ਝੋਨੇ ਦੀ ਪੀਆਰ 131 ਕਿਸਮ ਲਗਾਉਣ ਵਾਲੇ ਕਿਸਾਨਾਂ ਨੇ ਬਲਾਕ ਖੇਤੀਬਾੜੀ ਅਫ਼ਸਰ ਨੂੰ ਮੰਗ ਪੱਤਰ ਸੌਂਪ ਕੇ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।ਕਿਸਾਨ ਆਗੂ ਜਗਦੀਸ਼ ਸਿੰਘ ਰਾਜਾ ਦੀ ਅਗਵਾਈ ਵਿੱਚ ਕਿਸਾਨਾਂ ਨੇ ਖੇਤੀ ਅਧਿਕਾਰੀ ਨੂੰ ਦੱਸਿਆ ਕਿ ਸਰਕਾਰ ਤੇ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ’ਤੇ ਹੀ ਉਨ੍ਹਾਂ ਪੀ ਆਰ 131 ਦਾ ਬੀਜ ਖੇਤੀ ਖੋਜ ਕੇਂਦਰ ਗੰਗੀਆਂ ਅਤੇ ਹੋਰ ਕੇਂਦਰਾਂ ਤੋਂ ਖਰੀਦਿਆ ਸੀ। ਝੋਨੇ ਦੀ ਲਗਾਈ ਤੋਂ ਬਾਅਦ ਹੁਣ ਤੱਕ ਉਨ੍ਹਾਂ ਦਾ ਇਸ ਕਿਸਮ ਉੱਤੇ ਕਰੀਬ 20 ਹਜ਼ਾਰ ਦਾ ਖਰਚ ਆ ਚੁੱਕਾ ਹੈ ਪਰ ਇਸ ਕਿਸਮ ਨੂੰ ਪਈ ਮਧਰੇਪਨ ਅਤੇ ਖਰਾਬ ਮਿੰਝਰ ਦੀ ਬਿਮਾਰੀ ਕਾਰਨ ਉਨ੍ਹਾਂ ਨੂੰ ਪ੍ਰਤੀ ਏਕੜ ਕੁਇੰਟਲ ਦਾਣਿਆਂ ਦੀ ਵੀ ਆਸ ਨਹੀਂ ਹੈ। ਕਿਸਾਨਾਂ ਨੇ ਦੱਸਿਆ ਕਿ ਬੀਜ ਵੇਚਣ ਵੇਲੇ ਯੂਨੀਵਰਸਿਟੀ ਤੇ ਖੇਤੀ ਅਧਿਕਾਰੀਆਂ ਨੇ ਭਰੋਸਾ ਦੁਆਇਆ ਸੀ ਕਿ ਇਹ ਝੋਨੇ ਦੀ ਉੱਤਮ ਕਿਸਮ ਹੈ ਅਤੇ ਅੰਦਾਜ਼ਨ 30 ਕੁਇੰਟਲ ਪ੍ਰਤੀ ਏਕੜ ਝਾੜ ਮੰਨਿਆ ਜਾ ਰਿਹਾ ਹੈ, ਜਿਸ ਦੇ ਅਧਾਰ ’ਤੇ ਉਨ੍ਹਾਂ ਇਹ ਬੀਜ ਵੱਡੇ ਪੱਧਰ ’ਤੇ ਖਰੀਦਿਆ ਸੀ ਪਰ ਹੁਣ ਇਸ ਬੀਜ ਨੂੰ ਪਈ ਬਿਮਾਰੀ ਕਾਰਨ ਉਹ ਫ਼ਸਲ ਤੋਂ ਵੀ ਬਾਂਝੇ ਰਹਿ ਗਏ ਹਨ ਅਤੇ ਕਰੀਬ ਮਹੀਨੇ ਦੀ ਮਿਹਨਤ ਵੀ ਬੇਕਾਰ ਗਈ ਹੈ। ਉਨ੍ਹਾਂ ਦੱਸਿਆ ਕਿ ਫਸਲ ਤੋਂ ਉਨ੍ਹਾਂ ਨੂੰ ਆਮਦਨ ਦੀ ਆਸ ਨਹੀਂ ਹੈ ਅਤੇ ਵਿੱਤੀ ਆਮਦਨ ਦੀ ਆਸ ਵਿੱਚ ਉਹੋ ਕੋਲੋਂ ਵੱਡਾ ਖਰਚ ਕਰ ਚੁੱਕੇ ਹਨ।ਖੇਤੀ ਅਧਿਕਾਰੀ ਨੇ ਉਨ੍ਹਾਂ ਨੂੰ ਭਰੋਸਾ ਦੁਆਇਆ ਕਿ ਉਹ ਪ੍ਰਭਾਵਿਤ ਕਿਸਾਨਾਂ ਦਾ ਮੰਗ ਪੱਤਰ ਸਿਫਾਰਿਸ਼ ਸਮੇਤ ਉੱਚ ਅਧਿਕਾਰੀਆਂ ਨੂੰ ਭੇਜ ਦੇਣਗੇ।