ਹਾਜੀਪੁਰ ’ਚ ਕੋਆਪ੍ਰੇਟਿਵ ਬੈਂਕ ’ਚ ਅੱਗ ਲੱਗੀ
ਦੀਪਕ ਠਾਕੁਰ
ਤਲਵਾੜਾ, 1 ਜੁਲਾਈ
ਕੋਆਪ੍ਰੇਟਿਵ ਬੈਂਕ ਬ੍ਰਾਂਚ ਹਾਜੀਪੁਰ ’ਚ ਅੱਗ ਲੱਗਣ ਦੀ ਘਟਨਾ ਵਾਪਰੀ। ਸਥਾਨਕ ਲੋਕਾਂ ਦੀ ਮੁਸਤੈਦੀ ਕਾਰਨ ਵੱਡਾ ਨੁਕਸਾਨ ਹੋਣ ਤੋਂ ਟਲ ਗਿਆ। ਫਾਇਰ ਬ੍ਰਿਗੇਡ ਨੇ ਸਮੇਂ ਰਹਿੰਦਿਆਂ ਅੱਗ ’ਤੇ ਕਾਬੂ ਪਾ ਲਿਆ। ਬੈਂਕ ਅਧਿਕਾਰੀਆਂ ਮੁਤਾਬਕ ਅੰਦਰ ਪਿਆ ਰਿਕਾਰਡ ਸੁਰੱਖਿਅਤ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 6-7 ਵਜੇ ਦਰਮਿਆਨ ਸਥਾਨਕ ਲੋਕਾਂ ਨੇ ਬਾਜ਼ਾਰ ਵਿੱਚ ਸਥਿਤ ਦੁਕਾਨਾਂ ’ਚ ਚੱਲਦੇ ਕੋਆਪ੍ਰੇਟਿਵ ਬੈਂਕ ਦੀ ਇਮਾਰਤ ’ਚੋਂ ਧੂੰਆਂ ਨਿਕਲਦਾ ਦੇਖਿਆ। ਨਜ਼ਦੀਕ ਰਹਿੰਦੇ ਐਡਵੋਕੇਟ ਰੋਹਿਤ ਸਵਰਾਜ ਨੇ ਇਹ ਜਾਣਕਾਰੀ ਫੋਨ ਰਾਹੀਂ ਬੈਂਕ ਦੇ ਸਥਾਨਕ ਅਧਿਕਾਰੀਆਂ ਨੂੰ ਦਿੱਤੀ। ਮੌਕੇ ’ਤੇ ਪਹੁੰਚੇ ਬੈਂਕ ਦੇ ਅਧਿਕਾਰੀ ਅਤੇ ਮੁਲਾਜ਼ਮਾਂ ਨੇ ਸ਼ਟਰ ਖੋਲ੍ਹ ਕੇ ਦੇਖਿਆ ਤਾਂ ਅੰਦਰ ਧੂੰਆਂ ਧੂੰਆਂ ਹੀ ਸੀ। ਮੌਕੇ ’ਤੇ ਫਾਇਰ ਬ੍ਰਿਗੇਡ ਮੁਕੇਰੀਆਂ ਅਤੇ ਤਲਵਾੜਾ ਦੇ ਪਹੁੰਚੇ ਅਮਲੇ ਨੇ ਕਾਫੀ ਮੁਸ਼ਕਤ ਮਗਰੋਂ ਅੱਗ ’ਤੇ ਕਾਬੂ ਪਾਇਆ। ਜਾਣਕਾਰੀ ਮਿਲਣ ’ਤੇ ਬੈਂਕ ਦੇ ਚੇਅਰਮੈਨ ਵਿਕਰਮਜੀਤ ਸ਼ਰਮਾ, ਡਾਇਰੈਕਟਰ ਲਖਲਵੀਰ ਸਿੰਘ, ਡੀਐਮ ਲਖਵੀਰ ਸਿੰਘ, ਮੈਨੇਜਰ ਵਰਿੰਦਰ ਕੁਮਾਰ, ਲਵੀ ਮਿਨਹਾਸ ਤੇ ਬਲਵਿੰਦਰ ਸਿੰਘ ਵੀ ਮੌਕੇ ’ਤੇ ਪਹੁੰਚੇ। ਅਧਿਕਾਰੀਆਂ ਨੇ ਬੈਂਕ ’ਚ ਲੱਗੀ ਅੱਗ ਲੱਗਣ ਦੇ ਕਾਰਨਾਂ ਤੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ।
ਕੋਆਪ੍ਰੇਟਿਵ ਬੈਂਕ ਦੇ ਚੇਅਰਮੈਨ ਵਿਕਰਮਜੀਤ ਸ਼ਰਮਾ ਨੇ ਦਸਿਆ ਕਿ ਬੈਂਕ ਅੰਦਰ ਸਾਰਾ ਰਿਕਾਰਡ ਸੁਰੱਖਿਅਤ ਹੈ। ਅੱਗ ਲੱਗਣ ਨਾਲ ਬੈਂਕ ਅੰਦਰ ਲੱਗੇ ਏਅਰ ਕੰਡੀਸ਼ਨਰ ਅਤੇ ਬੈਂਕ ਦੇ ਪ੍ਰਿੰਟਰ ਆਦਿ ਨੁਕਸਾਨੇ ਗਏ ਹਨ, ਬੈਂਕ ਅੰਦਰ ਬਿਜਲੀ ਦੀ ਫਿਟਿੰਗ ਵੀ ਸੜ ਕੇ ਸੁਆਹ ਹੋ ਗਈ ਹੈ।