ਹੜ੍ਹ ਪ੍ਰਭਾਵਿਤ ਵਿਦਿਆਰਥੀਆਂ ਦੀ ਫ਼ੀਸ ਦਿੱਤੀ
ਰਮਦਾਸ, ਥੋਬਾ ਤੇ ਗੱਗੋਮਾਹਲ ਦੇ ਸਕੂਲ ਪ੍ਰਬੰਧਕਾਂ ਨੂੰ ਸੌਂਪੀ ਅੱਠ ਲੱਖ ਤੋਂ ਵੱਧ ਦੀ ਰਾਸ਼ੀ
ਪੰਜਾਬ ਵਿੱਚ ਪਿਛਲੇ ਦਿਨੀਂ ਆਏ ਭਿਆਨਕ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਬੇਸ਼ੱਕ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਗਾਇਕਾਂ ਤੇ ਹੋਰਨਾਂ ਆਮ ਲੋਕਾਂ ਵਲੋਂ ਆਪੋ-ਆਪਣੇ ਢੰਗ-ਤਰੀਕਿਆਂ ਨਾਲ ਵੱਡੇ ਪੱਧਰ ’ਤੇ ਮਦਦ ਕੀਤੀ ਜਾ ਰਹੀ ਹੈ, ਪਰ ਸਰਬਤ ਦਾ ਭਲਾ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ ਦੇ ਧਿਆਨ ਵਿੱਚ ਲਿਆਉਣ ਉਪਰੰਤ ਇੰਡੀਅਨ ਰੈਵੇਨਿਊ ਸਰਵਿਸਿਜ਼ ਲੇਡੀਜ਼ ਐਸੋਸੀਏਸ਼ਨ ਵੱਲੋਂ ਇੱਕ ਨਿਵੇਕਲੀ ਪਹਿਲਕਦਮੀ ਕਰਦਿਆਂ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵੱਖ-ਵੱਖ ਸਰਕਾਰੀ ਸਕੂਲਾਂ ਅੰਦਰ ਦਸਵੀਂ ਅਤੇ ਬਾਰ੍ਹਵੀਂ ਦੇ ਸੈਂਕੜੇ ਵਿਦਿਆਰਥੀਆਂ ਦੀਆਂ ਬੋਰਡ ਪ੍ਰੀਖਿਆਵਾਂ ਦੀ ਫੀਸ ਅਦਾ ਕੀਤੀ ਗਈ। ਇਤਿਹਾਸਕ ਕਸਬਾ ਰਮਦਾਸ ਤੋਂ ਇਲਾਵਾ ਥੋਬਾ ਅਤੇ ਗੱਗੋਮਾਹਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਬਣਦੀ ਮੁਕੰਮਲ ਫੀਸ ਸਕੂਲ ਪ੍ਰਬੰਧਕਾਂ ਨੂੰ ਸੌਂਪਣ ਉਪਰੰਤ ਗੱਲਬਾਤ ਕਰਦਿਆਂ ਐਸੋਸੀਏਸ਼ਨ (ਚੰਡੀਗੜ੍ਹ) ਦੇ ਸੀਨੀਅਰ ਅਹੁਦੇਦਾਰ ਸ਼ਾਲੀਨੀ ਸਕਸੈਨਾ, ਅਖਾਤਾ ਕਾਲੇ, ਦਲਜੀਤ ਕੌਰ ਅਤੇ ਕਿਰਨ ਭਾਟੀਆ ਨੇ ਦੱਸਿਆ ਕਿ ਉਨ੍ਹਾਂ ਵਲੋਂ ਹੜ੍ਹ ਪ੍ਰਭਾਵਿਤ ਖੇਤਰ ਰਮਦਾਸ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਲਈ 4 ਲੱਖ 25 ਹਜ਼ਾਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਥੋਬਾ ਦੇ ਵਿਦਿਆਰਥੀਆਂ ਲਈ 2 ਲੱਖ 27 ਹਜ਼ਾਰ 900, ਜਦਕਿ ਗੱਗੋਮਾਹਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਦੀ ਬਣਦੀ ਇੱਕ ਲੱਖ 59 ਹਜ਼ਾਰ ਰੁਪਏ ਬੋਰਡ ਪ੍ਰੀਖਿਆਵਾਂ ਦੀ ਮੁਕੰਮਲ ਫ਼ੀਸ ਜੋ ਕਿ 8 ਲੱਖ 25 ਹਜ਼ਾਰ ਰੁਪਏ ਬਣਦੀ ਹੈ, ਅਦਾ ਕੀਤੀ ਗਈ ਹੈ। ਇਸ ਮੌਕੇ ਮਨਪ੍ਰੀਤ ਸਿੰਘ ਸੰਧੂ ਚਮਿਆਰੀ, ਬੀ ਐੱਨ ਓ ਸੁਖਜਿੰਦਰ ਸਿੰਘ ਰੰਧਾਵਾ ਆਦਿ ਮੌਜੂਦ ਸਨ।

