਵਾਲਾ ਵਿੱਚ ਬੀਤੀ ਰਾਤ ਸਬਜ਼ੀ ਵਾਲੇ ਖੋਖੇ ਨੂੰ ਅੱਗ ਲੱਗਣ ਕਾਰਨ ਸਾਮਾਨ ਸੜ ਕੇ ਸੁਆਹ ਹੋ ਗਿਆ। ਖੋਖੇ ਦੇ ਮਾਲਕ ਸਾਬੀ ਪੁੱਤਰ ਦਿਆਲ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਖੋਖੇ ਨੂੰ ਕਵਰ ਕਰਕੇ ਘਰ ਚਲੇ ਗਏ ਸਨ। ਕਿਸੇ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਖੋਖੇ ਨੂੰ ਅੱਗ ਲੱਗ ਗਈ। ਉਨ੍ਹਾਂ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ। ਫਿਰ ਫਾਈਰ ਬ੍ਰਿਗੇਡ ਦੀਆਂ ਗੱਡੀਆਂ ਨੇ ਆ ਕੇ ਕਾਫ਼ੀ ਮੁਸ਼ੱਕਦ ਨਾਲ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਅੰਦਰ ਪਿਆ ਲਗਪਗ ਇੱਕ ਲੱਖ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਕਰੌਕਰੀ ਦੀ ਦੁਕਾਨ ’ਚ ਅੱਗ ਲੱਗੀ, ਲੱਖਾਂ ਦਾ ਨੁਕਸਾਨ
ਫਗਵਾੜਾ (ਜਸਬੀਰ ਸਿੰਘ ਚਾਨਾ): ਦੀਵਾਲੀ ਦੀ ਰਾਤ ਫਗਵਾੜਾ ਸ਼ਹਿਰ ਦੇ ਬਾਂਸਾ ਵਾਲੇ ਬਾਜ਼ਾਰ ’ਚ ਸਥਿਤ ‘ਭਾਟੀਆ ਕਰੌਕਰੀ’ ਦੁਕਾਨ ਵਿੱਚ ਅੱਗ ਲੱਗ ਗਈ ਅਤੇ ਦੁਕਾਨ ਅੰਦਰ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਦੁਕਾਨ ਮਾਲਕ ਮਾਨਵ ਭਾਟੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਕਰੀਬ ਸਾਢੇ 10 ਵਜੇ ਪਤਾ ਲੱਗਿਆ ਕਿ ਉਨ੍ਹਾਂ ਦੀ ਦੁਕਾਨ ਦੀ ਉਪਰਲੀ ਮੰਜ਼ਿਲ ’ਤੇ ਅੱਗ ਲੱਗ ਗਈ ਹੈ। ਜਦ ਉਹ ਤੁਰੰਤ ਮੌਕੇ ’ਤੇ ਪਹੁੰਚੇ ਤਾਂ ਦੁਕਾਨ ’ਚੋਂ ਧੂੰਆਂ ਤੇ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ। ਉਨ੍ਹਾਂ ਵੱਲੋਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ, ਪਰ ਅੱਗ ਏਨੀ ਤੇਜ਼ੀ ਨਾਲ ਫੈਲੀ ਕਿ ਅੱਗ ’ਤੇ ਕਾਬੂ ਪਾਉਣ ਤੋਂ ਪਹਿਲਾਂ ਹੀ ਕਰੀਬ 20 ਤੋਂ 25 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਸੀ। ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਬਾਜ਼ਾਰ ਦੀਆਂ ਤੰਗ ਗਲੀਆਂ ਤੇ ਸੜਕਾਂ ’ਤੇ ਖੜ੍ਹੇ ਵਾਹਨਾਂ ਕਾਰਨ ਫਾਇਰ ਟੈਂਡਰਾਂ ਨੂੰ ਮੌਕੇ ’ਤੇ ਪਹੁੰਚਣ ਵਿੱਚ ਕਾਫੀ ਮੁਸ਼ਕਲ ਆਈ। ਉਨ੍ਹਾਂ ਕਿਹਾ ਕਿ ਅੱਗ ’ਤੇ ਕਾਬੂ ਪਾਉਣ ਲਈ ਕਰੀਬ 15 ਤੋਂ 20 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਤਾਇਨਾਤ ਕੀਤੀਆਂ ਗਈਆਂ। ਅਧਿਕਾਰੀਆਂ ਮੁਤਾਬਕ ਦੁਕਾਨ ਅੰਦਰ ਪਲਾਸਟਿਕ ਤੇ ਕਰੋਕਰੀ ਦਾ ਸਾਮਾਨ ਹੋਣ ਕਰਕੇ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਉਪਰਲੀਆਂ ਦੋ ਮੰਜ਼ਿਲਾਂ ਪੂਰੀ ਤਰ੍ਹਾਂ ਸੜ ਗਈਆਂ। ਉਧਰ ਅੱਜ ਦੁਕਾਨ ਮਾਲਕ ਨਾਲ ਦੁੱਖ ਸਾਂਝਾ ਕਰਨ ਲਈ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਪੁੱਜੇ ਤੇ ਇਸ ਘਟਨਾ ’ਤੇ ਦੁੱਖ ਪ੍ਰਗਟਾਇਆ।

