DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਿਸਾਨਾਂ ਵੱਲੋਂ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਟਰੈਕਟਰ ਮਾਰਚ

ਨੀਤੀ ਸਬੰਧੀ ਨੋਟੀਫਿਕੇਸ਼ਨ ਰੱਦ ਕਰਨ ’ਤੇ ਜ਼ੋਰ; ਸਰਕਾਰ ਨੂੰ ਜ਼ਮੀਨਾਂ ਨਹੀਂ ਖੋਹਣ ਦੇਵਾਂਗੇ: ਐੱਸਕੇਐੱਮ
  • fb
  • twitter
  • whatsapp
  • whatsapp
featured-img featured-img
ਅੰਮ੍ਰਿਤਸਰ ਜ਼ਿਲ੍ਹੇ ’ਚ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਟਰੈਕਟਰ ਮਾਰਚ ਕਰਦੇ ਹੋਏ ਕਿਸਾਨ। -ਫੋਟੋ: ਵਿਸ਼ਾਲ ਕੁਮਾਰ
Advertisement

ਜਗਤਾਰ ਸਿੰਘ ਲਾਂਬਾ/ਰਣਬੀਰ ਸਿੰਘ ਮਿੰਟੂ

ਅੰਮ੍ਰਿਤਸਰ/ਚੇਤਨਪੁਰਾ, 30 ਜੁਲਾਈ

Advertisement

ਕਿਸਾਨ ਵਿਰੋਧੀ ਤੇ ਲੋਕ ਵਿਰੋਧੀ ਲੈਂਡ ਪੂਲਿੰਗ ਨੀਤੀ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਇਸ ਮਾਰੂ ਨੀਤੀ ਖ਼ਿਲਾਫ਼ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਰੋਹ ਭਰਿਆ ਟਰੈਕਟਰ ਮਾਰਚ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਟਰੈਕਟਰ, ਕਾਰਾਂ ਤੇ ਮੋਟਰਸਾਈਕਲ ਦੇ ਕਾਫਲੇ ਨਾਲ ਸ਼ਾਮਲ ਹੋਏ। ਇਹ ਟਰੈਕਟਰ ਮਾਰਚ ਇਤਿਸਾਹਕ ਗੁਰਦੁਆਰਾ ਮੋਰਚਾ ਸਾਹਿਬ ਹਰਸ਼ਾ ਛੀਨਾ ਤੋਂ ਸ਼ੁਰੂ ਹੋਇਆ ਅਤੇ ਅੰਮ੍ਰਿਤਸਰ ਬਾਈਪਾਸ ਤੱਕ 10 ਕਿਲੋਮੀਟਰ ਲੰਬਾ ਮਾਰਚ ਕੱਢਿਆ ਗਿਆ। ਇਸ ਦੌਰਾਨ ਕਿਸਾਨਾਂ, ਮਜ਼ਦੂਰਾਂ ਤੇ ਹੋਰਨਾਂ ਵੱਲੋਂ ਇਸ ਲੋਕ ਵਿਰੋਧੀ ਨੀਤੀ ਅਤੇ ਭਗਵੰਤ ਮਾਨ ਸਰਕਾਰ ਵਿਰੁੱਧ ਨਾਅਰੇ ਲਾਏ ਗਏ। ਕਿਸਾਨ ਆਗੂਆਂ ਨੇ ਇੱਕ ਸੁਰ ਵਿੱਚ ਕਿਹਾ ਕਿ ਇਸ ਲੋਕ ਵਿਰੋਧੀ ਲੈਂਡ ਪੂਲਿੰਗ ਪਾਲਸੀ ਦਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ। ਇਸ ਟਰੈਕਟਰ ਮਾਰਚ ਕਾਫਲੇ ਦੀ ਅਗਵਾਈ ਸੰਯੁਕਤ ਕਿਸਾਨ ਮੋਰਚੇ ’ਚ ਸ਼ਾਮਿਲ ਜਥੇਬੰਦੀਆਂ ਦੇ ਆਗੂ ਡਾ. ਸਤਨਾਮ ਸਿੰਘ ਅਜਨਾਲਾ, ਜਤਿੰਦਰ ਸਿੰਘ ਛੀਨਾ, ਬਘੇਲ ਸਿੰਘ, ਧੰਨਵੰਤ ਸਿੰਘ ਖ਼ਤਰਾਏ ਕਲਾਂ, ਸੁੱਚਾ ਸਿੰਘ ਅਜਨਾਲਾ, ਸੁੱਖ ਰਾਮਬੀਰ ਸਿੰਘ ਲੁਹਾਰਕਾ, ਦਲਵਿੰਦਰ ਸਿੰਘ ਆਦਿ ਆਗੂਆਂ ਨੇ ਕੀਤੀ। ਆਗੂਆਂ ਨੇ ਮਾਨ ਸਰਕਾਰ ‘ਤੇ ਵਰਦਿਆਂ ਕਿਹਾ ਕਿ ਜੇਕਰ ਇਸ ਲੋਕ ਵਿਰੋਧੀ ਨੀਤੀ ਨੂੰ ਤਰੁੰਤ ਰੱਦ ਨਾ ਕੀਤਾ ਗਿਆ ਤਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਵਿਰੁੱਧ 24 ਅਗਸਤ ਨੂੰ ਲੁਧਿਆਣਾ ਵਿਖ਼ੇ ਮਹਾਂ ਪੰਚਾਇਤ ਕੀਤੀ ਜਾ ਰਹੀ ਹੈ, ਉਸ ’ਚ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

ਤਰਨ ਤਾਰਨ (ਗੁਰਬਖਸ਼ਪੁਰੀ): ਲੈਂਡ ਪੂਲਿੰਗ ਨੀਤੀ ਖਿਲਾਫ਼ ਇਲਾਕੇ ਦੇ ਕਿਸਾਨਾਂ ਨੇ ਸੈਂਕੜੇ ਟਰੈਕਟਰਾਂ ਤੇ ਹੋਰਨਾਂ ਵਾਹਨਾਂ ਨਾਲ ਤਰਨ ਤਾਰਨ ਦੀ ਸਰਹਾਲੀ ਰੋਡ ਤੋਂ ਪਿੰਡ ਅਲਾਦੀਨਪੁਰ ਤੱਕ ਮਾਰਚ ਕੀਤਾ ਗਿਆ| ਇਸ ਉਪਰੰਤ ਟਰੈਕਟਰ ਮਾਰਚ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਤੱਕ ਪਹੁੰਚਿਆ ਜਿੱਥੇ ਕਿਸਾਨਾਂ ਨੇ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਖਿਲਾਫ਼ ਨਾਅਰੇਬਾਜ਼ੀ ਕੀਤੀ| ਇਸ ਉਪਰੰਤ ਟਰੈਕਟਰ ਮਾਰਚ ਚੁਤਾਲਾ ਅਤੇ ਜੋਧਪੁਰ ਪਿੰਡ ਤੱਕ ਗਿਆ| ਇਨ੍ਹਾਂ ਤਿੰਨ ਪਿੰਡਾਂ ਦੀ 100 ਏਕੜ ਦੇ ਕਰੀਬ ਜ਼ਮੀਨ ਸਰਕਾਰ ਦੀ ਲੈਣ ਪੂਲਿੰਗ ਨੀਤੀ ਦਾ ਹਿੱਸਾ ਹੈ| ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਜ਼ਮੀਨ ਖੋਹਣ ਨਹੀਂ ਦਿੱਤੀ ਜਾਵੇਗੀ। ਆਗੂਆਂ ਨੇ ਸਰਕਾਰ ਨੂੰ ਕਿਸਾਨਾਂ ਦੀ ਇਕ ਇੰਚ ਵੀ ਜ਼ਮੀਨ ਵੀ ਹਥਿਆਉਣ ਖਿਲਾਫ਼ ਕਿਸਾਨਾਂ ਦੇ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ|

ਹੁਸ਼ਿਆਰਪੁਰ (ਜਗਜੀਤ ਸਿੰਘ): ਕਿਸਾਨਾਂ ਵਲੋਂ ਲੈਂਡ ਪੂਲਿੰਗ ਸਕੀਮ ਖ਼ਿਲਾਫ਼ ਫਗਵਾੜਾ ਚੌਕ ਤੋਂ ਪਿੰਡ ਸ਼ੇਰਗੜ੍ਹ ਤੱਕ ਟਰੈਕਟਰ ਮਾਰਚ ਕੀਤਾ ਗਿਆ। ਪਿੰਡ ਸ਼ੇਰਗੜ੍ਹ ਅਤੇ ਪੁਰਹੀਰਾਂ ਦੀ 550 ਏਕੜ ਜ਼ਮੀਨ ਲੈਂਡ ਪੂਲਿੰਗ ਸਕੀਮ ਅਧੀਨ ਆ ਗਈ ਹੈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸਰਕਾਰ ਦੀ ਇਹ ਸਕੀਮ ਕਿਸਾਨਾਂ ਨੂੰ ਤਬਾਹ ਕਰਨ ਅਤੇ ਕਾਰਪੋਰੇਟਾਂ ਨੂੰ ਲਾਹਾ ਪਹੁੰਚਾਉਣ ਵਾਲੀ ਹੈ। ਸਰਕਾਰ ਧੱਕੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ‘ਤੇ ਕਬਜ਼ਾ ਕਰਨਾ ਚਾਹੁੰਦੀ ਹੈ।

ਜੰਡਿਆਲਾ ਗੁਰੂ (ਸਿਮਰਤਪਾਲ ਸਿੰਘ ਬੇਦੀ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਸਥਾਨਕ ਟੌਲ ਪਲਾਜ਼ਾ ਤੋਂ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਦਫਤਰ ਤੱਕ ਟਰੈਕਟਰ ਮਾਰਚ ਕੱਢ ਕੇ ਰੋਸ ਪ੍ਰਦਰਸ਼ਨ ਕੀਤਾ। ਕਿਸਾਨ ਆਗੂ ਰਤਨ ਸਿੰਘ ਰੰਧਾਵਾ ਤੇ ਲਖਬੀਰ ਸਿੰਘ ਨਿਜ਼ਾਮਪੁਰ ਸੂਬਾ ਸਕੱਤਰ ਕੁਲ ਹਿੰਦ ਕਿਸਾਨ ਸਭਾ ਪੰਜਾਬ ਨੇ ਦੱਸਿਆ ਲੈਂਡ ਪੂਲਿੰਗ ਪਾਲਿਸੀ ਤੋਂ ਪ੍ਰਭਾਵਿਤ ਪਿੰਡਾਂ ਰਾਜੇਵਾਲ, ਮਾਨਾਂਵਾਲਾ, ਝੀਤਾ, ਨਿੱਜਰ ਪੁਰਾ, ਸੁੱਖੇਵਾਲ ਅਤੇ ਨਵਾਂ ਕੋਟ ਵਿੱਚ ਟਰੈਕਟਰ ਮਾਰਚ ਕਰਕੇ ਨਿੱਜਰ ਟੌਲ ਪਲਾਜ਼ੇ ’ਤੇ ਵੱਡਾ ਇਕੱਠ ਕੀਤਾ ਗਿਆ ਤੇ ਮੰਗ ਪੱਤਰ ਦੇ ਕੇ ਲੈਂਡ ਪੂਲਿੰਗ ਪਾਲਸੀ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ। ਕੈਬਨਿਟ ਮੰਤਰੀ ਦੀ ਗੈਰਹਾਜਰੀ ਵਿੱਚ ਐਸਐਸ ਬੋਰਡ ਦੇ ਮੈਂਬਰ ਨਰੇਸ਼ ਪਾਠਕ ਤੇ ਸਰਬਜੀਤ ਸਿੰਘ ਡਿੰਪੀ ਸ਼ਹਰੀ ਪ੍ਰਧਾਨ ਨੇ ਮੰਗ ਪੱਤਰ ਪ੍ਰਾਪਤ ਕੀਤਾ।

ਪਠਾਨਕੋਟ (ਐੱਨ.ਪੀ. ਧਵਨ): ‘ਆਪ’ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਟਰੈਕਟਰ ਮਾਰਚ ਮੌਕੇ ਜਮਹੂਰੀ ਕਿਸਾਨ ਸਭਾ ਦੇ ਬਲਦੇਵ ਰਾਜ, ਬੀਕੇਯੂ ਦੇ ਕੇਵਲ ਸਿੰਘ ਕੰਗ, ਕੁੱਲ ਹਿੰਦ ਕਿਸਾਨ ਸਭਾ ਦੇ ਕੇਵਲ ਕਾਲੀਆ, ਬੀਕੇਯੂ ਉਗਰਾਹਾਂ ਦੇ ਰਜਿੰਦਰ ਸਿੰਘ ਬਾਜਵਾ, ਕਿਰਤੀ ਕਿਸਾਨ ਯੂਨੀਅਨ ਦੇ ਮੁਖਤਾਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਖੋਹਣ ਲੱਗੀ ਹੈ ਤੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ ਜਿਸ ਕਾਰਨ ਕਿਸਾਨ ਅੱਜ ਸੜਕਾਂ ’ਤੇ ਨਿੱਤਰੇ ਹਨ। ਉਨ੍ਹਾਂ ਨੇ ਨੀਤੀ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ।

ਫਗਵਾਡਾ (ਜਸਬੀਰ ਸਿੰਘ ਚਾਨਾ): ਇਲਾਕੇ ਦੇ ਕਿਸਾਨਾਂ ਵੱਲੋਂ ਹੁਸ਼ਿਆਰਪੁਰ ਰੋਡ ਭੁੱਲਾਰਾਈ ਚੌਕ ਤੋਂ ਏਡੀਸੀ ਦਫ਼ਤਰ ਤੱਕ ਟਰੈਕਟਰ ਮਾਰਚ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਮੰਗ ਕੀਤੀ ਕਿ ਭੁੱਲਾਰਾਈ ਵਿੱਚ ਅਰਬਨ ਅਸਟੇਟ ਬਣਾਉਣ ਲਈ ਨੋਟੀਫ਼ਿਕੇਸ਼ਨ ਕੀਤਾ ਗਿਆ ਹੈ ਪਰ 200 ਏਕੜ ਜ਼ਮੀਨ ਦੇ ਫ਼ੈਸਲੇ ਨੂੰ ਰੱਦ ਕੀਤਾ ਜਾਵੇ। ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵੀ ਪੁੱਜੇ ਅਤੇ ਉਨ੍ਹਾਂ ਇਸ ਦਾ ਵਿਰੋਧ ਕੀਤਾ। ­

ਸਕੀਮ ਰੱਦ ਨਾ ਕੀਤੀ ਤਾਂ ਸੂਬਾ ਸਰਕਾਰ ਦਿੱਲੀ ਵਰਗਾ ਅੰਦੋਲਨ ਦੇਖੇਗੀ: ਐੱਸਕੇਐੱਮ

ਜਲੰਧਰ (ਹਤਿੰਦਰ ਮਹਿਤਾ): ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਬੀਕੇਯੂ (ਲੱਖੋਵਾਲ), ਦੋਆਬਾ ਕਿਸਾਨ ਸੰਘਰਸ਼ ਕਮੇਟੀ, ਬੀਕੇਯੂ ਦੁਆਬਾ, ਬੀਕੇਯੂ ਕਾਦੀਆਂ, ਬੀਕੇਯੂ ਪੰਜਾਬ ਨੇ ਲੈਂਡ ਪੂਲਿੰਗ ਸਕੀਮ ਖਿਲਾਫ਼ ਡੀਸੀ ਦਫ਼ਤਰ ਅੱਗੇ ਮੁਜ਼ਾਹਰਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ, ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਪੁਤਲੇ ਸਾੜ ਕੇ ਨਾਅਰੇਬਾਜ਼ੀ ਕੀਤੀ ਗਈ। ਸੰਯੁਕਤ ਕਿਸਾਨ ਮੋਰਚਾ ਦੇ ਆਗੂ ਤੇ ਬੀਕੇਯੂ ਰਾਜੇਵਾਲ ਦੇ ਮੁਕੇਸ਼ ਚੰਦਰ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੰਤੋਖ ਸਿੰਘ ਸੰਧੂ ਆਦਿ ਨੇ ਕਿਹਾ ਕਿ ਕਿਸੇ ਵੀ ਕਿਸਾਨ ਦੀ ਲੈਂਡ ਪੂਲਿੰਗ ਸਕੀਮ ਤਹਿਤ ਇੱਕ ਇੰਚ ਜ਼ਮੀਨ ਖੋਹਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਜੇਕਰ ਇਹ ਲੋਕ ਮਾਰੂ ਸਕੀਮ ਸਰਕਾਰ ਨੇ ਵਾਪਸ ਨਾ ਲਈ ਤਾਂ ਅਗਲੇ ਦਿਨਾਂ ਵਿੱਚ ਪੰਜਾਬ ਅੰਦਰ ਵੀ ਦਿੱਲੀ ਵਰਗੇ ਕਿਸਾਨ ਅੰਦੋਲਨ ਦੇ ਦਰਸ਼ਨ ਹੋਣਗੇ ਅਤੇ ਸਰਕਾਰ ਨੂੰ ਲੋਕ ਰੋਹ ਦਾ ਸਾਹਮਣਾ ਕਰਨਾ ਪਵੇਗਾ। ਇਸ ਤੋਂ ਪਹਿਲਾਂ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨ ਮਜ਼ਦੂਰਾਂ ਨੇ ਪਿੰਡ ਕੁੱਕੜ ਪਿੰਡ ਤੋਂ ਪੁੱਡਾ ਗਰਾਊਂਡ ਡੀਸੀ ਦਫ਼ਤਰ ਤੱਕ ਟਰੈਕਟਰ ਮਾਰਚ ਕੀਤਾ ਗਿਆ।

ਜਲੰਧਰ ’ਚ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਮਾਰਚ ਕਰਦੇ ਹੋਏ ਕਿਸਾਨ। -ਫੋਟੋ: ਮਲਕੀਤ ਸਿੰਘ

ਕਿਸਾਨ ਤੇ ਲੋਕ ਲੈਂਡ ਪੂਲਿੰਗ ਸਕੀਮ ਲਾਗੂ ਨਹੀਂ ਹੋਣ ਦੇਣਗੇ: ਬੁੱਟਰ

ਬਟਾਲਾ (ਦਲਬੀਰ ਸੱਖੋਵਾਲੀਆ): ਭਾਜਪਾ ਪੰਜਾਬ ਦੇ ਬੁਲਾਰੇ ਯਾਦਵਿੰਦਰ ਸਿੰਘ ਬੁੱਟਰ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀ ਜਾ ਰਹੀ ਲੈਂਡ ਪੂਲਿੰਗ ਸਕੀਮ ਕਿਸਾਨ ਤੇ ਪੰਜਾਬ ਮਾਰੂ ਹੈ ਜਿਸ ਨੂੰ ਪੰਜਾਬ ਦੇ ਲੋਕ ਕਦੇ ਲਾਗੂ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਦੀ ਇਹ ਨੀਤੀ ਪੰਜਾਬ ਦੇ ਕਿਸਾਨ ਸਫ਼ਲ ਨਹੀਂ ਹੋਣ ਦੇਣਗੇ। ਉਨ੍ਹਾਂ ਕੇਜਰੀਵਾਲ ’ਤੇ ਪੰਜਾਬ ਨੂੰ ਲੁੱਟਣ ਵਰਗੇ ਕਥਿਤ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਹ ਪੰਜਾਬ ਦੇ ਕਿਸਾਨਾਂ ਤੋਂ ਉਨਾਂ ਦੀਆਂ ਜ਼ਮੀਨਾਂ ਖੋਹ ਕੇ ਸੂਬੇ ਦੀ ਹੋਂਦ ਨੂੰ ਖਤਮ ਕਰਨਾ ਚਾਹੁੰਦਾ ਹੈ ਪਰ ਪੰਜਾਬ ਦੇ ਬਾਸ਼ਿੰਦੇ ਕੇਜਰੀਵਾਲ ਦਾ ਸੁਪਨਾ ਹਰਗਿਜ ਪੂਰਾ ਨਹੀਂ ਹੋਣ ਦੇਣਗੇ। ਬੁੱਟਰ ਨੇ ਕਿਹਾ ਕਿ ਇਹ ਜ਼ਮੀਨਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਦੇਣ ਹਨ ਅਤੇ ਪੰਜਾਬੀਆਂ ਨੇ ਆਪਣਾ ਦੇਸ਼, ਸੂਬਾ ਅਤੇ ਇਹ ਜ਼ਮੀਨਾਂ ਮੁਫਤ ਵਿੱਚ ਨਹੀਂ ਬਲਕਿ ਸਿਰਾਂ ਦੇ ਮੁੱਲ ਤਾਰ ਕੇ ਲਈਆਂ ਹੋਈਆਂ ਹਨ। ਭਾਜਪਾ ਆਗੂ ਨ ਕੇਜਰੀਵਾਲ ’ਤੇ ਪੰਜਾਬ ਵਿਰੋਧੀ ਹੋਣ ਦਾ ਇਲਜ਼ਾਮ ਵੀ ਲਾਇਆ।

Advertisement
×