ਲਗਾਤਾਰ ਦੂਜੇ ਦਿਨ ਮੀਂਹ ਕਾਰਨ ਕਿਸਾਨਾਂ ਦੇ ਸਾਹ ਸੂਤੇ
ਖੇਤਾਂ ’ਚ ਫ਼ਸਲਾਂ ਵਿਛੀਆਂ; ਮੰਡੀਆਂ ’ਚ ਝੋਨੇ ਦੀ ਖ਼ਰੀਦ ਪ੍ਰਭਾਵਿਤ; ਅੱਜ ਮੀਂਹ ਪੈਣ ਦੀ ਸੰਭਾਵਨਾ
ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਵਿੱਚ ਅੱਜ ਦੂਜੇ ਦਿਨ ਵੀ ਲਗਾਤਾਰ ਮੀਂਹ ਅਤੇ ਤੇਜ਼ ਹਵਾਵਾਂ ਦਾ ਸਿਲਸਿਲਾ ਜਾਰੀ ਰਿਹਾ। ਮੀਂਹ ਕਾਰਨ ਤਾਪਮਾਨ ਥੱਲੇ ਆ ਗਿਆ ਹੈ ਅਤੇ ਇਸ ਨਾਲ ਸਰਦੀ ਦੇ ਮੌਸਮ ਦੀ ਵੀ ਸ਼ੁਰੂਆਤ ਹੋ ਗਈ ਹੈ। ਅੱਜ ਤੜਕੇ ਮੀਂਹ ਸ਼ੁਰੂ ਹੋਇਆ, ਜੋ ਦਿਨ ਭਰ ਜਾਰੀ ਰਿਹਾ। ਇਸ ਦੇ ਨਾਲ ਹੀ ਤੇਜ਼ ਹਵਾਵਾਂ ਵੀ ਚੱਲਦੀਆਂ ਰਹੀਆਂ। ਮੀਂਹ ਕਾਰਨ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ। ਕਈ ਇਲਾਕਿਆਂ ਵਿੱਚ ਝੋਨੇ ਅਤੇ ਬਾਸਮਤੀ ਦੀ ਪੱਕੀ ਫ਼ਸਲ ਵੀ ਡਿੱਗ ਗਈ ਹੈ। ਫਤਿਹਗੜ੍ਹ ਚੂੜੀਆਂ ਰੋਡ ’ਤੇ ਖੇਤਾਂ ਵਿੱਚ ਕਈ ਥਾਈਂ ਖੇਤਾਂ ’ਚ ਫ਼ਸਲ ਵਿਛ ਗਈ ਹੈ। ਇਸੇ ਤਰ੍ਹਾਂ ਮੰਡੀਆਂ ਵਿੱਚ ਪੁੱਜੀ ਝੋਨੇ ਦੀ ਫ਼ਸਲ ਵੀ ਭਿੱਜ ਗਈ ਹੈ। ਕਿਸਾਨਾਂ ਨੇ ਕਿਹਾ ਕਿ ਪਹਿਲਾਂ ਰਾਵੀ ਅਤੇ ਬਿਆਸ ਦੇ ਨਾਲ ਲੱਗਦੇ ਦਰਿਆਈ ਖੇਤਰ ਵਿੱਚ ਹੜ੍ਹਾਂ ਨੇ ਫ਼ਸਲ ਦਾ ਨੁਕਸਾਨ ਕੀਤਾ ਹੈ ਅਤੇ ਹੁਣ ਮੀਂਹ ਕਾਰਨ ਪੱਕੀ ਹੋਈ ਫਸਲ ਦਾ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਮੀਂਹ ਕਾਰਨ ਵਾਢੀ ਪੱਛੜ ਜਾਵੇਗੀ। ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਭਲਕੇ ਸੱਤ ਅਕਤੂਬਰ ਨੂੰ ਵੀ ਮੀਂਹ ਦੀ ਸੰਭਾਵਨਾ ਦੱਸੀ ਗਈ ਹੈ। ਅੱਜ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 18 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜੋ ਕਿ ਬੀਤੇ ਦਿਨ ਨਾਲੋਂ ਅੱਠ ਡਿਗਰੀ ਸੈਲਸੀਅਸ ਘੱਟ ਹੈ। ਮੌਸਮ ਮਾਹਿਰਾਂ ਮੁਤਾਬਿਕ ਅਕਤੂਬਰ ਮਹੀਨੇ ਪੈ ਰਹੇ ਮੀਂਹ ਨਾਲ ਸਰਦੀ ਦੇ ਮੌਸਮ ਨੇ ਵੀ ਦਸਤਕ ਦੇ ਦਿੱਤੀ ਹੈ।
ਜਲੰਧਰ (ਹਤਿੰਦਰ ਮਹਿਤਾ): ਜ਼ਿਲ੍ਹੇ ਵਿਚ ਅੱਜ ਸਵੇਰ ਤੋਂ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਕਾਰਨ ਕਿਸਾਨ ਕਾਫ਼ੀ ਫਿਕਰਮੰਦ ਹਨ। ਮੀਂਹ ਅਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਕਿਸਾਨਾਂ ਨੂੰ ਝੋਨੇ ਦੀ ਫਸਲ ਦੀ ਵਾਢੀ ਨੂੰ ਲੈ ਕੇ ਚਿੰਤਾਵਾਂ ਸਤਾਉਣ ਲੱਗ ਪਈਆਂ ਹਨ, ਜਦੋਂ ਕਿ ਮੰਡੀਆਂ ਵਿੱਚ ਝੋਨਾ ਨਾ ਵਿਕਣ ਕਰਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਂਹ ਦੇ ਨਾਲ ਹੀ ਚੱਲ ਰਹੀਆਂ ਤੇਜ਼ ਹਵਾਵਾਂ ਕਰਕੇ ਖੇਤਾਂ ਵਿੱਚ ਝੋਨੇ ਦੀ ਫ਼ਸਲ ਵਿਛ ਗਈ ਹੈ। ਜਲੰਧਰ ਵਿੱਚ ਨੀਵੀਆਂ ਥਾਵਾਂ ’ਤੇ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦੀ ਸਾਹਮਣਾ ਕਰਨਾ ਪਿਆ। ਕਈ ਥਾਈਂ ਟੋਇਆਂ ਵਿੱਚ ਪਾਣੀ ਭਰ ਜਾਣ ਕਾਰਨ ਦੋਪਹੀਆ ਵਾਹਨ ਉਨ੍ਹਾਂ ’ਚ ਫਸੇ ਵੀ ਦਿਖਾਈ ਦਿੱਤੇ।
ਕਿਸਾਨਾਂ ਅਤੇ ਮਜ਼ਦੂਰਾਂ ਨੇ ਮੁਆਵਜ਼ਾ ਮੰਗਿਆ
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਬੀਤੀ ਰਾਤ ਤੋਂ ਲੈ ਕੇ ਅੱਜ ਤੜਕੇ ਪਏ ਭਾਰੀ ਮੀਂਹ ਅਤੇ ਚੱਲੀ ਤੇਜ਼ ਹਨੇਰੀ ਨੇ ਝੋਨੇ ਸਣੇ ਕਈ ਹੋਰ ਫ਼ਸਲਾਂ ਧਰਤੀ ’ਤੇ ਵਿਛਾ ਦਿੱਤੀਆਂ ਹਨ। ਸਤੰਬਰ ਮਹੀਨੇ ਲਗਾਤਾਰ ਕਈ ਦਿਨ ਪਏ ਭਾਰੀ ਮੀਂਹ ਕਾਰਨ ਪਹਿਲਾਂ ਹੀ ਝੋਨਾ ਵੱਡੇ ਪੱਧਰ ’ਤੇ ਬਰਬਾਦ ਹੋ ਗਿਆ ਸੀ। ਚਿੱਟੀ ਵੇਈ ਵਿੱਚ ਆਏ ਹੜ੍ਹ ਨੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ। ਬਚੀ ਫ਼ਸਲ ਹੁਣ ਮੀਂਹ ਤੇ ਹਨੇਰੀ ਦੀ ਭੇਟ ਚੜ੍ਹ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਉਹ ਤਾਂ ਪਹਿਲਾਂ ਹੀ ਸਰਕਾਰਾਂ ਦੀਆਂ ਬੇਰੁਖੀਆਂ ਕਾਰਨ ਕਰਜ਼ੇ ਦੇ ਜਾਲ ਵਿਚ ਪਰੁੰਨੇ ਪਏ ਹਨ, ਉੱਤੋਂ ਕੁਦਰਤ ਦੀ ਮਾਰ ਨੇ ਫ਼ਸਲਾਂ ਬਰਬਾਦ ਕਰਕੇ ਉਨ੍ਹਾਂ ਨੂੰ ਕੱਖੋ ਹੌਲੇ ਕਰ ਦਿੱਤਾ ਹੈ। ਖੇਤ ਮਜ਼ਦੂਰਾਂ ਦੀ ਹਾਲਤ ਇਸ ਤੋਂ ਵੀ ਬਦਤਰ ਹਨ। ਉਨ੍ਹਾਂ ਦੇ ਮਕਾਨਾਂ ਦੀ ਹਾਲਤ ਖਸਤਾ ਹੋਣ ਕਾਰਨ ਸਤੰਬਰ ਮਹੀਨੇ ਪਏ ਮੀਂਹ ਨੇ ਉਨ੍ਹਾਂ ਦੇ ਘਰਾਂ ਅਤੇ ਘਰੇਲੂ ਸਾਮਾਨ ਦਾ ਵੱਡਾ ਨੁਕਸਾਨ ਕੀਤਾ ਸੀ। ਕੰਮ ਬੰਦ ਹੋਣ ਕਾਰਨ ਉਨ੍ਹਾਂ ਨੂੰ ਘਰਾਂ ਦੇ ਚੁੱਲ੍ਹੇ ਤਪਾਉਣੇ ਔਖੇ ਹੋ ਗਏ ਸਨ। ਮੌਸਮ ਸਾਫ਼ ਹੋਣ ’ਤੇ ਕੁਝ ਕੰਮ ਧੰਦਾ ਮਿਲਣ ’ਤੇ ਬੜੀ ਮੁਸ਼ਕਲ ਨਾਲ ਉਨ੍ਹਾਂ ਦੇ ਘਰਾਂ ਦਾ ਤੋਰਾ ਤੁਰਨ ਲੱਗਾ ਸੀ ਪਰ ਹੁਣ ਮੁੜ ਵਿਗੜੇ ਮੌਸਮ ਨੇ ਉਨ੍ਹਾਂ ਨੂੰ ਘੁੱਪ ਹਨੇਰੇ ਵੱਲ ਧੱਕ ਦਿਤਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਔਖੀ ਘੜੀ ਵਿਚ ਉਨ੍ਹਾਂ ਦੀ ਤੁਰੰਤ ਆਰਥਿਕ ਸਹਾਇਤਾ ਕੀਤੀ ਜਾਵੇ।