ਇੱਥੋਂ ਦੇ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਫ਼ਤਹਿਗੜ੍ਹ ਵਿੱਚ ਤੀਜ ਦੇ ਤਿਉਹਾਰ ਮੌਕੇ ਵਿਦਿਆਰਥਣਾ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਮੁੱਖ ਅਧਿਆਪਕ ਮਨੋਜ ਕੁਮਾਰ ਦੀ ਅਗਵਾਈ ਵਿੱਚ ਹੋਏ ਸਮਾਗਮ ਦੀ ਸ਼ੁਰੂਆਤ ਵਿਦਿਆਰਥਣਾਂ ਨਿਸ਼ਾ ਅਤੇ ਕਾਜਲ ਕੁਮਾਰੀ ਵਲੋਂ ਧਾਰਮਿਕ ਗੀਤ ਨਾਲ ਕੀਤੀ ਗਈ। ਉਪਰੰਤ ਵਿਦਿਆਰਥੀਆਂ ਵੱਲੋਂ ਪੰਜਾਬੀ ਲੋਕਧਾਰਾ ਦੇ ਗੀਤਾਂ ਉੱਤੇ ਭੰਗੜਾ, ਗਿੱਧਾ, ਲੋਕਨਾਟਕ ਅਤੇ ਨਾਟਕ ਰੂਪ ਵਿੱਚ ਤੀਜ ਦੇ ਮਹੱਤਵ ਨੂੰ ਦਰਸਾਇਆ ਗਿਆ। ਮੁੱਖ ਅਧਿਆਪਕ ਨੇ ਤੀਜ ਦੀ ਮਹੱਤਤਾ ‘ਤੇ ਵਿਚਾਰ ਸਾਂਝੇ ਕੀਤੇ। ਸੀਨੀਅਰ ਅਧਿਆਪਿਕਾ ਸਵਿਤਾ ਭਾਟੀਆ ਨੇ ਕਿਹਾ ਕਿ ਤੀਜ ਸਿਰਜਣਾਤਮਕਤਾ, ਨਵੀਂ ਸ਼ੁਰੂਆਤ ਅਤੇ ਪਰਿਵਾਰਕ ਇਕੱਠ ਦਾ ਪੁਰਾਣਾ ਪਾਵਨ ਪ੍ਰਤੀਕ ਹੈ। ਇਸ ਮੌਕੇ ਅਧਿਆਪਕਾ ਆਰਤੀ ਰਾਣਾ, ਪਰਮਿੰਦਰ ਕੌਰ, ਨਰੇਸ਼ ਸ਼ਰਮਾ, ਪੂਜਾ ਰਾਣੀ, ਗੁਰਪ੍ਰੀਤ ਕੌਰ, ਸਿਮਰਨਜੀਤ ਕੌਰ, ਅਮੀਸ਼ਾ ਠਾਕੁਰ, ਰਵੀ ਕੁਮਾਰ ਅਤੇ ਦਲੀਪ ਕੁਮਾਰ ਆਦਿ ਹਾਜ਼ਰ ਸਨ।
ਫਗਵਾੜਾ: ਨਿਊ ਸਨਫ਼ਲਾਵਰ ਹਾਈ ਸਕੂਲ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਤੇ ਸਮੂਹ ਸਟਾਫ ਨੇ ਭੰਗੜਾ ਤੇ ਗਿੱਧਾ ਪਾ ਕੇ ਖੁਸ਼ੀ ਮਨਾਈ। ਸਕੂਲ ਚੇਅਰਪਰਸਨ ਜਸਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਇਸ ਤਿਉਹਾਰ ਦਾ ਮਹੱਤਵ ਦੱਸਿਆ ਤੇ ਕਿਹਾ ਕਿ ਇਸ ਤਿਉਹਾਰ ਮੌਕੇ ਨਵ ਵਿਆਹੀਆਂ ਤੇ ਲੜਕੀਆਂ ਇਕੱਠੀਆਂ ਹੋ ਕੇ ਸਾਉਣ ਮਹੀਨੇ ’ਚ ਪਿੱਪਲ ਤੇ ਬੋਹੜ ਦੇ ਦਰੱਖਤ ’ਤੇ ਪੀਂਘਾਂ ਝੂਟਦੀਆਂ ਤੇ ਗਿੱਧਾ ਪਾਉਂਦੀਆਂ ਹਨ। ਇਸ ਮੌਕੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਸਕੂਲ ਦੇ ਵਿਦਿਆਰਥੀਆਂ ਨੇ ਤੀਜ ਦੇ ਤਿਉਹਾਰ ਤੇ ਸਕਿੱਟ ਵੀ ਪੇਸ਼ ਕੀਤੀ ਤੇ ਮਹਿੰਦੀ ਮੁਕਾਬਲਾ ਵੀ ਕਰਵਾਇਆ ਗਿਆ। ਇਸ ਮੌਕੇ ਰੋਬਿਨ ਸਿੰਘ, ਸੈਕਟਰੀ ਹਰਕਿਰਪਾਲ ਸਿੰਘ ਬਾਜਵਾ, ਡਾ. ਰਾਧਿਕਾ ਵੀ ਸ਼ਾਮਲ ਸਨ।
ਧਾਰੀਵਾਲ ਮਹਿਲਾ ਯੋਗ ਸਮਿਤੀ ਨੇ ਤੀਆਂ ਮਨਾਈਆਂ
ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ): ਧਾਰੀਵਾਲ ਮਹਿਲਾ ਯੋਗ ਸਮਿਤੀ ਵੱਲੋਂ ਤੀਆਂ ਮਨਾਈਆਂ ਗਈਆਂ। ਇਸ ਮੌਕੇ ਸਮਿਤੀ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਜਯਾ ਸੂਦ ਦੀ ਅਗਵਾਈ ਹੇਠ ਸ੍ਰੇਸ਼ਟਾ, ਸਰਵਜੀਤ, ਕੁਸ਼ੁਮ, ਸੁਨੀਤਾ ਅਤੇ ਹੋਰ ਮੈਂਬਰਾਂ ਵੱਲੋਂ ਪ੍ਰਬੰਧ ਕੀਤੇ ਗਏ। ਪ੍ਰੋਗਰਾਮ ਵਿੱਚ ਕਰਨਲ ਰਾਜ, ਕੌਂਸਲਰ ਕੁਸਮ ਖੋਸਲਾ ਅਤੇ ਪਿੰਕੀ ਖੋਸਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਗੌਰੀ ਜੀ ਨੇ ਤਿਉਹਾਰਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਪ੍ਰੋਗਰਾਮ ਦੌਰਾਨ ਸਾਰੀਆਂ ਔਰਤਾਂ ਨੇ ਰਵਾਇਤੀ ਪਹਿਰਾਵੇ ਵਿੱਚ ਗੀਤਾਂ, ਗਿੱਧਾ ਅਤੇ ਲੋਕ ਨਾਚ ਆਦਿ ਪੇਸ਼ਕਾਰੀ ਨਾਲ ਪ੍ਰੋਗਰਾਮ ਦਾ ਆਨੰਦ ਮਾਣਿਆ। ਇਸ ਮੌਕੇ ਕਿਰਨ ਮਹਾਜਨ, ਅਲਕਾ, ਰਿਤੂਬਾਲਾ, ਪਰਮਜੀਤ ਕੌਰ, ਦਰਸ਼ਨਾ, ਕਾਂਤਾ ਆਦਿ ਵੀ ਸ਼ਾਮਲ ਸਨ। ਨਜ਼ਦੀਕੀ ਪਿੰਡ ਬੱਬਰੀ ਨੰਗਲ ਵਿੱਚ ਸਾਲਾਨਾ ਤੀਆਂ ਦਾ ਮੇਲਾ ਤਿੰਨ ਅਗਸਤ ਨੂੰ ਸ਼ਾਮ 4 ਵਜੇ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਪਿੰਡ ਦੀ ਸਰਪੰਚ ਸੁਖਦੇਵ ਕੌਰ ਅਤੇ ‘ਆਪ’ ਦੇ ਬਲਾਕ ਪ੍ਰਧਾਨ ਹਿੱਤਪਾਲ ਸਿੰਘ ਗਿੱਲ ਨੇ ਦੱਸਿਆ ਕਿ ਇਸ ਮੌਕੇ ਪਿੰਡ ਦੇ ਹੋਣਹਾਰ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਆ ਜਾਵੇਗਾ।
ਲੜਕੀਆਂ ਤੋਂ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਪ੍ਰਸ਼ਨ ਪੁੱਛੇ
ਤਰਨ ਤਾਰਨ (ਗੁਰਬਖਸ਼ਪੁਰੀ): ਸਥਾਨਕ ਸਰਸਵਤੀ ਐੱਸਡੀ ਸਕੂਲ ਵਿੱਚ ਅੱਜ ਤੀਆਂ ਦਾ ਤਿਉਹਾਰ ਮਨਾਇਆ ਗਿਆ| ਇਸ ਮੌਕੇ ਸਕੂਲ ਪ੍ਰਿੰਸੀਪਲ, ਸਟਾਫ ਅਤੇ ਵਿਦਿਆਰਥਣਾਂ ਸੁੰਦਰ ਪੰਜਾਬੀ ਪਹਿਰਾਵੇ ਪਹਿਨ ਕੇ ਆਈਆਂ। ਇਸ ਮੌਕੇ ਪ੍ਰਿੰਸੀਪਲ ਬ੍ਰਿਜ ਬਾਲਾ ਦੀ ਅਗਵਾਈ ਵਿੱਚ ਵਿਦਿਆਰਥਣਾਂ ਨੇ ਪੰਜਾਬੀ ਸੱਭਿਆਚਾਰ ਦੀਆਂ ਵੱਖ-ਵੱਖ ਵਨਗੀਆਂ ਦੀ ਪੇਸ਼ਕਾਰੀ ਕੀਤੀ। ਇਸ ਵਿੱਚ ਸਕੂਲ ਦੀਆਂ ਅਧਿਆਪਕਾਵਾਂ ਵੀ ਸ਼ਾਮਲ ਹੋਈਆਂ| ਸਕੂਲ ਦੀ ਲੜਕੀਆਂ ਤੋਂ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਪ੍ਰਸ਼ਨ ਪੁੱਛੇ ਗਏ ਅਤੇ ਮੁਕਾਬਲੇ ਵਿੱਚ ਪਹਿਲੇ ਸਥਾਨਾਂ ’ਤੇ ਆਉਣ ਵਾਲੀਆਂ ਲੜਕੀਆਂ ਨੂੰ ਪ੍ਰਿੰਸੀਪਲ ਨੇ ਇਨਾਮ ਵੰਡੇ| ਸਕੂਲ ਦੀ ਵਾਈਸ ਪ੍ਰਿੰਸੀਪਲ ਸੀਮਾ ਪ੍ਰਿੰਜਾ ਤੋਂ ਇਲਾਵਾ ਰਜਨੀ, ਅਰਜਿੰਦਰ ਕੌਰ, ਮੋਨਾ ਸਣੇ ਹੋਰਨਾਂ ਨੇ ਵਿਦਿਆਰਥੀਆਂ ਨਾਲ ਤੀਆਂ ਦੇ ਤਿਉਹਾਰ ਦੀ ਮਹੱਤਤਾ ਦੀ ਜਾਣਕਾਰੀ ਸਾਂਝੀ ਕੀਤੀ| ਸਥਾਨਕ ਮਮਤਾ ਨਿਕੇਤਨ ਸਕੂਲ ਵਿੱਚ ਵੀ ਅੱਜ ਤੀਆਂ ਸਕੂਲ ਪ੍ਰਿੰਸੀਪਲ ਗੁਰਚਰਨ ਕੌਰ ਦੀ ਅਗਵਾਈ ਵਿੱਚ ਮਨਾਈਆਂ ਗਈਆਂ। ਸਕੂਲ ਦੀਆਂ ਵਿਦਿਆਰਥਣਾਂ ਪੰਜਾਬੀ ਪਹਿਰਾਵੇ ’ਚ ਸਕੂਲ ਪੁੱਜੀਆਂ ਅਤੇ ਸਕੂਲ ਨੂੰ ਵੀ ਸਜਾਇਆ ਗਿਆ। ਵਿਦਿਆਰਥਣਾਂ ਨੇ ਪੱਖੀਆਂ, ਫੁਲਕਾਰੀਆਂ, ਘੜੇ, ਪਰਾਂਦੇ, ਚਰਖੇ, ਮਹਿੰਦੀ, ਚੂੜੀਆਂ ਆਦਿ ਨਾਲ ਤਿਉਹਾਰ ਦੀ ਖ਼ੁਸ਼ੀ ਸਾਂਝੀ ਕੀਤੀ। ਇਸ ਮੌਕੇ ਲੋਕ ਨਾਚ ਮੁਕਾਬਲਾ ਕਰਵਾਇਆ ਗਿਆ।