ਝੂਠਾ ਪਰਚਾ: ਪੁਲੀਸ ਖ਼ਿਲਾਫ਼ ਮੁਜ਼ਾਹਰੇ ਲਈ ਲਾਮਬੰਦੀ
ਲੋਹੀਆਂ ਪੁਲੀਸ ਵੱਲੋਂਟਰੇਡ ਯੂਨੀਅਨ ਆਗੂਆਂ ਉੱਪਰ ਦਰਜ ਕੀਤੇ ਝੂਠੇ ਮੁਕੱਦਮੇ ਨੂੰ ਰੱਦ ਕਰਵਾਉਣ ਲਈ ਇਲਾਕੇ ਦੀਆਂ ਟਰੇਡ ਯੂਨੀਅਨਾਂ, ਕਿਸਾਨਾਂ, ਮਜ਼ਦੂਰਾਂ ਅਤੇ ਨੌਜਵਾਨਾਂ ਦੀਆਂ ਜਥੇਬੰਦੀਆਂ ਵੱਲੋਂ 10 ਸਤੰਬਰ ਨੂੰ ਸ਼ਾਹਕੋਟ ’ਚ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਟਰੇਡ ਯੂਨੀਅਨ ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ ਭਿਖੀਵਿੰਡ ਅਤੇ ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਆਗੂ ਸੋਨੂੰ ਅਰੋੜਾ ਨੇ ਦੱਸਿਆ ਕਿ ਲੋਹੀਆਂ ਪੁਲੀਸ ਦੀਆਂ ਵਧੀਕੀਆਂ ਵਿਰੁੱਧ 19 ਜੁਲਾਈ ਨੂੰ ਗਿੱਦੜਪਿੰਡੀ ਦੇ ਟੌਲ ਪਲਾਜਾ ਦੇ ਨਜ਼ਦੀਕ ਧਰਨਾ ਲਗਾਉਣ ਵਾਲਿਆ ਖਿਲਾਫ ਲੋਹੀਆਂ ਦੇ ਤਤਕਾਲੀ ਥਾਣਾ ਮੁਖੀ ਨੇ ਅਨੇਕਾਂ ਧਰਨਾਕਾਰੀਆਂ ਖਿਲਾਫ ਸੰਗੀਨ ਧਰਾਵਾਂ ਤਹਿਤ ਝੂਠਾ ਮੁਕੱਦਮਾ ਦਰਜ ਕੀਤਾ ਸੀ। ਪਰ ‘ਆਪ’ ਆਗੂਆਂ ਵੱਲੋਂ 21 ਅਗਸਤ ਨੂੰ ਇਸੇ ਟੌਲ ਪਲਾਜ਼ਾ ’ਤੇ ਕਈ ਘੰਟੇ ਆਵਾਜਾਈ ਠੱਪ ਕਰਨ ਦੇ ਬਾਵਜੂਦ ਵੀ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀ ਕੀਤੀ ਗਈ। ਇਸੇ ਤਰਾਂ ‘ਆਪ’ ਦੇ ਇਕ ਆਗੂ ਵੱਲੋਂ ਪਿੰਡ ਜਲਾਲਪੁਰ ਦੇ ਦਲਿਤ ਪਰਿਵਾਰ ਨਾਲ ਕੀਤੀ ਕਥਿਤ ਧੱਕੇਸ਼ਾਹੀ ਖਿਲਾਫ ਮੁਕੱਦਮਾ ਦਰਜ ਹੋਣ ਦੇ ਬਾਵਜੂਦ ਲੋਹੀਆਂ ਪੁਲੀਸ ਨੇ ਅਜੇ ਤੱਕ ਮੁਲਜ਼ਮ ਗ੍ਰਿਫ਼ਤਾਰ ਨਹੀ ਕੀਤੇ। ਪੁਲੀਸ ਦੇ ਦੋਹਰੇ ਮਾਪਦੰਡਾਂ ਖ਼ਿਲਾਫ਼ 10 ਸਤੰਬਰ ਨੂੰ ਸ਼ਾਹਕੋਟ ’ਚ ਮੁਜ਼ਾਹਰਾ ਕੀਤਾ ਜਾ ਰਿਹਾ ਹੈ।