ਹੜ੍ਹ ਕਾਰਨ ਰਾਵੀ ਪਾਰ ਚਾਹੜਪੁਰ ’ਚ ਰੇਤ ਨਾਲ ਭਰੇ ਖੇਤ
ਕਿਸਾਨਾਂ ਲਈ ਰੇਤ ਹਟਾ ਕੇ ਖੇਤ ਵਾਹੀਯੋਗ ਬਣਾਉਣਾ ਚੁਣੌਤੀ; ਸਮਾਜ ਸੇਵੀਆਂ ਨੂੰ ਮਦਦ ਦੀ ਅਪੀਲ
ਹੜ੍ਹ ਦੇ ਪਾਣੀ ਨਾਲ ਖੇਤਾਂ ਵਿੱਚ ਆਈ ਰੇਤ ਦੇ ਮਾਮਲੇ ਵਿੱਚ ਸਰਕਾਰ ਨੇ ‘ਜਿਸ ਦਾ ਖੇਤ ਉਸ ਦੀ ਰੇਤ’ ਦਾ ਐਲਾਨ ਕੀਤਾ ਹੈ, ਪਰ ਪ੍ਰਭਾਵਿਤ ਕਿਸਾਨਾਂ ਲਈ ਹਾਲੇ ਵੀ ਸਭ ਤੋਂ ਵੱਡੀ ਸਿਰਦਰਦੀ ਰੇਤ ਨੂੰ ਹਟਾਉਣ ਅਤੇ ਖੇਤਾਂ ਨੂੰ ਵਾਹੀਯੋਗ ਬਣਾਉਣ ਦੀ ਬਣੀ ਹੋਈ ਹੈ। ਕਿਸਾਨਾਂ ਲਈ ਇਹ ਮਾਮਲਾ ਵਧੇਰੇ ਚਿੰਤਾ ਦਾ ਵਿਸ਼ਾ ਹੈ ਕਿ ਹੜ੍ਹ ਕਾਰਨ ਇੱਕ ਫ਼ਸਲ ਤਾਂ ਨੁਕਸਾਨੀ ਗਈ ਹੈ ਜੇਕਰ ਸਮੇਂ ਸਿਰ ਰੇਤ ਨਾ ਹਟਾਈ ਤਾਂ ਕਣਕ ਦੀ ਬਿਜਾਂਦ ਵੀ ਨਹੀਂ ਹੋ ਸਕੇਗੀ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਨ ਸਿੰਘ ਪੰਧੇਰ ਦੀ ਅਗਵਾਈ ਹੇਠ ਜਥੇਬੰਦੀ ਦੇ ਇੱਕ ਵਫ਼ਦ ਨੇ ਅਜਨਾਲਾ ਦੇ ਹੜ੍ਹ ਪ੍ਰਭਾਵਤ ਇਲਾਕੇ ਵਿੱਚ ਰਾਵੀ ਦਰਿਆ ਤੋਂ ਪਾਰ ਪਿੰਡ ਚਾਹੜਪੁਰ ਵਿੱਚ ਦੌਰਾ ਕੀਤਾ ਹੈ। ਜਿੱਥੇ ਉਨ੍ਹਾਂ ਨੇ ਪ੍ਰਭਾਵਿਤ ਕਿਸਾਨਾਂ ਨਾਲ ਇਸ ਸਬੰਧੀ ਗੱਲਬਾਤ ਕੀਤੀ ਹੈ। ਇਸ ਇਲਾਕੇ ਵਿੱਚ ਖੇਤਾਂ ਵਿੱਚ ਛੇ ਤੋਂ ਅੱਠ ਫੁੱਟ ਤੱਕ ਰੇਤ ਇਕੱਠੀ ਹੋ ਗਈ ਹੈ ਅਤੇ ਕਿਸਾਨ ਇਸ ਨੂੰ ਹਟਾਉਣ ਲਈ ਜਦੋ-ਜਹਿਦ ਕਰ ਰਹੇ ਹਨ। ਰੇਤ ਆਉਣ ਕਾਰਨ ਕਈ ਕਿਸਾਨਾਂ ਦੀ ਜ਼ਮੀਨ ਪ੍ਰਭਾਵਿਤ ਹੋਈ ਹੈ ਅਤੇ ਕਈਆਂ ਦੀ ਜ਼ਮੀਨ ਦੋ ਹਿੱਸਿਆਂ ਵਿੱਚ ਵੰਡੀ ਗਈ ਹੈ। ਪ੍ਰਭਾਵਿਤ ਕਿਸਾਨਾਂ ਸ਼ਤਾਰਾ ਸਿੰਘ, ਪ੍ਰਿਤਪਾਲ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਵਿੱਚ ਛੇ ਤੋਂ ਅੱਠ ਫੁੱਟ ਤੱਕ ਰੇਤ ਇਕੱਠੀ ਹੋ ਗਈ ਹੈ। ਦਰਿਆ ਨੇ ਵਹਿਣ ਬਦਲ ਲਿਆ ਹੈ ਅਤੇ ਦਰਿਆ ਹੁਣ ਉਨ੍ਹਾਂ ਦੀ ਜ਼ਮੀਨ ਵਿੱਚ ਵਗ ਰਿਹਾ ਹੈ। ਜਿਸ ਕਾਰਨ ਉਨ੍ਹਾਂ ਦੀ ਜ਼ਮੀਨ ਦੋ ਹਿੱਸਿਆਂ ਵਿੱਚ ਵੰਡੀ ਗਈ ਹੈ। ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਸ ਦੀ 33 ਕਿੱਲੇ ਜ਼ਮੀਨ ਹੈ, ਜੋ ਦੋ ਹਿੱਸਿਆਂ ਵਿੱਚ ਵੰਡੀ ਗਈ ਹੈ ਅਤੇ ਦੋਵੇਂ ਪਾਸੇ ਖੇਤਾਂ ਵਿੱਚ ਰੇਤ ਹੈ। ਕਿਸਾਨਾਂ ਨੇ ਇਸ ਮਾਮਲੇ ਵਿੱਚ ਸਰਕਾਰੀ ਮਦਦ ਬਾਰੇ ਬੇਭਰੋਸਗੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਮਦਦ ਕਰ ਰਹੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਇਥੋਂ ਰੇਤ ਨੂੰ ਹਟਾਉਣ ਲਈ ਅਤੇ ਖੇਤਾਂ ਨੂੰ ਵਾਹੀਯੋਗ ਬਣਾਉਣ ਲਈ ਟਰੈਕਟਰ ਅਤੇ ਤੇਲ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਰੇਤ ਨੂੰ ਹਟਾਇਆ ਜਾ ਸਕੇ। ਉਹ ਚਾਹੁੰਦੇ ਹਨ ਕਿ ਖੇਤਾਂ ਵਿੱਚੋਂ ਰੇਤ ਨੂੰ ਹਟਾ ਕੇ ਦਰਿਆ ਦੇ ਕੰਢੇ ਇਕੱਠਾ ਕੀਤਾ ਜਾਵੇ ਤਾਂ ਜੋ ਉਨ੍ਹਾਂ ਦੇ ਖੇਤ ਰੇਤ ਤੋਂ ਮੁਕਤ ਹੋ ਸਕਣ।
ਕਿਸਾਨ ਜਥੇਬੰਦੀ ਦੇ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਇਸ ਖੇਤਰ ਵਿੱਚ ਦਰਿਆ ਤੋਂ ਪਾਰ ਪਿੰਡ ਚਾਹੜਪੁਰ ਵਿੱਚ ਪੱਡੇ ਪੱਧਰ ’ਤੇ ਵਾਹੀਯੋਗ ਜ਼ਮੀਨ ਰੇਤ ਨਾਲ ਭਰ ਗਈ ਹੈ। ਸਿੱਟੇ ਵਜੋਂ ਕਿਸਾਨਾਂ ਦੀ ਝੋਨੇ ਦੀ ਫ਼ਸਲ ਤਾਂ ਤਬਾਹ ਹੋ ਗਈ ਹੈ ਅਤੇ ਜੇ ਸਮੇਂ ਸਿਰ ਰੇਤ ਨਾ ਹਟਾਈ ਤਾਂ ਆਉਣ ਵਾਲੀ ਕਣਕ ਦੀ ਫਸਲ ਬੀਜਣੀ ਵੀ ਮੁਸ਼ਕਲ ਹੋ ਜਾਵੇਗੀ। ਉਨ੍ਹਾਂ ਇਸ ਮਾਮਲੇ ਵਿੱਚ ਸਰਕਾਰਾਂ ਕੋਲੋਂ ਪ੍ਰਭਾਵਿਤ ਕਿਸਾਨਾਂ ਲਈ ਢੁੱਕਵੇਂ ਮੁਆਵਜ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਪ੍ਰਭਾਵਿਤ ਕਿਸਾਨਾਂ ਦੇ ਖੇਤਾਂ ਵਿੱਚੋਂ ਹੜ੍ਹ ਨਾਲ ਆਈ ਰੇਤ ਨੂੰ ਹਟਾਉਣ ਵਿੱਚ ਮਦਦ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਥੇ ਰੇਤ ਦੇ ਠੇਕੇਦਾਰਾਂ ਨੇ ਰੇਤ ’ਤੇ ਕਬਜ਼ਾ ਕਰਨ ਦਾ ਯਤਨ ਕੀਤਾ ਤਾਂ ਜਥੇਬੰਦੀ ਵੱਲੋਂ ਉਨ੍ਹਾਂ ਖ਼ਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ।