DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ਾਹਕੋਟ ਸਕੂਲ ਦੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ

ਸ਼ਾਹਕੋਟ: ਸਟੇਟ ਪਬਲਿਕ ਸਕੂਲ ਸ਼ਾਹਕੋਟ ਦੀ ਅੰਡਰ-19 ਵਰਗ ਦੀ ਬੈਡਮਿੰਟਨ ਟੀਮ ਨੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ’ਚੋਂ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਨਰੋਤਮ ਸਿੰਘ ਅਤੇ ਉੱਪ ਪ੍ਰਧਾਨ ਡਾ....

  • fb
  • twitter
  • whatsapp
  • whatsapp
featured-img featured-img
ਜੇਤੂ ਖਿਡਾਰੀਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। -ਫੋਟੋ: ਖੋਸਲਾ
Advertisement

ਸ਼ਾਹਕੋਟ: ਸਟੇਟ ਪਬਲਿਕ ਸਕੂਲ ਸ਼ਾਹਕੋਟ ਦੀ ਅੰਡਰ-19 ਵਰਗ ਦੀ ਬੈਡਮਿੰਟਨ ਟੀਮ ਨੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ’ਚੋਂ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਨਰੋਤਮ ਸਿੰਘ ਅਤੇ ਉੱਪ ਪ੍ਰਧਾਨ ਡਾ. ਗਗਨਦੀਪ ਕੌਰ ਨੇ ਇਸ ਪ੍ਰਾਪਤੀ ’ਤੇ ਖਿਡਾਰੀਆਂ, ਪ੍ਰਿੰਸੀਪਲ ਅਤੇ ਸਮੂੰਹ ਸਟਾਫ ਨੂੰ ਵਧਾਈ ਦਿਤੀ। ਪ੍ਰਿੰਸੀਪਲ ਕੰਵਰ ਨੀਲ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਬੈਡਮਿੰਟਨ ਖਿਡਾਰੀ ਦਾਨਿਸ਼ ਭਨੋਤ, ਸੀਵਾਂਸ਼ ਮਿੱਤਲ ਅਤੇ ਪਰਾਗ ਸੋਬਤੀ ਨੇ ਅੰਡਰ-19 ਵਰਗ ਦੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ’ਚ ਹਿੱਸਾ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। -ਪੱਤਰ ਪ੍ਰੇਰਕ

ਖਾਲਸਾ ਅਕੈਡਮੀ ਦੇ 20 ਖਿਡਾਰੀਆਂ ਦੀ ਚੋਣ

ਜੈਂਤੀਪੁਰ: ਖਾਲਸਾ ਅਕੈਡਮੀ ਮਹਿਤਾ ਚੌਕ ਦੀ ਲੜਕੀਆਂ ਦੀ ਹਾਕੀ ਟੀਮ ਅੰਡਰ-14 ਸਾਲ ਤੇ ਅੰਡਰ-17 ਵਰਗ ਨੇ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਹੋਈਆਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਅਤੇ ਇਸੇ ਤਰ੍ਹਾਂ ਲੜਕਿਆਂ ਦੀ ਹਾਕੀ ਟੀਮ ਅੰਡਰ-17 ਵਰਗ ਨੇ ਸਰਕਾਰੀ ਸਕੂਲ ਅੰਮ੍ਰਿਤਸਰ ਵਿਖੇ ਹੋਈਆਂ ਖੇਡਾਂ ਵਿੱਚ ਤੀਜਾ ਸਥਾਨ ਹਾਸਲ ਕੀਤਾ। ਅਕੈਡਮੀ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਜਤਿਦਰ ਸ਼ਰਮਾ ਨੇ ਦੱਸਿਆ ਕਿ ਲੜਕੀਆਂ ਦੀ ਅੰਡਰ-14 ਤੇ ਅੰਡਰ-17 ਵਰਗ ਦੀਆਂ ਟੀਮਾਂ ਦੇ ਅੱਠ-ਅੱਠ ਖਿਡਾਰੀ ਅਤੇ ਇਸੇ ਤਰ੍ਹਾਂ ਲੜਕਿਆਂ ਦੀ ਟੀਮ ਅੰਡਰ-17 ਵਰਗ ਦੇ ਚਾਰ ਖਿਡਾਰੀ ਸੂਬਾ ਪੱਧਰ ਲਈ ਵੀ ਚੁਣੇ ਗਏ। ਇਸ ਪ੍ਰਾਪਤੀ ਦਾ ਸਿਹਰਾ ਹਾਕੀ ਕੋਚ ਬਲਜਿੰਦਰ ਸਿੰਘ, ਮਨਮੀਤ ਸਿੰਘ ਅਤੇ ਮੈਡਮ ਹਰਜੀਤ ਕੌਰ ਨੂੰ ਜਾਂਦਾ ਹੈ। ਸੰਸਥਾ ਦੇ ਸਰਪ੍ਰਸਤ ਬਾਬਾ ਹਰਨਾਮ ਸਿੰਘ ਖਾਲਸਾ ਦੀ ਅਗਵਾਈ ਹੇਠ ਡਾਇਰੈਕਟਰ ਪ੍ਰਿੰਸੀਪਲ ਡਾ. ਜਤਿੰਦਰ ਸ਼ਰਮਾ, ਪ੍ਰਿੰਸੀਪਲ ਗੁਰਦੀਪ ਸਿੰਘ ਜਲਾਲ ਉਸਮਾਂ ਅਤੇ ਪ੍ਰਿੰਸੀਪਲ ਹਰਸ਼ਦੀਪ ਸਿੰਘ ਰੰਧਾਵਾ ਵੱਲੋਂ ਸਨਮਾਨਿਤ ਕੀਤਾ ਗਿਆ। -ਪੱਤਰ ਪ੍ਰੇਰਕ

Advertisement

ਅੱਟੀ ਸਕੂਲ ਦੇ ਜੇਤੂ ਖਿਡਾਰੀਆਂ ਦਾ ਸਨਮਾਨ

ਫਿਲੌਰ: ਪਿੰਡ ਅੱਟੀ ਦੇ ਸ੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਦੇ ਐੱਮ ਡੀ ਸੁਖਦੀਪ ਸਿੰਘ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ 14 ਸੋਨ ਤਗਮੇ, ਦੋ ਚਾਂਦੀ ਅਤੇ ਦੋ ਕਾਂਸੀ ਦੇ ਤਗਮੇ ਜਿੱਤੇ ਹਨ। ਇਸ ਮੌਕੇ ਪ੍ਰਿੰਸੀਪਲ ਬਲਜਿੰਦਰ ਕੁਮਾਰ ਤੇ ਵਾਈਸ ਪ੍ਰਿੰਸੀਪਲ ਸੰਦੀਪ ਕੌਰ ਨੇ ਖਿਡਾਰੀਆਂ ਦਾ ਸਨਮਾਨ ਕੀਤਾ। ਉਨ੍ਹਾਂ ਦੱਸਿਆ ਕਿ ਬਾਕਸਿੰਗ ’ਚ ਪਾਲ ਤਾਨੀਆ, ਏਕਮਪ੍ਰੀਤ ਕੌਰ, ਮੁਨੀਤ ਸਿੰਘ, ਰਜਿਤ ਕੋਛੜ ਨੇ ਸੋਨ ਤਗਮੇ, ਯਸ਼ ਸੁਮਨ ਅਤੇ ਏਕਨੂਰ ਨੇ ਚਾਂਦੀ ਦੇ ਤਗਮੇ ਅਤੇ ਏਕਮ ਮੱਲ ਅਤੇ ਅਦਿਤਿਆ ਰਾਜ ਨੇ ਕਾਂਸੀ ਦੇ ਤਗਮੇ ਹਾਸਲ ਕੀਤੇ। ਇਸ ਤੋਂ ਇਲਾਵਾ ਸੁਖਮਨ ਸਿੰਘ ਨੇ ਜ਼ਿਲੇ ’ਚ ਤਾਇਕੋਵਾਂਡੋਂ ’ਚ ਚਾਂਦੀ ਦਾ ਤਗਮਾ ਹਾਸਲ ਕੀਤਾ। ਇਸ ਮੌਕੇ ਸਕੂਲ ਦੇ ਸਰਪ੍ਰਸਤ ਚਰਨਜੀਤ ਸਿੰਘ ਵੀ ਮੌਜੂਦ ਸਨ। -ਪੱਤਰ ਪ੍ਰੇਰਕ

ਐੱਨ ਐੱਸ ਐੱਸ ਦਿਵਸ ਮਨਾਇਆ

ਬਲਾਚੌਰ: ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਨੇ ਐੱਨ ਐੱਸ ਐੱਸ ਦਿਵਸ ਬੜੇ ਜੋਸ਼ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ। ਯੂਨੀਵਰਸਿਟੀ ਨੂੰ ਮੁੱਖ ਮਹਿਮਾਨ ਵਜੋਂ ਸਰਕਾਰੀ ਕਾਲਜ ਰੂਪਨਗਰ ਦੇ ਪ੍ਰਿੰਸੀਪਲ ਡਾ. ਜਤਿੰਦਰ ਸਿੰਘ ਗਿੱਲ ਸ਼ਾਮਲ ਹੋਏ। ਡਾ. ਅਮਨ ਸਿੰਘ ਨੇ ਵਾਲੰਟੀਅਰਾਂ ਨੂੰ ‘ਸਾਕਾ ਚਮਕੌਰ ਸਾਹਿਬ’ ਕਿਤਾਬ ਭੇਟ ਕੀਤੀ। ਯੂਨੀਵਰਸਿਟੀ ਦੇ ਚਾਂਸਲਰ ਨਿਰਮਲ ਸਿੰਘ ਰਿਆਤ, ਵਾਈਸ ਚਾਂਸਲਰ ਡਾ. ਏ ਐਸ ਚਾਵਲਾ, ਪ੍ਰੋਫੈਸਰ ਰਜਿਸਟਰਾਰ ਬੀ ਐੱਸ ਸਤਿਆਲ, ਡੀਨ ਅਕਾਦਮਿਕ ਡਾ. ਨਵਨੀਤ ਚੋਪੜਾ ਅਤੇ ਸੀ ਈ ਓ ਵਿਮਲ ਮਨਹੋਤਰਾ ਨੇ ਵਾਲੰਟੀਅਰਾਂ ਨੂੰ ਆਪਣੀ ਸੇਵਾ ਯਾਤਰਾ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰੋਗਰਾਮ ਸਹਾਇਕ ਡਾਇਰੈਕਟਰ ਯੁਵਾ ਸੇਵਾਵਾਂ ਰਤਨ ਕੌਰ ਅਤੇ ਕੋਆਰਡੀਨੇਟਰ ਐੱਨ ਐੱਸ ਐੱਸ, ਕਾਲਜ ਆਫ਼ ਲਾਅ ਡਾ. ਸੋਹਣੂ ਸੈਣੀ ਮੌਜੂਦ ਸਨ। -ਪੱਤਰ ਪ੍ਰੇਰਕ

ਕੁੰਦਨ ਸਿੰਘ ਬੱਲਪੁਰੀਆਂ ਦੀ ਯਾਦ ’ਚ ਸਮਾਗਮ

ਧਾਰੀਵਾਲ: ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਦੇ ਪਰਿਵਾਰ ਨੇ ਸਦੀਵੀ ਵਿਛੋੜਾ ਦੇ ਗਏ ਕਾਲਜ ਪ੍ਰਬੰਧਕੀ ਕਮੇਟੀ ਦੇ ਮੈਂਬਰ ਤੇ ਸੰਸਥਾ ਦੇ ਨਿਸ਼ਕਾਮ ਸੇਵਕ ਕੁੰਦਨ ਸਿੰਘ ਬੱਲਪੁਰੀਆ ਦੀ ਯਾਦ ’ਚ ਸਹਿਜ ਪਾਠ ਦੇ ਭੋਗ ਪਾਇਆ ਗਿਆ। ਕਾਲਜ ਪ੍ਰਿੰਸੀਪਲ ਸਵਰਨ ਸਿੰਘ ਵਿਰਕ, ਗਗਨਦੀਪ ਸਿੰਘ ਵਿਰਕ ਅਤੇ ਕਾਲਜ ਦੀ ਸਟੂਡੈਂਟ ਕਮੇਟੀ ਦੇ ਪ੍ਰਬੰਧਾਂ ਹੇਠ ਕਰਵਾਏ ਸਮਾਗਮ ਦੌਰਾਨ ਯਸਪ੍ਰੀਤ ਕੌਰ ਤੁਗਲਵਾਲਾ ਦੇ ਜਥੇ ਨੇ ਕੀਰਤਨ ਕੀਤਾ। ਗੁਰਦੁਆਰਾ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਸਕੱਤਰ ਵਰਿਆਮ ਸਿੰਘ, ਮਹਿੰਦਰ ਸਿੰਘ, ਬਲਦੇਵ ਸਿੰਘ ਸੰਧੂ, ਕੁੰਦਨ ਸਿੰਘ ਦੇ ਪੁੱਤਰ ਸ਼ਿਵਨੰਦਨ ਸਿੰਘ, ਥਾਣੇਦਾਰ ਪਰਵਿੰਦਰ ਸਿੰਘ, ਕਾਬਲ ਸਿੰਘ, ਬਲਬੀਰ ਸਿੰਘ, ਬਲਜੀਤ ਸਿੰਘ ਆਦਿ ਨੇ ਹਾਜ਼ਰੀ ਭਰੀ। ਕਾਲਜ ਦੇ ਪ੍ਰਕਾਸ਼ਨ ਵਿਭਾਗ ਵੱਲੋਂ ਕੁੰਦਨ ਸਿੰਘ ਦੀ ਯਾਦ ’ਚ ਵਿਸ਼ੇਸ਼ ਕਿਤਾਬਚਾ ਜਾਰੀ ਕੀਤਾ ਗਿਆ। -ਪੱਤਰ ਪ੍ਰੇਰਕ

ਜਾਗਰੂਕਤਾ ਸੈਮੀਨਾਰ

ਫਗਵਾੜਾ: ਝੋਨੇ ਦੀ ਵਾਢੀ ਤੋਂ ਬਾਅਦ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਰੈਸਟ ਹਾਊਸ ਵਿੱਚ ਮੈਗਾ ਸੈਮੀਨਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਐੱਸ ਡੀ ਐੱਮ ਜਸ਼ਨਜੀਤ ਸਿੰਘ ਨੇ ਕੀਤੀ। ਸੈਮੀਨਾਰ ’ਚ ਖੇਤੀਬਾੜੀ ਅਫ਼ਸਰ ਪਰਮਜੀਤ ਸਿੰਘ ਮਹੇ ਨੇ ਪਰਾਲੀ ਸਾੜਨ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘਟਣ ਤੇ ਵਾਤਾਵਰਨ ਨੂੰ ਨੁਕਸਾਨ ਬਾਰੇ ਜਾਣਕਾਰੀ ਦਿੱਤੀ। ਪਰਾਲੀ ਪ੍ਰਬੰਧਨ ਲਈ ਮਸ਼ੀਨਾਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ। ਸਹਿਕਾਰੀ ਸਭਾਵਾਂ ਵਿਭਾਗ ਦੇ ਕੁਲਦੀਪ ਸਿੰਘ ਨੇ ਦੱਸਿਆ ਕਿ ਸਹਿਕਾਰੀ ਸਭਾਵਾਂ ਕੋਲ ਪਰਾਲੀ ਸੰਭਾਲਣ ਵਾਲੀਆਂ ਮਸ਼ੀਨਾਂ ਹਨ। ਐੱਸ ਡੀ ਐੱਮ ਨੇ ਕਿਹਾ ਕਿ ਉਲੰਘਣਾ ਕਰਨ ਵਾਲਿਆਂ ’ਤੇ ਕਾਨੂੰਨੀ ਕਾਰਵਾਈ ਹੋਵੇਗੀ। -ਪੱਤਰ ਪ੍ਰੇਰਕ

ਹੜ੍ਹ ਪੀੜਤਾਂ ਲਈ ਛੇ ਲੱਖ ਰੁਪਏ ਦਾ ਚੈੱਕ ਦਿੱਤਾ

ਜਲੰਧਰ: ਹਾਲ ਵਿੱਚ ਆਏ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਲਈ ਜ਼ਿਲ੍ਹੇ ਦੇ ਵੱਖ-ਵੱਖ ਵਰਗਾਂ ਦੇ ਲੋਕ ਅੱਗੇ ਆ ਰਹੇ ਹਨ। ਇਸੇ ਕੜੀ ਤਹਿਤ ਨਾਰਦਨ ਰੀਜਨ ਐਕਸਪੋਰਟਰ ਫੋਰਮ ਵੱਲੋਂ ਅੱਜ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੂੰ ਛੇ ਲੱਖ ਰੁਪਏ ਦਾ ਚੈੱਕ ਮੁੱਖ ਮੰਤਰੀ ਰੰਗਲਾ ਪੰਜਾਬ ਫੰਡ ਲਈ ਸੌਂਪਿਆ ਗਿਆ। ਇਸ ਮੌਕੇ ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਸੰਦੀਪ ਰਿਸ਼ੀ, ਫੋਰਮ ਦੇ ਚੇਅਰਮੈਨ ਗੌਤਮ ਕਪੂਰ, ਵਾਈਸ ਪ੍ਰਧਾਨ ਕੁਮਾਰ ਵਾਸਨ ਅਤੇ ਆਨਰੇਰੀ ਸਕੱਤਰ ਗੁਨੀਤ ਰਾਣਾ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਮਨੁੱਖਤਾ ਦੀ ਸੇਵਾ ਲਈ ਫੋਰਮ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। -ਪੱਤਰ ਪ੍ਰੇਰਕ

ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ

ਅਜਨਾਲਾ: ਜ਼ਿਲ੍ਹਾ ਪ੍ਰਸ਼ਾਸਨ ਨੇ ਸਰਹੱਦੀ ਪਿੰਡ ਜਗਦੇਵ ਖੁਰਦ ਦੇ ਹਾਈ ਸਕੂਲ ਵਿੱਚ ਵਿਦਿਆਰਥੀਆਂ ਨੂੰ ਬੈਗ ਤੇ ਸਟੇਸ਼ਨਰੀ ਵੰਡੀ। ਸਕੱਤਰ ਰੈੱਡ ਕਰਾਸ ਸੈਮਸਨ ਮਸੀਹ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਉਨ੍ਹਾਂ ਵੱਲੋਂ ਪ੍ਰਭਾਵਿਤ ਖੇਤਰਾਂ ਦੇ ਸਕੂਲੀ ਵਿਦਿਆਰਥੀਆਂ ਨੂੰ ਸਿੱਖਿਆ ਨਾਲ ਸੰਬੰਧਿਤ ਲੋੜੀਂਦਾ ਸਮਾਨ ਪਹਿਲ ਦੇ ਅਧਾਰ ਤੇ ਵੰਡਿਆ ਜਾ ਰਿਹਾ ਹੈ। ਸਕੂਲ ਇੰਚਾਰਜ ਆਤਮਜੀਤ ਸਿੰਘ ਢਿੱਲੋਂ ਨੇ ਧੰਨਵਾਦ ਕੀਤਾ। ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਮਨਪ੍ਰੀਤ ਸਿੰਘ ਸੰਧੂ ਤੋਂ ਇਲਾਵ ਮਨਬੀਰ ਸਿੰਘ ਥੋਬਾ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

ਕਿਸਾਨ ਸਿਖਲਾਈ ਕੈਂਪ

ਗੁਰਾਇਆ: ਜਲੰਧਰ ਦੇ ਡਾ. ਜਸਵਿੰਦਰ ਸਿੰਘ, ਮੁੱਖ ਖੇਤੀਬਾੜੀ ਅਫ਼ਸਰ, ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀ ਆਰ ਐਮ ਸਕੀਮ ਅਧੀਨ ਬਲਾਕ ਰੁੜਕਾ ਕਲਾਂ ਵਿਖੇ ਪਰਾਲੀ ਦੀ ਸਾਂਭ ਸੰਭਾਲ ਸੰਬੰਧੀ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ ਜਿਸ ਵਿਚ ਉਚੇਚੇ ਤੌਰ ਤੇ ਐੱਸ ਡੀ ਐਮ ਫਿਲੌਰ ਪਰਲੀਨ ਕੌਰ ਬਰਾੜ ਨੇ ਸ਼ਿਰਕਤ ਕੀਤੀ। ਕ੍ਰਿਸ਼ੀ ਵਿਗਿਆਨ ਕੇਂਦਰ, ਨੂਰਮਹਿਲ ਤੋਂ ਆਏ ਵਿਗਿਆਨੀ ਮੈਡਮ ਪ੍ਰਭਜੋਤ ਕੌਰ ਤੇ ਬਲਵੀਰ ਕੌਰ ਨੇ ਕਿਸਾਨਾਂ ਨੂੰ ਝੋਨੇ ਨੂੰ ਬਿਮਾਰੀਆਂ ਤੋਂ ਬਚਾਉਣ ਅਤੇ ਕਣਕ ਦੀ ਫ਼ਸਲ ਵਿਚ ਨਦੀਨਾਂ ਦੀ ਰੋਕਥਾਮ ਸਬੰਧੀ ਜਾਣਕਾਰੀ ਦਿੱਤੀ। ਖੇਤੀਬਾੜੀ ਵਿਸਥਾਰ ਅਫ਼ਸਰ ਗੁਰਦੀਪ ਸਿੰਘ ਨੇ ਪਰਾਲੀ ਸਾਂਭਣ ਲਈ ਵੱਖ-ਵੱਖ ਮਸ਼ੀਨਾਂ ਬਾਰੇ ਦੱਸਿਆ।  -ਨਿੱਜੀ ਪੱਤਰ ਪ੍ਰੇਰਕ

ਪ੍ਰਤਿਭਾ ਖੋਜ ਮੁਕਾਬਲਾ

ਮਾਹਿਲਪੁਰ: ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪੋਸਟ ਗਰੈਜੂਏਟ ਕਾਮਰਸ ਵਿਭਾਗ ਵੱਲੋਂ ਵਿਦਿਆਰਥੀਆਂ ਦੀਆਂ ਸਿਰਜਨਾਤਮਕ ਰੁਚੀਆਂ ਨੂੰ ਪ੍ਰਫੁੱਲਤ ਕਰਨ ਲਈ ‘ਪ੍ਰਤਿਭਾ ਖੋਜ’ (ਟੇਲੈਂਟ ਹੰਟ) ਮੁਕਾਬਲਾ ਕਰਵਾਇਆ ਗਿਆ। ਸਿੱਖ ਐਜੂਕੇਸ਼ਨਲ ਕੌਂਸਲ ਦੇ ਜਨਰਲ ਸਕੱਤਰ ਪ੍ਰੋਫੈਸਰ ਅਪਿੰਦਰ ਸਿੰਘ, ਖਜ਼ਾਨਚੀ ਵੀਰ ਇੰਦਰ ਸ਼ਰਮਾ, ਖੇਤੀਬਾੜੀ ਮਾਹਿਰ ਡਾ. ਸੁਖਦੇਵ ਸਿੰਘ ਢਿਲੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਦੱਸਿਆ ਕਿ ਬਿਜਨਸ ਕੁਇਜ਼ ਵਿੱਚ ਟੀਮ ਬ੍ਰਿਲਿਐਂਟ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਲੰਗੌਲੀ ਵਿੱਚ ਸਿਮਰਨ ਕੌਰ, ਪੋਸਟਰ ਮੇਕਿੰਗ ਵਿੱਚ ਨੈਨਸੀ ਤੇ ਪੀਪੀਟੀ ਪੇਸ਼ਕਾਰੀ ’ਚ ਪ੍ਰਿਯਾਂਸ਼ੂ ਅੱਵਲ ਰਹੇ।  -ਪੱਤਰ ਪ੍ਰੇਰਕ

ਵਿਦਿਆਰਥੀਆਂ ਨੇ ਸਫ਼ਾਈ ਮੁਹਿੰਮ ਚਲਾਈ

ਕਾਦੀਆਂ: ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਖੇ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਐਨ ਐੱਸ ਐੱਸ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸਫ਼ਾਈ ਮੁਹਿੰਮ ਚਲਾਈ ਗਈ। ਐਨ ਐਸ ਐਸ ਵਿਭਾਗ ਲੜਕੇ ਦੇ ਪ੍ਰੋਗਰਾਮ ਅਫਸਰ ਡਾ. ਸਿਮਰਤਪਾਲ ਸਿੰਘ ਅਤੇ ਐੱਨ ਐੱਸ ਐੱਸ ਵਿਭਾਗ ਲੜਕੀਆਂ ਦੇ ਪ੍ਰੋਗਰਾਮ ਅਫਸਰ ਪ੍ਰੋਫੈਸਰ ਮਨਪ੍ਰੀਤ ਕੌਰ ਵੀ ਮੌਜੂਦ ਸਨ। ਪ੍ਰਿੰਸੀਪਲ ਡਾ.ਹਰਪ੍ਰੀਤ ਸਿੰਘ ਹੁੰਦਲ ਨੇ ਐਨ.ਐੱਸ.ਐੱਸ ਦੀ ਸ਼ੁਰੂਆਤ ਅਤੇ ਇਸ ਦੇ ਪਿਛੋਕੜ ਬਾਰੇ ਵਲੰਟੀਅਰਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਐਨ ਐੱਸ ਐੱਸ ਵਾਲੰਟੀਅਰਾਂ ਨੇ ਕੈਂਪਸ ਦੇ ਵੱਖ-ਵੱਖ ਹਿੱਸਿਆਂ ਦੀ ਸਾਫ਼-ਸਫ਼ਾਈ ਕੀਤੀ। -ਨਿੱਜੀ ਪੱਤਰ ਪ੍ਰੇਰਕ

Advertisement
×