ਬਿਜਲੀ ਮੁਲਾਜ਼ਮਾਂ ਵੱਲੋਂ ਦੋ ਦਿਨ ਹੋਰ ਹੜਤਾਲ ’ਤੇ ਰਹਿਣ ਦਾ ਐਲਾਨ
ਬਿਜਲੀ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਲਈ ਕੀਤੀ ਜਾ ਰਹੀ ਹੜਤਾਲ ਦੇ ਤੀਜੇ ਦਿਨ ਤੋਂ ਬਾਅਦ ਅਗਲੇ ਦੋ ਦਿਨ ਹੋਰ ਵਧਾ ਦਿੱਤੀ ਹੈ। ਜੁਲਾਇੰਟ ਫੋਰਮ ਅਤੇ ਮੁਲਾਜ਼ਮ ਏਕਤਾ ਮੰਚ ਦੇ ਸੱਦੇ ’ਤੇ ਕੀਤੀ ਜਾ ਰਹੀ ਹੜਤਾਲ ਦੌਰਾਨ ਅੱਜ ਹਾਜੀਪੁਰ ਉੱਪ ਮੰਡਲ ਵਿਖੇ ਗੇਟ ਰੈਲੀ ਕੀਤੀ ਗਈ। ਜੁਆਇੰਟ ਫੋਰਮ ਦੇ ਵਿੱਤ ਸਕੱਤਰ ਇੰਜੀਨੀਅਰ ਲਖਵਿੰਦਰ ਸਿੰਘ, ਐਂਪਲਾਈਜ਼ ਫੈਡਰੇਸ਼ਨ ਦੇ ਸਰਕਲ ਪ੍ਰਧਾਨ ਤਰਲੋਚਨ ਸਿੰਘ ਅਤੇ ਮੰਡਲ ਪ੍ਰਧਾਨ ਜਗਦੀਸ਼ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਬਿਜਲੀ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਆਕੀ ਹੋ ਗਈ ਹੈ, ਜਿਸ ਦੇ ਚੱਲਦਿਆਂ ਸਾਂਝੇ ਥੜੇ ਵਲੋਂ ਮੁਲਾਜ਼ਮਾਂ ਨੂੰ ਅਗਲੇ ਦੋ ਦਿਨ ਹੋਰ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਤੇ ਪਾਵਰਕੌਮ ਮੈਨਜਮੈਂਟ ਮੁਲਾਜ਼ਮਾਂ ਦੀਆਂ ਮੰਗਾ ਮੰਨਣ ਦੀ ਥਾਂ ਡੰਗ ਟਪਾਈ ਕਰ ਰਹੀ ਹੈ ਅਤੇ ਮੰਗਾਂ ਮੰਨਣ ਦੇ ਝੂਠੇ ਦਿਲਾਸੇ ਦੇ ਰਹੀ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਤੇ ਪਾਵਰਕੌਮ ਮੈਨਜਮੈਂਟ ਵਲੋਂ ਮੀਟਿੰਗ ਨਾ ਦੇਣ ਦੇ ਖਿਲਾਫ਼ ਮੁਲਾਜ਼ਮ ਦੋ ਦਿਨ ਹੋਰ ਹੜਤਾਲ ’ਤੇ ਰਹਿਣਗੇ।
ਚੇਤਨਪੁਰਾ (ਪੱਤਰ ਪ੍ਰੇਰਕ): ਬਿਜਲੀ ਕਾਮਿਆਂ ਵੱਲੋਂ ਸਬ ਡਵੀਜ਼ਨ ਹਰਸ਼ਾ ਛੀਨਾ ਵਿਖੇ ਗੇਟ ਰੈਲੀ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਪਾਵਰਕਾਮ ਤੇ ਟਰਾਂਸਕੋ ਦਾ ਨਿੱਜੀਕਰਨ ਨਹੀਂ ਹੋਣ ਦਿੱਤਾ ਜਾਵੇਗਾ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਦਾ ਨਿਪਟਾਰਾ ਨਾਂ ਕੀਤਾ ਗਿਆ ਤਾਂ ਬਿਜਲੀ ਕਾਮੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੇ।
ਹੜਤਾਲ ਕਾਰਨ ਸਬ-ਡਿਵੀਜ਼ਨਾਂ ਦਾ ਕੰਮ ਪ੍ਰਭਾਵਿਤ
ਸ਼ਾਹਕੋਟ (ਪੱਤਰ ਪ੍ਰੇਰਕ): ਬਿਜਲੀ ਮੁਲਾਜ਼ਮਾਂ ਦੇ ਸਾਂਝੇ ਫਰੰਟ ਅਤੇ ਟੈਕਨੀਲ ਸਰਵਿਿਜ਼ ਯੂਨੀਅਨ ਦੀ ਅਗਵਾਈ ਵਿਚ ਸ਼ਾਹਕੋਟ, ਮਲਸੀਆਂ, ਲੋਹੀਆਂ ਖਾਸ, ਮੱਲੀਆਂ ਕਲਾਂ ਅਤੇ ਮਹਿਤਪੁਰ ਦੇ ਬਿਜਲੀ ਮੁਲਾਜ਼ਮ ਅੱਜ ਵੀ ਸਮੂਹਿਕ ਛੱਟੀ ਲੈ ਕੇ ਹੜਤਾਲ ’ਤੇ ਰਹੇ। ਦੂਜੇ ਪਾਸੇ ਬਿਜਲੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਉਕਤ ਸਬ-ਡਿਵੀਜ਼ਨਾਂ ਦਾ ਕੰਮ ਬੇਹੱਦ ਪ੍ਰਭਾਵਿਤ ਹੋ ਰਿਹਾ ਹੈ। ਸਰਕਲ ਪ੍ਰਧਾਨ ਸੰਜੀਵ ਕੁਮਾਰ ਨੇ ਦੱਸਿਆ ਕਿ ਸਰਕਲ ਦੀਆਂ ਸਮੂੰਹ ਸਬ ਡਵੀਜ਼ਨਾਂ ਦੇ ਕਲੈਰੀਕਲ ਅਤੇ ਟੈਕਨੀਕਲ ਕਾਮੇ ਹੜਤਾਲ ’ਤੇ ਹਨ। ਉਨ੍ਹਾਂ ਕਿਹਾ ਕਿ ਬਿਜਲੀ ਮੁਲਾਜ਼ਮ ਸਰਕਾਰ ਦੀਆਂ ਧਮਕੀਆਂ ਤੋਂ ਨਹੀਂ ਡਰਨਗੇ।