ਡੀ ਏ ਪੀ ਦੀ ਕਾਲਾਬਾਜ਼ਾਰੀ ਕਾਰਨ ਕਿਸਾਨ ਔਖੇ
ਮੁਕੇਰੀਆਂ ਦੀਆਂ 37 ’ਚੋਂ 19 ਸਭਾਵਾਂ ’ਚ ਨਹੀਂ ਪੁੱਜੀ ਖਾਦ; ਕਿਸਾਨ ਨਿੱਜੀ ਡੀਲਰਾਂ ਤੋਂ ਖਾਦ ਦੇ ਨਾਲ ਬੀਜ ਲੈਣ ਲਈ ਮਜਬੂਰ
ਇਲਾਕੇ ਅੰਦਰ ਸਹਿਕਾਰੀ ਸਭਾਵਾਂ ਵਿੱਚ ਡੀ ਏ ਪੀ ਦੀ ਘਾਟ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਮੁਕੇਰੀਆਂ ਅਧੀਨ ਪੈਂਦੀਆਂ ਖਾਦ ਦੀ ਖਰੀਦਣ ਵਾਲੀਆਂ ਕੁੱਲ 37 ਸਹਿਕਾਰੀ ਸਭਾਵਾਂ ਵਿੱਚ 19 ਸਹਿਕਾਰੀ ਸਭਾਵਾਂ ਡੀ ਏ ਪੀ ਤੋਂ ਵਾਝੀਆਂ ਹਨ।
ਕਈ ਸਭਾਵਾਂ ਹਾਲੇ ਕਿਸਾਨਾਂ ਨੂੰ ਖਾਦ ਨਹੀਂ ਵੰਡ ਰਹੀਆਂ। ਕਿਸਾਨਾਂ ਦਾ ਦੋਸ਼ ਹੈ ਕਿ ਸਹਿਕਾਰੀ ਸਭਾਵਾਂ ਦੇ ਪ੍ਰਬੰਧਕ ਅਤੇ ਅਧਿਕਾਰੀ ਕਾਲਾਬਾਜ਼ਾਰੀ ਕਰਨ ਵਾਲੇ ਡੀਲਰਾਂ ਨਾਲ ਮਿਲ ਕੇ ਕਿਸਾਨਾਂ ਦੀ ਲੁੱਟ ਕਰ ਰਹੇ ਹਨ। ਕੁੱਲ ਹਿੰਦ ਕਿਸਾਨ ਸਭਾ ਦੇ ਜ਼ਪਲ੍ਹਾ ਸਕੱਤਰ ਕਾਮਰੇਡ ਆਸ਼ਾ ਨੰਦ ਨੇ ਕਣਕ ਦੀ ਬੀਜਾਈ ਦਾ ਸੀਜ਼ਨ ਸਿਰ ’ਤੇ ਹੋਣ ਕਾਰਨ ਖਾਦ ਡੀਲਰ ਕਿਸਾਨਾਂ ਦੀ ਲੁੱਟ ਕਰ ਰਹੇ ਹਨ। ਕਿਸਾਨਾਂ ਨੂੰ ਡੀਲਰਾਂ ਵਲੋਂ ਡੀ ਏ ਪੀ ਜਾਂ ਐੱਨ ਪੀ ਕੇ ਦੇ ਨਾਲ ਕਣਕ ਦਾ ਬੀਜ ਲੈਣ ਲਈ ਪਾਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਹਿਕਾਰੀ ਸਭਾਵਾਂ ਦੇ ਪ੍ਰਬੰਧਕ ਕਥਿਤ ਖਾਦ ਦੀ ਕਾਲਾਬਾਜ਼ਾਰੀ ਕਰਨ ਵਾਲੇ ਡੀਲਰਾਂ ਨਾਲ ਮਿਲੇ ਹੋਏ ਹਨ ਅਤੇ ਸਭਾਵਾਂ ਅੰਦਰ ਨਕਲੀ ਥੁੜ ਪੈਦਾ ਕਰਕੇ ਕਿਸਾਨਾਂ ਨੂੰ ਬਾਹਰੋਂ ਖਾਦ ਖਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਜਗਦੀਸ਼ ਸਿੰਘ ਰਾਜਾ ਨੇ ਕਿਹਾ ਕਿ ਜ਼ਿਆਦਾਤਰ ਸਹਿਕਾਰੀ ਸਭਾਵਾਂ ਖਾਦ ਤੋਂ ਵਾਝੀਆਂ ਹਨ ਅਤੇ ਜਿਨ੍ਹਾਂ ਨੂੰ ਮਿਲੀ ਹੈ, ਉਹ ਵੀ ਨਾਕਾਫੀ ਹੈ। ਕੁਝ ਡੀਲਰ ਸ਼ਰੇਆਮ ਖਾਦ ਦੀ ਕਾਲਾਬਾਜ਼ਾਰੀ ਕਰ ਰਹੇ ਹਨ ਅਤੇ ਕਿਸਾਨਾਂ ਨੂੰ ਡੀ ਏ ਪੀ ਦੇ ਨਾਲ ਮਨਮਰਜ਼ੀ ਦਾ ਸਮਾਨ ਦਿੱਤਾ ਜਾ ਰਿਹਾ ਹੈ। ਮਨਸੂਰਪਰ ਦੀ ਸਹਿਕਾਰੀ ਸਭਾ ਵਿੱਚ ਆਇਆ ਡੀ ਏ ਪੀ ਅੱਧੇ ਕਿਸਾਨਾਂ ਦੇ ਵੀ ਹਿੱਸੇ ਨਹੀਂ ਆਇਆ।
ਸਹਾਇਕ ਰਜਿਸਟਰਾਰ ਨੇ ਦੋਸ਼ ਨਕਾਰੇ
ਸਹਾਇਕ ਰਜਿਸਟਰਾਰ ਨਿਸ਼ਾ ਠਾਕੁਰ ਨੇ ਖਾਦ ਡੀਲਰਾਂ ਨਾਲ ਮਿਲੇ ਹੋਣ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਕੁਝ ਸਹਿਕਾਰੀ ਸਭਾਵਾਂ ਨੂੰ ਖਾਦ ਪਹੁੰਚਾਈ ਜਾ ਚੁੱਕੀ ਹੈ ਅਤੇ ਰਹਿੰਦੀਆਂ ਨੂੰ ਮੁਹੱਈਆ ਕਰਾਉਣ ਲਈ ਰੈਕ ਲੱਗੇ ਚੁੱਕੇ ਹਨ। ਅੰਕੜਾ ਦਫ਼ਤਰ ਦੇ ਮੁਲਾਜ਼ਮ ਸ਼ੁਭਮ ਕੁਮਾਰ ਨੇ ਦੱਸਿਆ ਕਿ ਖਾਦ ਦਾ ਕਾਰੋਬਾਰ ਕਰਨ ਵਾਲੀਆਂ ਕੁੱਲ 37 ਸਹਿਕਾਰੀ ਸਭਾਵਾਂ ਵਿੱਚ 18 ਵਿੱਚ ਡੀ ਏ ਪੀ ਪੁੱਜ ਚੁੱਕੀ ਹੈ, ਪਰ ਜੇਕਰ ਕਿਸੇ ਸਹਿਕਾਰੀ ਸਭਾ ਵਲੋਂ ਖਾਦ ਨਹੀਂ ਵੰਡੀ ਜਾ ਰਹੀ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਜਦੋਂ ਕਿ 19 ਸਹਿਕਾਰੀ ਸਭਾਵਾਂ ਹਾਲੇ ਵੀ ਡੀ ਏ ਪੀ ਤੋਂ ਵਾਝੀਆਂ ਹਨ।

