ਜੇਸੀਡੀਏਵੀ ਕਾਲਜ ਦਸੂਹਾ ਦਾ ਸ਼ਾਨਦਾਰ ਪ੍ਰਦਰਸ਼ਨ
ਦਸੂਹਾ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਨਵੀਂ ਸਿੱਖਿਆ ਨੀਤੀ 2020 ਤਹਿਤ ਐਲਾਨੇ ਦਸੰਬਰ 2024 ਦੇ ਨਤੀਜਿਆਂ ਵਿੱਚ ਜਗਦੀਸ਼ ਚੰਦਰ ਡੀਏਵੀ (ਜੇਸੀਡੀਏਵੀ) ਕਾਲਜ ਦਸੂਹਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪ੍ਰਿੰਸੀਪਲ ਪ੍ਰੋ. ਰਾਕੇਸ਼ ਮਹਾਜਨ ਨੇ ਦੱਸਿਆ ਕਿ ਬੀਏ ਭਾਗ ਪਹਿਲਾ ਦੇ ਨਤੀਜਿਆਂ ਵਿੱਚ ਹੋਣਹਾਰ ਵਿਦਿਆਰਥਣ ਸੁਖਦੀਪ ਕੌਰ ਨੇ 8.04, ਮੁਸਕਾਨ ਨੇ 7.29 ਅਤੇ ਜਸਪ੍ਰੀਤ ਕੌਰ ਨੇ 7.21 ਸੀਜੀਪੀ ਨਾਲ ਕਾਲਜ ਵਿੱਚੋਂ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਬੀਐੱਸਸੀ ਦੇ ਨਤੀਜਿਆਂ ਵਿੱਚ ਪ੍ਰਿਆ ਨੇ 8.21, ਮੰਨਤਪ੍ਰੀਤ ਨੇ 8.13, ਜਸਵੀਰ ਕੌਰ ਨੇ 8.08 ਸੀਜੀਪੀ ਨਾਲ ਕਾਲਜ ਵਿੱਚ ਕ੍ਰਮਵਾਰ ਪਹਿਲੀਆਂ ਤਿੰਨ ਪੁਜ਼ੀਸ਼ਨਾਂ ’ਤੇ ਕਬਜ਼ਾ ਕੀਤਾ ਹੈ। ਪ੍ਰਿੰਸੀਪਲ ਮਹਾਜਨ ਨੇ ਵਿਦਿਆਰਥੀਆਂ ਦੇ ਸੁਨਿਹਰੀ ਭਵਿੱਖ ਦੀ ਕਾਮਨਾ ਕੀਤੀ। -ਪੱਤਰ ਪ੍ਰੇਰਕ
ਜੀਟੀਬੀ ਕਾਲਜ ਦੀਆਂ ਵਿਦਿਆਰਥਣਾਂ ਛਾਈਆਂ
ਦਸੂਹਾ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਬੀਕਾਮ ਸਮੈਸਟਰ ਛੇਵਾਂ ਦੇ ਨਤੀਜਿਆਂ ’ਚ ਜੀਟੀਬੀ ਖਾਲਸਾ ਕਾਲਜ ਫਾਰ ਵਿਮੈਨ ਦਸੂਹਾ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪ੍ਰਿੰਸੀਪਲ ਡਾ. ਵਰਿੰਦਰ ਕੌਰ ਨੇ ਦੱਸਿਆ ਕਿ ਹਰਸਿਮਰਨ ਕੌਰ ਨੇ 81.29 ਫ਼ੀਸਦੀ, ਜੈਸਮੀਨ ਕੌਰ ਨੇ 75.35 ਫ਼ੀਸਦੀ ਅਤੇ ਗਗਨਦੀਪ ਕੌਰ ਨੇ 74.94 ਫ਼ੀਸਦੀ ਅੰਕ ਹਾਸਲ ਕਰ ਕੇ ਕਾਲਜ ਵਿੱਚੋਂ ਕ੍ਰਮਵਾਰ ਪਹਿਲੀਆਂ ਤਿੰਨ ਪੁਜ਼ੀਸ਼ਨਾਂ ’ਤੇ ਕਬਜ਼ਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਉਪਲੱਬਧੀ ਵਿਦਿਆਰਥਣਾਂ ਤੇ ਅਧਿਆਪਕਾਂ ਦੀ ਲਗਨ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਬੀਰ ਸਿੰਘ ਰੰਧਾਵਾ, ਉਪ-ਪ੍ਰਧਾਨ ਅਜਮੇਰਪਾਲ ਸਿੰਘ ਘੁੰਮਣ, ਮੈਨੇਜਰ ਗੁਰਪ੍ਰੀਤ ਸਿੰਘ ਚੀਮਾ, ਉਪ ਮੈਨੇਜਰ ਦੀਪ ਗਗਨ ਸਿੰਘ ਗਿੱਲ, ਸੈਕਟਰੀ ਭੁਪਿੰਦਰ ਸਿੰਘ ਰੰਧਾਵਾ, ਜੁਆਇੰਟ ਸੈਕਟਰੀ ਮਹਿੰਦਰ ਸਿੰਘ, ਡੀਨ ਡਾ. ਰੁਪਿੰਦਰ ਕੌਰ ਰੰਧਾਵਾ ਤੇ ਵਾਇਸ ਪ੍ਰਿੰ. ਜੋਤੀ ਸੈਣੀ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਹੈ। -ਪੱਤਰ ਪ੍ਰੇਰਕ
ਸ਼ਿਆਮਾ ਪ੍ਰਸ਼ਾਦ ਮੁਖਰਜੀ ਦਾ ਜਨਮ ਦਿਵਸ ਮਨਾਇਆ
ਫਗਵਾੜਾ: ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ ਜਨਮ ਜਯੰਤੀ ਅੱਜ ਫਗਵਾੜਾ ਵਿੱਚ ਸਾਬਕਾ ਕੇਂਦਰੀ ਮੰਤਰੀ ਤੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਵਿਜੈ ਸਾਂਪਲਾ ਦੇ ਨਿਵਾਸ ਸਥਾਨ ’ਤੇ ਮਨਾਈ ਗਈ। ਇਸ ਦੌਰਾਨ ਵਿਜੇ ਸਾਂਪਲਾ ਤੋਂ ਇਲਾਵਾ ਭਾਜਪਾ ਆਗੂਆਂ ਬਲਭੱਦਰ ਸੇਨ ਦੁੱਗਲ, ਤੇਜਸਵੀ ਭਾਰਦਵਾਜ, ਮਹਿੰਦਰ ਥਾਪਰ ਅਤੇ ਆਸ਼ੂ ਸਾਂਪਲਾ ਆਦਿ ਨੇ ਮੁਖਰਜੀ ਦੀ ਤਸਵੀਰ ’ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਤੇ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ। -ਪੱਤਰ ਪ੍ਰੇਰਕ