ਮੁਲਾਜ਼ਮ ਜਥੇਬੰਦੀਆਂ ਵੱਲੋਂ ਸੂਬਾ ਤੇ ਕੇਂਦਰ ਸਰਕਾਰ ਖ਼ਿਲਾਫ਼ ਮਾਰਚ
ਭਗਵਾਨ ਦਾਸ ਸੰਦਲ
ਦਸੂਹਾ, 11 ਜੁਲਾਈ
ਇਥੇ ਪੰਜਾਬ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਅਗਵਾਈ ਹੇਠ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਵੱਲੋਂ ਲੰਮੇਂ ਸਮੇਂ ਤੋਂ ਲਟਕੀਆਂ ਮੰਗਾਂ ਮਨਵਾਉਣ ਲਈ ਪੰਜਾਬ ਅਤੇ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਰੋਸ ਮਾਰਚ ਦੀ ਅਗਵਾਈ ਡੈਮੋਕ੍ਰੈਟਿਕ ਮੁਲਾਜ਼ਮ ਫੈੱਡਰੇਸ਼ਨ (ਡੀਐੱਮਐੱਫ) ਦੇ ਜ਼ਿਲ੍ਹਾ ਜਨਰਲ ਸਕੱਤਰ ਮਨਜੀਤ ਸਿੰਘ ਦਸੂਹਾ, ਪੁਰਾਣੀ ਪੈਨਸ਼ਨ ਬਹਾਲੀ ਫਰੰਟ ਪੰਜਾਬ (ਦੋਆਬਾ ਜ਼ੋਨ) ਦੇ ਕਨਵੀਨਰ ਇੰਦਰ ਸੁਖਦੀਪ ਸਿੰਘ ਓਢਰਾ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਆਗੂ ਦਲਵੀਰ ਸਿੰਘ ਭੁੱਲਰ, ਪੰਜਾਬ ਸੁਬਾਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਆਗੂ ਸ਼ਾਂਤੀ ਸਰੂਪ, ਡੈਮੋਕ੍ਰੈਟਿਕ ਜੰਗਲਾਤ ਵਰਕਰਜ਼ ਯੂਨੀਅਨ ਦੇ ਮੰਡਲ ਪ੍ਰਧਾਨ ਜਗੀਰ ਸਿੰਘ ਅਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਗੜਦੀਵਾਲਾ ਦੇ ਆਗੂ ਪ੍ਰਿੰਸ ਨੇ ਕੀਤੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਮਜ਼ਦੂਰ ਪੱਖੀ ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਚਾਰ ਲੇਬਰ ਕੋਡ ਲਿਆਉਣਾ, ਠੇਕੇਦਾਰੀ ਅਤੇ ਆਊਟਸੋਰਸ ਪ੍ਰਣਾਲੀ ਨੂੰ ਮਜ਼ਬੂਤ ਕਰਨਾ, ਨਿੱਜੀਕਰਨ ਤਹਿਤ ਸਰਕਾਰੀ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਕੇ ਕਿਰਤੀਆਂ ਦੇ ਹੱਕਾਂ ਦਾ ਘਾਣ ਕਰ ਰਹੀ ਹੈ। ਦੂਜੇ ਪਾਸੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੀ ਕੇਂਦਰ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਕਰਨ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਵਰਗੀਆਂ ਆਪਣੀਆਂ ਹੀ ਗਾਰੰਟੀਆਂ ਤੋਂ ਟਾਲਾ ਵੱਟ ਚੁੱਕੀ ਹੈ।
ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਹੋਰ ਵਿੱਤੀ ਅਦਾਇਗੀਆਂ ਉਪਰ ਲਗਾਈ ਰੋਕ ਤੁਰੰਤ ਹਟਾਉਣ ਦੀ ਵੀ ਮੰਗ ਕਰਦਿਆ ਮੁਲਾਜ਼ਮ ਮਾਰੂ ਨੀਤੀਆਂ ਖ਼ਿਲਾਫ਼ ਨਾਅਰੇਬਾਜੀ ਕੀਤੀ ਗਈ।